
ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਸਾਂਝੇ ਯਤਨਾਂ ਦੀ ਲੋੜ: ਰਾਣਾ ਗੁਰਜੀਤ ਸਿੰਘ
ਸੂਖਮ ਸਿੰਚਾਈ ਯੋਜਨਾ ਦੇ ਲਾਗੂ ਕਰਨ ਲਈ tupkasinchayee.punjab.gov.in ਪੋਰਟਲ ਲਾਂਚ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਕਤੂਬਰ:
ਧਰਤੀ ਹੇਠਲੇ ਪਾਣੀ ਦੀ ਸੰਭਾਲ ਦੀ ਦਿਸ਼ਾ ਵਿੱਚ ਇੱਕ ਵੱਡੇ ਕਦਮ ਵਜੋਂ ਪੰਜਾਬ ਦੇ ਭੂਮੀ ਅਤੇ ਜਲ ਸੰਭਾਲ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸੂਬੇ ਵਿੱਚ ਸੂਖਮ ਸਿੰਚਾਈ ਯੋਜਨਾ ਦੇ ਲਾਗੂ ਕਰਨ ਲਈ ‘tupkasinchayee.punjab.gov.in’ ਪੋਰਟਲ ਲਾਂਚ ਕੀਤਾ ਗਿਆ। ਅੱਜ ਇੱਥੇ ਫੇਜ਼-6 ਸਥਿਤ ਭੂਮੀ ਸੰਭਾਲ ਕੰਪਲੈਕਸ ਵਿਖੇ ਸੂਬਾ ਪੱਧਰੀ ਸਮਾਗਮ ਵਿੱਚ ਆਨਲਾਈਨ ਪਲੇਟਫ਼ਾਰਮ ਦੀ ਸ਼ੁਰੂਆਤ ਕਰਦਿਆਂ ਰਾਣਾ ਗੁਰਜੀਤ ਨੇ ਕਿਹਾ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਹ ਯੋਜਨਾ ਕਿਸਾਨਾਂ ਨੂੰ ਬੇਹੱਦ ਲਾਭ ਪਹੁੰਚਾਏਗੀ ਅਤੇ ਖੇਤੀਬਾੜੀ ਨੂੰ ਆਰਥਿਕ ਅਤੇ ਵਾਤਾਵਰਨ ਪੱਖੋਂ ਟਿਕਾਊ ਬਣਾਉਣ ਵੱਲ ਵੱਡਾ ਕਦਮ ਸਾਬਤ ਹੋਵੇਗੀ।
ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਸਹੂਲਤ ਮੁਤਾਬਕ ਸੂਖਮ ਸਿੰਚਾਈ ਪ੍ਰਣਾਲੀਆਂ ਲਈ ਅਪਲਾਈ ਕਰਨ ਦਾ ਵਿਕਲਪ ਮਿਲੇਗਾ ਅਤੇ ਪਾਰਦਰਸ਼ਤਾ ਵੀ ਵਧੇਗੀ ਕਿਉਂਕਿ ਕਿਸਾਨ ਆਪਣੀ ਅਰਜ਼ੀ ਦੀ ਸਥਿਤੀ ਦੀ ਰੀਅਲ ਟਾਈਮ ਮੌਨੀਟਰਿੰਗ ਕਰ ਸਕਣਗੇ। ਉਨ੍ਹਾਂ ਨੇ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੀ ਵਿਗੜਦੀ ਸਥਿਤੀ ਦੇ ਸੰਦਰਭ ਵਿੱਚ ਪਾਣੀ ਦੇ ਸਰੋਤਾਂ ਦੀ ਸੰਭਾਲ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ। ਸੂਖਮ ਸਿੰਚਾਈ ਯੋਜਨਾ ਵਿੱਚ ਸਿੰਜਾਈ ਦੀ ਤੁਪਕਾ ਅਤੇ ਫੁਹਾਰਾ ਪ੍ਰਣਾਲੀ ਦੀ ਸਥਾਪਨਾ ਸ਼ਾਮਲ ਹੈ।
