
ਮੁਹਾਲੀ ਵਿੱਚ ‘ਜਵੱਟ ਐਨ ਆਈਡੀਆ-ਸਟਾਰਟਅੱਪ ਚੈਲੇਂਜ’ ਸ਼ੁਰੂ
ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨਾ ਪ੍ਰੋਗਰਾਮ ਦਾ ਮੰਤਵ, ਨੌਜਵਾਨਾਂ ਨੂੰ ਲਾਹਾ ਲੈਣ ਦੀ ਅਪੀਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜਨਵਰੀ:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਸਹਿਯੋਗ ਨਾਲ ‘ਵੱਟ ਐਨ ਆਈਡੀਆ-ਸਟਾਰਟਅੱਪ ਚੈਲੇਂਜ’ ਮੁਹਾਲੀ ਜ਼ਿਲ੍ਹੇ ਵਿੱਚ ਸ਼ੁਰੂ ਕੀਤਾ ਗਿਆ ਹੈ। ਜਿਸ ਦਾ ਮੁੱਲ ਉਦੇਸ਼ ਨਵੇਂ ਉੱਦਮੀਆਂ/ਨੌਜਵਾਨਾਂ ਨੂੰ ਇੱਕ ਪਲੇਟਫ਼ਾਰਮ ਪ੍ਰਦਾਨ ਕਰਕੇ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨਾ ਹੈ। ਇਹ ਜਾਣਕਾਰੀ ਅੱਜ ਇੱਥੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਇੱਕ ਸਮਾਰੋਹ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ
ਇਸ ਨਾਲ ਨੌਜਵਾਨਾਂ ਨੂੰ ਆਪਣਾ ਬਿਜ਼ਨਸ ਪ੍ਰਾਜੈਕਟ ਸ਼ੁਰੂ ਕਰਨ ਲਈ ਮਾਹਰਾਂ ਵੱਲੋਂ ਉਚਿੱਤ ਸਲਾਹ ਅਤੇ ਲੋੜੀਂਦੀ ਸਹਾਇਤਾ ਦਿੱਤੀ ਜਾਵੇਗੀ। ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਨਕਿਊਬੇਸ਼ਨ ਸੈਂਟਰਾਂ ਵਿੱਚ ਵੱਖ-ਵੱਖ ਸੈਕਟਰਾਂ ਤਹਿਤ ਉੱਭਰਦੇ ਉੱਦਮੀਆਂ ਲਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਜਿਸ ਦਾ ਲਾਹਾ ਲੈ ਕੇ ਨਵੇਂ-ਨਵੇਂ ਸਟਾਰਟਅੱਪ ਆਈਡੀਆਜ਼/ਯੋਜਨਾਵਾਂ ਨੂੰ ਕਾਰਜਸ਼ੀਲ ਬਣਾਇਆ ਜਾਂਦਾ ਹੈ। ਇਸ ਚੈਲੇਂਜ ਵਿੱਚ ਹਿੱਸਾ ਲੈਣ ਅਤੇ ਚੁਣੇ ਜਾਣ ਵਾਲੇ ਪ੍ਰਾਰਥੀਆਂ ਨੂੰ ਆਪਣਾ ਸਟਾਰਟਅੱਪ ਸ਼ੁਰੂ ਕਰਨ ਲਈ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੋ ਸ਼੍ਰੇਣੀਆਂ ਜਿਨ੍ਹਾਂ ਵਿੱਚ ਵਿਦਿਆਰਥੀਆਂ ਦੀ ਸ਼੍ਰੇਣੀ ਅਤੇ ਓਪਨ ਸ਼੍ਰੇਣੀ ਸ਼ਾਮਲ ਹਨ, ਅਧੀਨ 14 ਸੈਕਟਰਾਂ ਵਿੱਚ ਪ੍ਰਾਰਥੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਅਪੀਲ ਕੀਤੀ ਕਿ ਚਾਹਵਾਨ ਵਿਅਕਤੀ ਆਪਣੀ ਅਰਜ਼ੀਆਂ https://bit.ly/What1n9deaMohali ਉੱਤੇ ਦਾਇਰ ਕਰ ਸਕਦੇ ਹਨ। ਇਸ ਮੰਤਵ ਲਈ ਕਿਊਆਰ ਕੋਡ ਵੀ ਵੱਖਰੇ ਤੌਰ ’ਤੇ ਜਾਰੀ ਕੀਤਾ ਗਿਆ ਹੈ। ਇਹ ਪ੍ਰੋਗਰਾਮ ‘ਇਨੋਵੇਟਿਵ ਮਿਸ਼ਨ’ ਪੰਜਾਬ ਅਤੇ ਸਟਾਰਟਅੱਪ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ।
ਇਸ ਮੌਕੇ ਏਡੀਸੀ ਵਿਕਾਸ) ਅਵਨੀਤ ਕੌਰ, ਡੀਬੀਈਈ ਇੰਚਾਰਜ ਮੀਨਾਕਸ਼ੀ ਗੋਇਲ, ਸੋਮਵੀਰ ਆਨੰਦ, ਸੁਪਰੀਆ ਮਲਹੋਤਰਾ, ਅਜੇ ਸ੍ਰੀਵਾਸਤਵਾ (ਐਸਟੀਪੀਆਈ), ਅਲੋਕ ਗੋਇਲ, ਅੰਸ਼ਿਕਾ ਬਾਂਸਲ (ਆਈਸਰ), ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਤੋਂ ਡਾ. ਦੀਪਕ ਕਪੂਰ, ਸੀਜੀਸੀ ਕਾਲਜ ਲਾਂਡਰਾਂ ਤੋਂ ਕਰਨਜੀਤ ਚੌਧਰੀ ਅਤੇ ਉੱਘੇ ਇਨਕਿਊਬੇਸ਼ਨ ਸੈਂਟਰਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਲਈ ਟਾਇਨੋਰ ਓਰਥੌਟਿਕਸ, ਜਲ ਜੋਆਏ ਇੰਟਰਪ੍ਰਾਈਜਿਜ਼ ਅਤੇ ਚੀਮਾ ਬਾਇਲਰਜ ਵੱਲੋਂ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ।