
ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਲੜੀਵਾਰ ਭੁੱਖ-ਹੜਤਾਲ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਸਤੰਬਰ:
ਪੰਜਾਬ ਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਸਿੱਖਿਆ ਬੋਰਡ ਦੇ ਬਾਹਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਸਾਂਝਾ ਮੁਲਾਜ਼ਮ ਫਰੰਟ ਦੇ ਕਨਵੀਨਰ ਸੱਜਣ ਸਿੰਘ, ਪੈਨਸ਼ਨਰਜ਼ ਆਗੂ ਕਰਮ ਸਿੰਘ ਧਨੋਆ, ਜ਼ਿਲ੍ਹਾ ਕਨਵੀਨਰ ਗੁਰਵਿੰਦਰ ਸਿੰਘ ਖਮਾਣੋਂ ਦੀ ਅਗਵਾਈ ਵਿੱਚ ਸੋਮਵਾਰ ਨੂੰ ਛੇਵੇਂ ਦਿਨ ਵਿੱਚ ਦਾਖ਼ਲ ਹੋ ਗਈ। ਅੱਜ ਮੁਲਾਜ਼ਮ ਸਾਥੀ ਬਲਬੀਰ ਸਿੰਘ ਧਾਨੀਆ, ਸੁਰਿੰਦਰ ਸਿੰਘ ਜੰਡਪੁਰ, ਬਾਬੂ ਸਿੰਘ ਪਮੌਰ ਜਨਰਲ ਸਕੱਤਰ, ਰਾਜਿੰਦਰ ਸਿੰਘ, ਹਰਿੰਦਰ ਸਿੰਘ, ਗਿਆਨ ਸਿੰਘ ਖਰੜ, ਗਿਆਨ ਸਿੰਘ ਬਡਹੇੜੀ, ਪੈਨਸ਼ਨਰ ਐਸੋਸੀਏਸ਼ਨ, ਗੁਰਪ੍ਰੀਤ ਸਿੰਘ ਬਾਠ, ਅਮਰੀਕ ਸਿੰਘ ਚੱਕਲ, ਹਰਜੀਤ ਸਿੰਘ ਸੱਗੂ, ਰਵਿੰਦਰ ਸਿੰਘ ਪੱਪੀ, ਜੀਟੀਯੂ ਦੇ ਪ੍ਰਧਾਨ ਸੁਰਜੀਤ ਸਿੰਘ ਭੁੱਖ-ਹੜਤਾਲ ’ਤੇ ਬੈਠੇ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪਿਛਲੇ ਕਾਫ਼ੀ ਸਮੇਂ ਤੋਂ ਲਟਕ ਰਹੀਆਂ ਜਾਇਜ਼ ਮੰਗਾਂ ਜਿਵੇਂ ਵੱਖ-ਵੱਖ ਵਿਭਾਗਾਂ ਵਿੱਚ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, 1 ਜਨਵਰੀ 2016 ਤੋਂ ਮਿਲਣਯੋਗ ਤਨਖ਼ਾਹ ਕਮਿਸ਼ਨ ਰਿਲੀਜ਼ ਕਰਕੇ ਲਾਗੂ ਕੀਤੀ ਜਾਵੇ। ਡੀਏ ਬਕਾਇਆ ਕਿਸ਼ਤਾਂ ਦਿੱਤੀਆਂ ਜਾਣ, 1 ਜਨਵਰੀ 2004 ਤੋਂ ਬਾਅਦ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਸਾਲਾਨਾ 2400 ਰੁਪਏ ਦੀ ਨਾਜਾਇਜ਼ ਕਟੌਤੀ ਬੰਦ ਕੀਤੀ ਜਾਵੇ। ਪੰਜਾਬ ਦੇ ਮੁਲਾਜ਼ਮਾਂ ’ਤੇ ਕੇਂਦਰੀ ਤਨਖ਼ਾਹ-ਕਮਿਸ਼ਨ ਕਾਨੂੰਨ ਲਾਗੂ ਕਰਨ ਦੀਆਂ ਤਜਵੀਜ਼ਾਂ ਤੁਰੰਤ ਰੱਦ ਕੀਤੀਆਂ ਜਾਣ। ਇਸ ਮੌਕੇ ਕਰਮ ਸਿੰਘ ਧਨੋਆ, ਗੁਰਬਿੰਦਰ ਸਿੰਘ ਖਮਾਣੋਂ, ਡਾ. ਹਜ਼ਾਰਾ ਸਿੰਘ ਚੀਮਾ, ਰਾਮ ਕਿਸ਼ਨ ਧੁਨਕੀਆ, ਬਲਬੀਰ ਸਿੰਘ ਸੈਣੀ ਹਾਜ਼ਰ ਸਨ। ਇਨ੍ਹਾਂ ਆਗੂਆਂ ਨੇ ਦੱਸਿਆ ਕਿ 30 ਸਤੰਬਰ ਤੱਕ ਭੁੱਖ ਹੜਤਾਲ ਜਾਰੀ ਰਹੇਗੀ। ਜੇਕਰ ਇਸ ਦੌਰਾਨ ਸਰਕਾਰ ਨੇ ਉਕਤ ਮੰਗਾਂ ਪ੍ਰਵਾਨ ਨਾ ਕੀਤੀ ਤਾਂ 19 ਅਕਤੂਬਰ ਤੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ।