
ਝੂਲਾ ਹਾਦਸਾ: ਮੁਹਾਲੀ ਪੁਲੀਸ ਵੱਲੋਂ ਮੇਲਾ ਪ੍ਰਬੰਧਕ ਸਮੇਤ 3 ਵਿਅਕਤੀ ਗ੍ਰਿਫ਼ਤਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਸਤੰਬਰ:
ਇੱਥੋਂ ਦੇ ਫੇਜ਼-8 ਵਿੱਚ ਮਹੀਨੇ ਭਰ ਤੋਂ ਚੱਲ ਰਹੇ ਟਰੇਡ ਫੇਅਰ ਅਤੇ ਡਾਇਨਾਸੌਰ ਪਾਰਕ ਜਿੱਥੇ ਐਤਵਾਰ ਰਾਤ ਨੂੰ ਅਚਾਨਕ ਝੂਲਾ ਟੁੱਟਣ ਕਾਰਨ ਵਾਪਰੇ ਹਾਦਸੇ ਸਬੰਧੀ ਮੁਹਾਲੀ ਪੁਲੀਸ ਨੇ ਮੇਲਾ ਪ੍ਰਬੰਧਕ ਮੁਕੇਸ਼ ਸ਼ਰਮਾ, ਝੂਲਾ ਦੇ ਮਾਲਕ ਗੌਰਵ ਕੁਮਾਰ ਅਤੇ ਝੂਲੇ ਦੇ ਅਪਰੇਟਰ ਆਰਿਫ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਗੱਲ ਦੀ ਪੁਸ਼ਟੀ ਅੱਜ ਦੇਰ ਸ਼ਾਮ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਾਜੇਸ਼ ਅਰੋੜਾ ਨੇ ਕੀਤੀ। ਪੁਲੀਸ ਨੇ ਮੁੱਢਲੀ ਜਾਂਚ ਤੋਂ ਬਾਅਦ ਮੇਲਾ ਪ੍ਰਬੰਧਕ ਅਤੇ ਹੋਰਨਾਂ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 287, 336, 337, 341 ਅਤੇ 323 ਅਧੀਨ ਪਰਚਾ ਦਰਜ ਕੀਤਾ ਗਿਆ ਸੀ। ਹਾਦਸੇ ਤੋਂ ਬਾਅਦ ਮੇਲੇ ਦੇ ਪ੍ਰਬੰਧਕ ਤੇ ਬਾਕੀ ਜ਼ਿੰਮੇਵਾਰ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਸਨ। ਜਿਨ੍ਹਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ।
ਜਾਣਕਾਰੀ ਅਨੁਸਾਰ ਮੇਲੇ ਦੌਰਾਨ ਝੂਲੇ ਦੀ ਹਾਈਡ੍ਰੋਲਿਕ ਤਾਰ ਟੁੱਟ ਜਾਣ ਕਾਰਨ ਇਹ ਝੂਲਾ ਕਰੀਬ 50 ਫੁੱਟ ਉਚਾਈ ਤੋਂ ਥੱਲੇ ਆ ਕੇ ਡਿੱਗ ਗਿਆ ਸੀ। ਜਿਸ ਕਾਰਨ ਕਰੀਬ 30 ਵਿਅਕਤੀ ਜਿਨ੍ਹਾਂ ਵਿੱਚ ਅੌਰਤਾਂ ਅਤੇ ਬੱਚੇ ਸ਼ਾਮਲ ਹਨ, ਜ਼ਖ਼ਮੀ ਹੋ ਗਏ ਸੀ। ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲੀਸ ਨੇ ਮੇਲਾ ਪ੍ਰਬੰਧਕਾਂ ਦਾ ਕਾਫ਼ੀ ਸਮਾਜ ਜ਼ਬਤ ਕਰ ਲਿਆ ਹੈ। ਜਿਸ ਨੂੰ ਕੇਸ ਦੀ ਪ੍ਰਾਪਰਟੀ ਬਣਾਇਆ ਜਾਵੇਗਾ।
ਜਾਣਕਾਰੀ ਅਨੁਸਾਰ ਮੇਲੇ ਦੀ ਆਯੋਜਕ ਮੁਕੇਸ਼ ਐਂਡ ਕੰਪਨੀ ਰਾਜਸਥਾਨ ਦੇ ਜੈਪੁਰ ਸ਼ਹਿਰ ਨਾਲ ਸਬੰਧਤ ਹੈ। ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੀਤੀ 29 ਜੁਲਾਈ ਨੂੰ ਦਸਹਿਰਾ ਮੈਦਾਨ ਫੇਜ਼-8 ਵਿੱਚ 6 ਅਗਸਤ ਤੋਂ 5 ਸਤੰਬਰ ਤੱਕ ਮੇਲਾ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸਐਸਪੀ, ਨਗਰ ਨਿਗਮ ਦੇ ਕਮਿਸ਼ਨਰ, ਐਸਡੀਐਮ, ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ, ਗਮਾਡਾ, ਸਿਵਲ ਸਰਜਨ ਅਤੇ ਫਾਇਰ ਬ੍ਰਿਗੇਡ ਤੋਂ ਰਿਪੋਰਟਾਂ ਹਾਸਲ ਕੀਤੇ ਜਾਣ ਤੋਂ ਬਾਅਦ ਜਾਰੀ ਕੀਤੀ ਗਈ ਸੀ ਅਤੇ ਇਨ੍ਹਾਂ ਸਾਰੇ ਵਿਭਾਗਾਂ ਵੱਲੋਂ ਐਨਓਸੀ ਦੇਣ ਮਗਰੋਂ ਹੀ ਮੇਲਾ ਲੱਗਿਆ ਸੀ। ਮੇਲੇ ਦੇ ਪ੍ਰਬੰਧਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਨਜ਼ੂਰੀ ਤਾਂ ਹਾਸਲ ਕਰ ਲਈ ਸੀ ਪ੍ਰੰਤੂ ਮੇਲੇ ਦੌਰਾਨ ਨਿਯਮਾਂ ਦੀ ਉਲੰਘਣਾ ਕਰਕੇ ਕੰਮ ਕੀਤਾ ਜਾ ਰਿਹਾ ਸੀ।