
ਮੇਅਰ ਜੀਤੀ ਸਿੱਧੂ ਨੇ ਨੇਚਰ ਪਾਰਕ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਨੇਚਰ ਪਾਰਕ ਵਿੱਚ ਲੱਗੀ ਪੁਰਾਣੀ ਜਿੰਮ ਦੀ ਹੋਵੇਗੀ ਮੁਰੰਮਤ, ਇਕ ਹੋਰ ਲੱਗੇਗੀ ਨਵੀਂ ਓਪਨ ਏਅਰ ਜਿੰਮ
ਨੇਚਰ ਪਾਰਕ ’ਚ ਸੈਰ ਕਰਨ ਆਏ ਲੋਕਾਂ ਨੇ ਮੇਅਰ ਨੂੰ ਦਿੱਤੀ ‘ਮੈਨ ਆਫ਼ ਐਕਸ਼ਨ’ ਦੀ ਉਪਾਧੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੁਲਾਈ:
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਇੱਥੋਂ ਦੇ ਫੇਜ਼-8 ਵਿੱਚ ਸਥਿਤ ਨੇਚਰ ਪਾਰਕ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਇੱਥੇ ਸੈਰ ਅਤੇ ਕਸਰਤ ਕਰ ਰਹੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਪਾਰਕ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਲੋਕਾਂ ਨੇ ਮੇਅਰ ਨੂੰ ਦੱਸਿਆ ਕਿ ਇੱਥੇ ਟਰੈਕ ਉੱਤੇ ਲਗਪਗ 250 ਫੁੱਟ ਖੇਤਰ ਵਿਚ ਪਾਣੀ ਖੜ੍ਹਾ ਹੋ ਜਾਂਦਾ ਹੈ। ਇੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਵੀ ਹੈ ਜਿਸ ਵਾਸਤੇ ਵਾਟਰ ਕੂਲਰ ਅਤੇ ਟੁੱਟੀਆਂ ਲਗਾਈਆਂ ਜਾਣੀਆਂ ਹਨ। ਲੋਕਾਂ ਨੇ ਦੱਸਿਆ ਕਿ ਇੱਥੇ ਲੰਘਦੇ ਨਾਲੇ ਦੀ ਬਦਬੂ ਵੀ ਆਉਂਦੀ ਹੈ।
ਮੇਅਰ ਨੇ ਇਨ੍ਹਾਂ ਸਮੱਸਿਆਵਾਂ ਦਾ ਫੌਰੀ ਹੱਲ ਕਰਨ ਦੀਆਂ ਹਦਾਇਤਾਂ ਦੇਣ ਦੇ ਨਾਲ ਨਾਲ ਕਿਹਾ ਕਿ ਇੱਥੇ ਲੱਗੀ ਪੁਰਾਣੀ ਜਿੰਮ ਦੀ ਮੁਰੰਮਤ ਕੀਤੀ ਜਾਵੇ ਅਤੇ ਇੱਥੇ ਇਕ ਨਵੀਂ ਜਿੰਮ ਵੀ ਲਗਾਈ ਜਾਵੇ ਤਾਂ ਜੋ ਇੱਥੇ ਆਉਣ ਵਾਲੇ ਲੋਕ ਕਸਰਤ ਕਰਨ ਅਤੇ ਆਪਣੇ ਆਪ ਨੂੰ ਫਿੱਟ ਰੱਖਣ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਦਿੱਤੀਆਂ ਕਿ ਇੱਥੇ ਹੋਰ ਨਵੇਂ ਬੈਂਚ ਲਗਾਏ ਜਾਣ ਅਤੇ ਫੁੱਲ ਬੂਟੇ ਲਗਾ ਕੇ ਇਸ ਨੇਚਰ ਪਾਰਕ ਦਾ ਸੁੰਦਰੀਕਰਨ ਕੀਤਾ ਜਾਵੇ।
ਮੇਅਰ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਇਸ ਨੇਚਰ ਪਾਰਕ ਨੂੰ ਮੁਹਾਲੀ ਦੀ ਪਛਾਣ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇ ਤਾਂ ਜੋ ਇਸ ਖੇਤਰ ਵਿੱਚ ਆਉਣ ਵਾਲੇ ਸੈਲਾਨੀ ਦੂਰੋਂ ਨੇੜਿਓਂ ਇਸ ਪਾਰਕ ਨੂੰ ਦੇਖਣ ਲਈ ਆਉਣ। ਇਥੇ ਹਾਜ਼ਰ ਲੋਕਾਂ ਨੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਫੌਰੀ ਤੌਰ ਤੇ ਸਮੱਸਿਆਵਾਂ ਦੇ ਹੱਲ ਲਈ ਕਾਰਵਾਈ ਕਰਨ ਲਈ ‘‘ਮੈਨ ਆਫ ਐਕਸ਼ਨ‘‘ ਦੀ ਉਪਾਧੀ ਦਿੱਤੀ। ਹਾਜ਼ਰ ਲੋਕਾਂ ਨੇ ਕਿਹਾ ਕਿ ਜਿਸ ਤਰ੍ਹਾਂ ਮੇਅਰ ਅਤੇ ਉਨ੍ਹਾਂ ਦੀ ਟੀਮ ਲਗਾਤਾਰ ਮੋਹਾਲੀ ਦੀਆਂ ਵੱਖ ਵੱਖ ਸਮੱਸਿਆਵਾਂ ਦੇ ਹੱਲ ਲਈ ਖ਼ੁਦ ਨਜ਼ਰਸਾਨੀ ਵਿੱਚ ਲੱਗੀ ਹੋਈ ਹੈ ਇਸ ਲਈ ਇਸ ਪੂਰੀ ਟੀਮ ਦੀ ਸ਼ਲਾਘਾ ਕਰਨੀ ਬਣਦੀ ਹੈ।
ਇਸ ਮੌਕੇ ਕੌਂਸਲਰ ਨਮਰਤਾ ਸਿੰਘ ਢਿੱਲੋਂ, ਨਗਰ ਨਿਗਮ ਦੇ ਐਸਈ ਸੰਜੇ ਕੰਵਰ, ਐਕਸੀਅਨ ਕਮਲਦੀਪ ਸਿੰਘ, ਐੱਸਡੀਓ ਸੁਨੀਲ ਕੁਮਾਰ, ਨੇਚਰ ਪਾਰਕ ਐਸੋਸੀਏਸ਼ਨ ਫੇਜ਼-8 ਦੇ ਚੇਅਰਮੈਨ ਇੰਦਰਜੀਤ ਸਿੰਘ ਢਿੱਲੋਂ, ਪ੍ਰਧਾਨ ਜਗਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ, ਮੀਤ ਪ੍ਰਧਾਨ ਅਵਤਾਰ ਸਿੰਘ, ਜਨਰਲ ਸਕੱਤਰ ਟੀ.ਆਰ. ਪਾਲ, ਨਗਿੰਦਰ ਸਿੰਘ, ਮੇਜਰ ਸਿੰਘ, ਅਮਰੀਕ ਸਿੰਘ ਹਾਜ਼ਰ ਸਨ।