ਸਾਂਝਾ ਅਧਿਆਪਕ ਮੋਰਚਾ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ

ਸਿੱਖਿਆ ਸਕੱਤਰ ’ਤੇ ਲਗਾਇਆ ਝੂਠੇ ਅੰਕੜੇ ਪੇਸ਼ ਕਰਨ ਦਾ ਦੋਸ਼, ਅਧਿਆਪਕਾਂ ਵਿੱਚ ਸਖ਼ਤ ਰੋਸ

ਮਸਲੇ ਹੱਲ ਨਾ ਹੋਣ ’ਤੇ ਸੰਘਰਸ਼ਾਂ ਰਾਹੀਂ ਮੰਤਰੀਆਂ ਨੂੰ ਘੇਰਨ ਅਤੇ 1 ਅਗਸਤ ਨੂੰ ਸੰਗਰੂਰ ਵਿੱਚ ਸੂਬਾ ਪੱਧਰੀ ਧਰਨਾ ਦੇਣ ਦੀ ਐਲਾਨ

ਸੋਸ਼ਲ ਮੀਡੀਆ ਤੋਂ ਬਾਅਦ ਹੁਣ ਅਧਿਆਪਕਾਂ ਨੇ ਪੰਜਾਬ ਸਰਕਾਰ ਨੂੰ ‘ਹਕੀਕੀ ਡਿਸਲਾਈਕ’ ਰਾਹੀਂ ਦਿਖਾਇਆ ਸ਼ੀਸ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੂਨ:
ਪੰਜਾਬ ਦੀਆਂ ਵੱਖ-ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ’ਤੇ ਆਧਾਰਿਤ ਸਾਂਝਾ ਅਧਿਆਪਕ ਮੋਰਚਾ ਨੇ ਅਧਿਆਪਕਾਂ ਅਤੇ ਸਿੱਖਿਆ ਨਾਲ ਜੁੜੇ ਬੁਨਿਆਦੀ ਮਸਲਿਆਂ ਦਾ ਢੁਕਵਾਂ ਹੱਲ ਨਾ ਕਰਨ ਦੇ ਵਿਰੋਧ ਵਿੱਚ ਅੱਜ ਸਿੱਖਿਆ ਸਕੱਤਰ ਦੇ ਦਫ਼ਤਰ ਨੇੜੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ। ਪਹਿਲਾਂ ਸਵੇਰ ਤੋਂ ਸਕੂਲੀ ਅਧਿਆਪਕ ਪੁੱਡਾ ਗਰਾਉਂਡ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਪ੍ਰੰਤੂ ਬਾਅਦ ਦੁਪਹਿਰ ਉਨ੍ਹਾਂ ਨੇ ਸਿੱਖਿਆ ਸਕੱਤਰ ਦੇ ਦਫ਼ਤਰ ਦਾ ਘਿਰਾਓ ਕੀਤਾ ਅਤੇ ਫਿਰ ਸੜਕ ’ਤੇ ਰੋਸ ਮਾਰਦੇ ਹੋਏ ਫੇਜ਼-7 ਲਾਲ ਬੱਤੀ ਪੁਆਇੰਟ ’ਤੇ ਚੱਕਾ ਜਾਮ ਕਰਕੇ ਨਾਅਰੇਬਾਜ਼ੀ ਕੀਤੀ। ਇਹ ਸਿਲਸਿਲਾ ਸ਼ਾਮ ਤੱਕ ਜਾਰੀ ਰਿਹਾ। ਐਸਡੀਐਮ ਜਗਦੀਪ ਸਹਿਗਲ ਨੇ ਮੌਕੇ ’ਤੇ ਬੜੀ ਮੁਸ਼ਕਲ ਨਾਲ ਅਧਿਆਪਕਾਂ ਨੂੰ ਸ਼ਾਂਤ ਕੀਤਾ। ਅਧਿਕਾਰੀ ਨੇ 22 ਜੂਨ ਨੂੰ ਸਵੇਰੇ 11 ਵਜੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨਾਲ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਦੇਣ ਤੋਂ ਬਾਅਦ ਅਧਿਆਪਕਾਂ ਨੇ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ।
ਇਸ ਤੋਂ ਪਹਿਲਾਂ ਅਧਿਆਪਕਾਂ ਨੇ ਸੋਸ਼ਲ ਮੀਡੀਆ ਤੋਂ ਬਾਅਦ ਪੰਜਾਬ ਸਰਕਾਰ ਨੂੰ ‘ਹਕੀਕੀ ਡਿਸਲਾਈਕ’ ਰੂਪੀ ਸ਼ੀਸ਼ਾ ਦਿਖਾਇਆ। ਜਿਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਰੁਜ਼ਗਾਰ ਪ੍ਰਾਪਤੀ ਅਤੇ ਵਲੰਟੀਅਰ/ਪ੍ਰੋਵਾਈਡਰ ਤੇ ਐੱਨਐੱਸਕਿਊਐੱਫ਼ ਅਧਿਆਪਕਾਂ ਵੱਲੋਂ ਨੌਕਰੀਆਂ ਪੱਕੀਆਂ ਕਰਵਾਉਣ ਲਈ ਕੀਤੇ ਜਾ ਰਹੇ ਤਿੱਖੇ ਸੰਘਰਸ਼ਾਂ ਨਾਲ ਇਕਜੁੱਟਤਾ ਜਾਹਰ ਕੀਤੀ ਗਈ। ਅਧਿਆਪਕ ਮਸਲੇ ਹੱਲ ਨਾ ਹੋਣ ’ਤੇ 4 ਜੁਲਾਈ ਨੂੰ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਰੋਸ ਧਰਨੇ ਦੇਣ ਅਤੇ 1 ਅਗਸਤ ਨੂੰ ਸੰਗਰੂਰ ਵਿੱਚ ਸੂਬਾ ਪੱਧਰਾ ਧਰਨਾ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕਨਵੀਨਰਾਂ ਵਿਕਰਮਦੇਵ ਸਿੰਘ, ਸੁਖਵਿੰਦਰ ਸਿੰਘ ਚਾਹਲ, ਬਲਕਾਰ ਸਿੰਘ ਵਲਟੋਹਾ, ਹਰਜੀਤ ਸਿੰਘ ਬਸੋਤਾ, ਬਲਜੀਤ ਸਿੰਘ ਸਲਾਣਾ ਅਤੇ ਸੂਬਾ ਕੋ ਕਨਵੀਨਰਾਂ ਸੁਖਜਿੰਦਰ ਸਿੰਘ ਹਰੀਕਾ, ਸੁਖਰਾਜ ਸਿੰਘ ਕਾਹਲੋ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦੀ ਸ਼ਹਿ ’ਤੇ ਸਿੱਖਿਆ ਸਕੱਤਰ ਵੱਲੋਂ ਸਕੂਲ ਖੋਲ੍ਹਣ ਦਾ ਯੋਗ ਪ੍ਰਬੰਧ ਕਰਨ ਦੀ ਥਾਂ, ਜਾਅਲੀ ਅੰਕੜਿਆਂ ਆਧਾਰਿਤ ਨਿੱਜੀਕਰਨ ਪੱਖੀ ਆਨਲਾਈਨ ਸਿੱਖਿਆ ਨੂੰ ਅਸਲ ਸਕੂਲੀ ਸਿੱਖਿਆ ਦੇ ਬਦਲ ਵਜੋਂ ਪੇਸ਼ ਕਰਕੇ ਵਿਦਿਆਰਥੀਆਂ ਨੂੰ ਸਿੱਖਣ ਸਿਖਾਉਣ ਦੀ ਪ੍ਰਕਿਰਿਆ ’ਚੋਂ ਬਾਹਰ ਕਰ ਦਿੱਤਾ ਹੈ।
