Nabaz-e-punjab.com

ਪੁਲੀਸ ਪਬਲਿਕ ਮੀਟਿੰਗ ਵਿੱਚ ਸਟਰੀਟ ਕ੍ਰਾਈਮ ਨੂੰ ਠੱਲ੍ਹ ਪਾਉਣ ਲਈ ਸਾਂਝੇ ਯਤਨਾਂ ਦੀ ਲੋੜ

ਟਰੈਫ਼ਿਕ ਨਿਯਮਾਂ ਦੀ ਪਾਲਣਾ ਸਬੰਧੀ ਵਿਦਿਆਰਥੀਆਂ ਨੂੰ ਪ੍ਰਾਰਥਨਾ ਸਭਾ ’ਚ ਜਾਗਰੂਕਤਾ ਦਾ ਪਾਠ ਪੜ੍ਹਾਇਆ ਜਾਵੇ: ਗੋਟਿਆਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਾਰਚ:
ਇੱਥੋਂ ਦੇ ਫੇਜ਼-7 ਵਿੱਚ ਸਥਿਤ ਪੰਜਾਬ ਪੁਲੀਸ ਦੇ ਐਨਆਰਆਈ ਵਿੰਗ ਵਿੱਚ ਹੋਈ ਪੁਲੀਸ ਪਬਲਿਕ ਮੀਟਿੰਗ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਟਰੈਫ਼ਿਕ ਨਿਯਮਾਂ ਦੀ ਪਾਲਣਾ ਅਤੇ ਸ਼ਹਿਰ ਵਿੱਚ ਸਟਰੀਟ ਕ੍ਰਾਈਮ ਨੂੰ ਨੱਥ ਪਾਉਣ ’ਤੇ ਚਰਚਾ ਕਰਦਿਆਂ ਮੁਹਾਲੀ ਨੂੰ ਅਪਰਾਧ ਮੁਕਤ ਬਣਾਉਣ ਲਈ ਸਾਂਝੀ ਲੜਨ ’ਤੇ ਜ਼ੋਰ ਦਿੱਤਾ। ਇਸ ਮੌਕੇ ਮੁਹਾਲੀ ਦੀ ਏਐਸਪੀ (ਸਿਟੀ-1) ਮੈਡਮ ਅਸ਼ਵਨੀ ਗੋਟਿਆਲ ਨੇ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਟਰੈਫ਼ਿਕ ਨਿਯਮਾਂ ਦੀ ਪਾਲਣਾ ਸਬੰਧੀ ਸਵੇਰ ਦੀ ਪ੍ਰਾਰਥਨਾ ਸਭਾ ਜਾਗਰੂਕਤਾ ਦਾ ਪਾਠ ਪੜ੍ਹਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮਾਪੇ ਆਪਣੇ ਬੱਚਿਆਂ ਨੂੰ ਘਰ ਤੋਂ ਹੀ ਟਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦੇਣ ਤਾਂ ਰੋਜ਼ਾਨਾ ਵਾਪਰ ਰਹੇ ਸੜਕ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ।
ਮੈਡਮ ਅਸ਼ਵਨੀ ਗੋਟਿਆਲ ਨੇ ਸ਼ਹਿਰ ਦੇ ਸਮੂਹ ਕੌਂਸਲਰ ਅਤੇ ਹੋਰ ਮੋਹਤਵਰ ਵਿਅਕਤੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਚੋਰੀਆਂ ਦਾ ਰੁਝਾਨ ਦਿਨੋ ਦਿਨ ਵੱਧ ਰਿਹਾ ਹੈ। ਇਸ ਲਈ ਸ਼ਹਿਰ ਵਾਸੀਆਂ ਨੂੰ ਆਪਣੀ ਹੈਸੀਅਤ ਮੁਤਾਬਕ ਆਪਣੇ ਘਰਾਂ ਦੇ ਬਾਹਰ ਸੀਸੀਟੀਵੀ ਕੈਮਰੇ ਲਗਾਉਣੇ ਚਾਹੀਦੇ ਹਨ ਅਤੇ ਇਨ੍ਹਾਂ ਕੈਮਰਿਆਂ ’ਚੋਂ 1 ਕੈਮਰੇ ਦੀ ਦਿਸ਼ਾ ਸੜਕ ਵਾਲੇ ਪਾਸੇ ਹੋਣੀ ਚਾਹੀਦੀ ਹੈ ਤਾਂ ਜੋ ਅਪਰਾਧਿਕ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋਣ ਵਾਲੇ ਸ਼ਰਾਰਤੀ ਅਨਸਰਾਂ ਦੀ ਸ਼ਨਾਖ਼ਤ ਹੋ ਜਾ ਸਕੇ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਰਹਿੰਦੇ ਅਜਿਹੇ ਸੀਨੀਅਰ ਸਿਟੀਜ਼ਨ ਦੀਆਂ ਮੁਸ਼ਕਲਾਂ ਦੇ ਸਥਾਈ ਹੱਲ ਕਰਨ ਲਈ ਇੱਕ ਸੂਚੀ ਤਿਆਰ ਕੀਤੀ ਜਾਵੇ, ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਜਾਂ ਹੋਰਨਾਂ ਸੂਬਿਆਂ ਵਿੱਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਅਪਰਾਧੀ ਕਿਸਮ ਦੇ ਵਿਅਕਤੀ ਆਪਣੇ ਘਰਾਂ ਵਿੱਚ ਇਕੱਲੇ ਰਹਿੰਦੇ ਸੀਨੀਅਰ ਸਿਟੀਜ਼ਨ ਦੀ ਰੈਕੀ ਕਰਨ ਉਪਰੰਤ ਵਾਰਦਾਤ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਿਰਾਏਦਾਰ, ਨੌਕਰ ਜਾਂ ਵਪਾਰਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਵੈਰੀਵਿਕੇਸ਼ਨ ਲਾਜ਼ਮੀ ਕਰਵਾਉਣ ਤਾਂ ਜੋ ਸ਼ਰਾਰਤੀ ਅਨਸਰਾਂ ਬਾਰੇ ਪਤਾ ਚੱਲ ਸਕੇ।
ਇਸ ਮੌਕੇ ਥਾਣਾ ਫੇਜ਼-1 ਦੇ ਐਸਐਚਓ ਸੁਲੇਖ ਚੰਦ, ਆਰਪੀ ਸ਼ਰਮਾ, ਗੁਰਮੀਤ ਕੌਰ, ਅਸ਼ੋਕ ਝਾਅ, ਬੀ.ਬੀ. ਮੈਣੀ, ਗੁਰਮੁੱਖ ਸਿੰਘ ਸੋਹਲ, ਫੂਲਰਾਜ ਸਿੰਘ (ਸਾਰੇ ਕੌਂਸਲਰ), ਸਮਾਜ ਸੇਵੀ ਹਰਬਿੰਦਰ ਸਿੰਘ, ਜਸਪਾਲ ਸਿੰਘ ਮਟੌਰ, ਐਨ.ਐਸ. ਕਲਸੀ, ਵਿਜੇ ਪਾਲ, ਪ੍ਰੀਤਮ ਸਿੰਘ ਅਤੇ ਗੁਰੂ ਨਾਨਕ ਮਾਰਕੀਟ ਫੇਜ਼-1 ਦੇ ਪ੍ਰਧਾਨ ਰਿੰਕੂ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੇਅ-ਪੈਰਿਟੀ ਬਹਾਲੀ ਮਾਮਲੇ ’ਤੇ ਵੈਟਰਨਰੀ ਡਾਕਟਰਾਂ ਨੇ ਕੀਤੀ ਸੂਬਾ ਪੱਧਰੀ ਮੀਟਿੰਗ

ਪੇਅ-ਪੈਰਿਟੀ ਬਹਾਲੀ ਮਾਮਲੇ ’ਤੇ ਵੈਟਰਨਰੀ ਡਾਕਟਰਾਂ ਨੇ ਕੀਤੀ ਸੂਬਾ ਪੱਧਰੀ ਮੀਟਿੰਗ ਜ਼ਿਲ੍ਹਾ ਪੱਧਰ ਕਨਵੈਨਸ਼ਨਾਂ…