ਲੈਂਡ ਚੈਸਟਰ ਕੰਪਨੀ ਦੇ ਮਾਲਕ ਜੀਤੀ ਸਿੱਧੂ ’ਤੇ ਕਿਸਾਨ ਪਰਿਵਾਰ ਨੇ ਲਾਏ ਜ਼ਬਰਦਸਤੀ ਜ਼ਮੀਨ ਦੱਬਣ ਦੇ ਦੋਸ਼

ਇਨਸਾਫ਼ ਨਾ ਮਿਲਣ ਦੀ ਸੂਰਤ ਵਿਚ ਮੁੱਖ ਮੰਤਰੀ ਦੀ ਕੋਠੀ ਅੱਗੇ ਲਾਵਾਂਗੇ ਧਰਨਾ: ਕੁਲਵਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ
ਪੰਜਾਬ ਵਿੱਚ ਜੜ੍ਹ ਤੋਂ ਨਜਾਇਜ਼ ਕਬਜ਼ਿਆਂ ਨੂੰ ਖ਼ਤਮ ਕਰਨ ਦੇ ਵਾਅਦੇ ਨਾਲ ਸੱਤਾ ਵਿਚ ਆਈ ਆਮ ਆਦਮੀ ਪਾਰਟੀ (ਆਪ) ਦੀ ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਵੀ ਜ਼ਬਰਦਸਤੀ ਜ਼ਮੀਨ ਦੱਬਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅਜਿਹਾ ਹੀ ਇਕ ਮਾਮਲਾ ਪਿੰਡ ਬਾਕਰਪੁਰ ਜ਼ਿਲ੍ਹਾ ਮੁਹਾਲੀ ਦੇ ਇਕ ਕਿਸਾਨ ਪਰਿਵਾਰ ਨੇ ਉਜਾਗਰ ਕੀਤਾ ਹੈ। ਉਨ੍ਹਾਂ ਲੈਂਡਚੈਸਟਰ ਕੰਪਨੀ ਦੇ ਮਾਲਕ ਮੇਅਰ ਜੀਤੀ ਸਿੱਧੂ ’ਤੇ ਉਨ੍ਹਾਂ ਦੀ ਜ਼ਮੀਨ ਉੱਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕਰਨ ਅਤੇ ਇਨਸਾਫ਼ ਨਾ ਮਿਲਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਧਰਨਾ ਦੇਣ ਦੀ ਧਮਕੀ ਦਿੱਤੀ ਹੈ।
ਅੱਜ ਇੱਥੇ ਮੁਹਾਲੀ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੁਲਵਿੰਦਰ ਸਿੰਘ ਪੁੱਤਰ ਜੰਗ ਸਿੰਘ ਵਾਸੀ ਪਿੰਡ ਬਾਕਰਪੁਰ ਨੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਉੱਤੇ ਸਾਥੀਆਂ ਸਮੇਤ ਉਨ੍ਹਾਂ ਦੀ ਜ਼ਮੀਨ ਜ਼ਬਰਦਸਤੀ ਦੱਬਣ ਦੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਦੱਸਿਆ ਕਿ ਸਾਡੇ ਪਰਿਵਾਰ ਨੇ ਪਿੰਡ ਮਾਣਕਪੁਰ ਕਲਰ ਥਾਣਾ ਸੋਹਾਣਾ ਵਿਖੇ ਸਾਢੇ ਛੇ ਏਕੜ ਖੇਤੀਯੋਗ ਜ਼ਮੀਨ ਹਰਬਾਜ ਸਿੰਘ ਤੋਂ ਕਰੀਬ ਤਿੰਨ ਮਹੀਨੇ ਪਹਿਲਾਂ ਖਰੀਦੀ ਸੀ। ਜ਼ਮੀਨ ਦਾ ਇੰਤਕਾਲ ਵੀ ਸਾਡੇ ਨਾਮ ਉਪਰ ਹੋ ਚੁੱਕਾ ਹੈ ਅਤੇ ਇਸ ਜ਼ਮੀਨ ਉਤੇ ਸਾਡਾ ਕਬਜ਼ਾ ਹੈ। ਉਨ੍ਹਾਂ ਦਸਿਆ ਕਿ ਮੇਰਾ ਲੜਕਾ ਗੁਰਵਿੰਦਰ ਸਿੰਘ ਜੋ ਕਿ ਬੀਤੀ 30 ਮਈ 2022 ਨੂੰ ਜ਼ਮੀਨ ਦੀ ਵਾਹੀ ਕਰ ਰਿਹਾ ਸੀ ਤਾਂ ਉਸ ਮੌਕੇ ਕੁਝ ਵਿਅਕਤੀਆਂ ਨੇ ਜੋ ਖ਼ੁਦ ਨੂੰ ਲੈਂਡ ਚੈਸਟਰ ਕੰਪਨੀ ਦੇ ਮੁਲਾਜ਼ਮ ਦੱਸਦੇ ਸਨ, ਨੇ ਟਰੈਕਟਰ ਚਲਾ ਰਹੇ ਮੇਰੇ ਪੁੱਤਰ ਦੇ ਕੰਨ ਨੂੰ ਫੋਨ ਲਗਾ ਕੇ ਕਿਹਾ ਕਿ ’’ਆ ਜੀਤੀ ਸਿੱਧੂ ਨਾਲ ਗੱਲ ਕਰ।’’ ਮੇਰੇ ਬੇਟੇ ਨੂੰ ਉਸ ਸਮੇਂ ਕੁਝ ਵੀ ਪਤਾ ਨਹੀਂ ਸੀ ਕਿ ਜੀਤੀ ਸਿੱਧੂ ਕੌਣ ਹੈ ਅਤੇ ਫੋਨ ’ਤੇ ਬੋਲਣ ਵਾਲੇ ਨੇ ਕਿਹਾ ਕਿ ‘‘ਮੈਂ ਜੀਤੀ ਸਿੱਧੂ ਬੋਲ ਰਿਹਾਂ ਅਤੇ ਜੇਕਰ ਤੁਸੀਂ ਇਹ ਜ਼ਮੀਨ ਨਾ ਛੱਡੀ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਹੈ।’’
ਕਿਸਾਨ ਦੇ ਪੁੱਤ ਨੇ ਅੱਗੇ ਕਿਹਾ ਕਿ ਅਸੀਂ ਇਸ ਗੱਲ ਉਪਰ ਕੋਈ ਜ਼ਿਆਦਾ ਗੌਰ ਨਹੀਂ ਕੀਤਾ ਪਰ ਬੀਤੀ ਰਾਤ ਕਰੀਬ 7.30 ਵਜੇ ਇਕ ਵਾਰ ਫੇਰ ਉਪਰੋਕਤ ਵਿਅਕਤੀਆਂ ਨੇ ਆਪਣੇ ਸਾਥੀਆਂ ਸਮੇਤ ਸਾਡੇ ਖੇਤ ਵਿਚ ਟਰੈਕਟਰ ਲਿਆ ਕੇ ਜ਼ਮੀਨ ਉਪਰ ਕਬਜ਼ਾ ਕਰਨ ਦੀ ਮਨਸ਼ਾ ਨਾਲ ਖੇਤ ਦੀ ਵੱਟ ਵਾਹ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਉਥੇ ਝੋਨਾ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਸਾਡੀਆਂ ਵੱਟਾਂ ਤੋੜ ਦਿੱਤੀਆਂ ਜਾਂਦੀਆਂ ਹਨ ਅਤੇ ਸਾਡੀ ਨਿਸ਼ਾਨਦੇਹੀ ਵਾਲੀਆਂ ਬੁਰਜੀਆਂ ਵੀ ਪੁੱਟ ਦਿੱਤੀਆਂ ਹਨ ਅਤੇ ਇਹ ਵਰਤਾਰਾ ਤਿੰਨ ਵਾਰ ਹੋ ਚੁੱਕਿਆ ਹੈ।
ਉਹਨਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਅਸੀਂ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨਾਲ ਵੀ ਸੰਪਰਕ ਕੀਤਾ ਪਰ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਜੀਤੀ ਸਿੱਧੂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਿਹਾ। ਉਹਨਾਂ ਕਿਹਾ ਕਿ ਭਾਵੇਂ ਪੰਜਾਬ ਵਿੱਚ ਸਰਕਾਰ ਵੀ ਬਦਲ ਚੁੱਕੀ ਹੈ ਪਰ ਅਜੇ ਵੀ ਉਚ ਅਫ਼ਸਰ ਜੀਤੀ ਸਿੱਧੂ ਦੇ ਪੱਖ ਵਿਚ ਹੀ ਬੋਲ ਰਹੇ ਹਨ ਅਤੇ ਮੌਜੂਦਾ ਵਿਧਾਇਕ ਦੀ ਗੱਲ ਤੱਕ ਨਹੀਂ ਸੁਣ ਰਹੇ। ਕੁਲਵਿੰਦਰ ਸਿੰਘ ਪੁੱਤਰ ਜੰਗ ਸਿੰਘ ਵਾਸੀ ਪਿੰਡ ਬਾਕਰਪੁਰ ਨੇ ਪੁਲੀਸ ਥਾਣਾ ਵਿਖੇ ਮੁੱਖ ਅਫ਼ਸਰ ਨੂੰ ਦਰਖਾਸਤ ਦੇ ਕੇ ਮੰਗ ਕੀਤੀ ਹੈ ਕਿ ਉਪਰੋਕਤ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਸਾਡੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਸਾਡੇ ਪਰਿਵਾਰ ਦੀ ਰੱਖਿਆ ਕੀਤੀ ਜਾਵੇ ਕਿਉਂਕਿ ਉਪਰੋਕਤ ਵਿਅਕਤੀ ਆਪਣੇ ਰਾਜਸੀ ਅਸਰ ਰਸੂਖ ਨਾਲ ਧੱਕੇ ਨਾਲ ਸਾਡੀ ਜ਼ਮੀਨ ਉਪਰ ਕਬਜ਼ਾ ਕਰਨ ਲਈ ਤਤਪਰ ਹਨ ਅਤੇ ਇਹ ਵਿਅਕਤੀ ਕਿਸੇ ਵੀ ਸਮੇਂ ਸਾਡੇ ਪਰਿਵਾਰ ਨੂੰ ਜਾਨੀ ਜਾਂ ਮਾਲੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਸਮੇਂ ਉਨ੍ਹਾਂ ਨਾਲ ਪਰਦੀਪ ਸਿੰਘ ਅਤੇ ਹਰਜਿੰਦਰ ਸਿੰਘ ਬਾਕਰਪੁਰ ਵੀ ਹਾਜ਼ਰ ਸਨ।
ਉਧਰ, ਦੂਜੇ ਪਾਸੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਅਸੀਂ ਅਜਿਹਾ ਕੋਈ ਵੀ ਧੱਕਾ ਨਹੀਂ ਕੀਤਾ, ਸਗੋਂ ਇਹ ਵਿਅਕਤੀ ਖ਼ੁਦ ਸਾਡੇ ਨਾਲ ਧੱਕਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਅਸੀਂ ਮੁਹਾਲੀ ਦੇ ਐਸਐਸਪੀ ਕੋਲ ਉਪਰੋਕਤ ਦੋਸ਼ ਦਾਇਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਦਰਖਾਸਤ ਵੀ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਦੱਬਣ ਦੇ ਸਾਰੇ ਦੋਸ਼ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਹਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…