ਮੰਤਰੀ ਨੇ ਕਿਹਾ ਕਿ ਪੰਜਾਬ ਸਧਾਰਨ ਸ਼੍ਰੇਣੀ ਦੇ ਕਿਸਾਨਾਂ ਨੂੰ 80 ਫੀਸਦੀ ਅਤੇ ਅਨੁਸੂਚਿਤ ਜਾਤੀ/ਜਨਜਾਤੀ, ਅੌਰਤਾਂ ਅਤੇ ਛੋਟੇ/ਸੀਮਾਂਤ ਸ਼੍ਰੇਣੀ ਦੇ ਕਿਸਾਨਾਂ ਨੂੰ 90 ਫੀਸਦੀ ਸਬਸਿਡੀ ਮੁਹੱਈਆ ਕਰਵਾ ਰਿਹਾ ਹੈ, ਜੋ ਕਿ ਦੇਸ਼ ਭਰ ਵਿੱਚ ਦਿੱਤੀ ਜਾ ਰਹੀ ਸਭ ਤੋਂ ਵੱਧ ਸਬਸਿਡੀ ਦੀ ਪ੍ਰਤੀਸ਼ਤਤਾ ’ਚੋਂ ਇੱਕ ਹੈ। ਹਾਲਾਂਕਿ ਸਬਸਿਡੀ ਵਿੱਚ ਕੇਂਦਰ ਦੀ ਹਿੱਸੇਦਾਰੀ ਕਈ ਸਾਲਾਂ ਤੋਂ ਘੱਟ ਰਹੀ ਹੈ ਪਰ ਰਾਜ ਆਪਣੇ ਸਰੋਤਾਂ ਤੋਂ ਇਹ ਸਬਸਿਡੀ ਮੁਹੱਈਆ ਕਰਵਾ ਰਿਹਾ ਹੈ। ਧਰਤੀ ਹੇਠਲੇ ਪਾਣੀ ਦੇ ਅਧਿਐਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਧਰਤੀ ਹੇਠਲੇ ਪਾਣੀ ਦੀ ਮੌਜੂਦਾ ਨਿਕਾਸੀ ਦਰ ਜਾਰੀ ਰਹੀ ਤਾਂ ਪੰਜਾਬ 1000 ਫੁੱਟ ਤੱਕ ਜ਼ਮੀਨੀ ਪਾਣੀ ਤੋਂ ਵਾਂਝਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿੱਚ ਜਲ ਸਰੋਤਾਂ ਦੀ ਸਭ ਤੋਂ ਵੱਡੀ ਖਪਤ ਹੁੰਦੀ ਹੈ, ਇਸ ਲਈ ਰਿਪੋਰਟ ਵਿੱਚ ਸਿੰਚਾਈ ਖੇਤਰ ਵਿੱਚ ਕੁਸ਼ਲਤਾ ਵਧਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਟੈਕਨਾਲੋਜੀ ਦਾ ਲਾਭ ਲੈ ਕੇ ਅਜਿਹੀਆਂ ਨਵੀਆਂ ਕਾਢਾਂ ਵਿਕਸਤ ਕਰਨ ਦਾ ਸੱਦਾ ਦਿੱਤਾ ਕਿਉਂਕਿ ਸਮਾਰਟ ਖੇਤੀ ਹੀ ਅੰਨਦਾਤਾ ਦਾ ਭਵਿੱਖ ਹੈ।
ਇਸ ਤੋਂ ਪਹਿਲਾਂ ਵਧੀਕ ਮੁੱਖ ਸਕੱਤਰ ਸ੍ਰੀਮਤੀ ਸੀਮਾ ਜੈਨ ਨੇ ਕਿਹਾ ਕਿ ਸੂਖਮ ਸਿੰਚਾਈ ਆਨਲਾਈਨ ਪੋਰਟਲ ਲਾਂਚ ਹੋਣ ਨਾਲ ਕਿਸਾਨਾਂ ਨੂੰ ਉਨ੍ਹਾਂ ਦੇ ਕੇਸਾਂ ਲਈ ਅਪਲਾਈ ਕਰਨ ਅਤੇ ਕਾਰਵਾਈ ਕਰਨ ਵਿੱਚ ਅਸਾਨੀ ਹੋਵੇਗੀ। ਪਾਣੀ ਦੇ ਵਧ ਰਹੇ ਸੰਕਟ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਵਿਭਾਗ ਦਾ ਮੁੱਖ ਧਿਆਨ ਭੂਮੀਗਤ ਪਾਈਪਲਾਈਨਾਂ ਅਤੇ ਸੂਖਮ ਸਿੰਚਾਈ ਰਾਹੀਂ ਖੇਤੀਬਾੜੀ ਸੈਕਟਰ ਵਿੱਚ ਪਾਣੀ ਦੀ ਸੰਭਾਲ ਦੇ ਪ੍ਰੋਗਰਾਮਾਂ ਤੋਂ ਇਲਾਵਾ ਖੇਤੀਬਾੜੀ ਵਿੱਚ ਵਰਤੋਂ ਲਈ ਸੀਵਰੇਜ ਪਲਾਂਟਾਂ ਤੋਂ ਸੋਧੇ ਹੋਏ ਪਾਣੀ ਦੇ ਸਰੋਤਾਂ ਨੂੰ ਵਿਕਸਤ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਮੁੱਖ ਭੂਮੀਪਾਲ ਰਾਜੇਸ਼ ਵਸ਼ਿਸ਼ਟ ਨੇ ਦੱਸਿਆ ਕਿ ਹੁਣ ਕਿਸਾਨ ਆਪਣੇ ਫੋਨ ਜਾਂ ਕੰਪਿਊਟਰ ਤੋਂ ਸੂਖਮ ਸਿੰਚਾਈ ਲਈ ਅਪਲਾਈ ਕਰ ਸਕਦਾ ਹੈ। ਉਸ ਨੂੰ ਸਿਰਫ਼ ਬੁਨਿਆਦੀ ਦਸਤਾਵੇਜ਼ਾਂ ਜਿਵੇਂ ਕਿ ਪਛਾਣ, ਪਤਾ ਅਤੇ ਭੂਮੀ ਰਿਕਾਰਡ ਪ੍ਰਮਾਣ ਦੀ ਲੋੜ ਹੋਵੇਗੀ।