800 ਤੋਂ ਵੱਧ ਪ੍ਰਾਇਮਰੀ ਸਕੂਲ ਬੰਦ ਕਰਨ ਦੇ ਨਾਲ 1904 ਹੈੱਡ ਟੀਚਰ ਅਤੇ ਹਜ਼ਾਰਾਂ ਹੋਰ ਕਾਡਰਾਂ ਦੀਆਂ ਅਸਾਮੀਆਂ ਵੀ ਖਤਮ ਕੀਤੀਆਂ ਗਈਆਂ ਹਨ। ਖਾਲੀ ਅਸਾਮੀਆਂ ਭਰਨ ਦੀ ਥਾਂ 1-1 ਸਕੂਲ ਮੁਖੀ, ਅਧਿਆਪਕ, ਨਾਨ-ਟੀਚਿੰਗ ਸਟਾਫ਼ ’ਤੇ ਕਈ-ਕਈ ਸਕੂਲਾਂ ਦਾ ਭਾਰ ਪਾ ਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅਧਿਆਪਕਾਂ (ਵੋਕੇਸ਼ਨਲ ਕਾਡਰ) ਨੂੰ ਗਰਮੀ ਦੀਆਂ ਛੁੱਟੀਆਂ ਦੌਰਾਨ ਵੀ ਆਨਲਾਈਨ ਡਿਊਟੀਆਂ ਅਤੇ ਫਾਲਤੂ ਕੰਮਾਂ ਵਿੱਚ ਉਲਝਾ ਕੇ ਮਾਨਸਿਕ ਦਬਾਅ ਵੱਲ ਧੱਕਿਆ ਹੈ। ਕੈਬਨਿਟ ਸਬ ਕਮੇਟੀ ਦੇ 2 ਸਾਲ ਪਹਿਲਾਂ ਫੈਸਲੇ ਤਹਿਤ ਅਧਿਆਪਕਾਂ ਦੀਆਂ ਵਿਕਟੇਮਾਈਜ਼ੇਸ਼ਨਾਂ ਰੱਦ ਨਹੀਂ ਕੀਤੀਆਂ, ਰੈਗੂਲਰ ਦੀ ਆਪਸ਼ਨ ਲੈ ਚੁੱਕੇ ਅਧਿਆਪਕਾਂ ਦੇ ਆਰਡਰ ਜਾਰੀ ਨਹੀਂ ਹੋਏ, ਸਗੋਂ ਮਨਮਰਜ਼ੀ ਨਾਲ ਧੜਾਧੜ ਨੋਟਿਸ/ਮੁਅੱਤਲੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਾਇਮਰੀ ਸਿੱਖਿਆ ਤੰਤਰ ਦੀ ਹੋਂਦ ਖ਼ਤਰੇ ਵਿੱਚ ਪਾਉਣ ਤੋਂ ਇਲਾਵਾ 228 ਪੀਟੀਆਈ ਨੂੰ ਉਜਾੜ ਕੇ ਮਿਡਲ ਸਕੂਲਾਂ ’ਚੋਂ ਸੀ.ਐਂਡ.ਵੀ. ਦੀਆਂ ਅਸਾਮੀਆਂ ਨੂੰ ਖ਼ਤਮ ਕੀਤਾ ਹੈ। 180 ਈਟੀਟੀ ਟੈੱਟ ਪਾਸ ਅਧਿਆਪਕਾਂ ਦੀਆਂ ਸੇਵਾਵਾਂ ਕਨਫਰਮ ਕਰਨ ਦੀ ਥਾਂ ਅਸਲ ਭਰਤੀ ਨਾਲੋਂ ਤੋੜ ਕੇ ਜਬਰੀ ਘੱਟ ਤਨਖ਼ਾਹ ਸਕੇਲ ਥੋਪੇ ਗਏ ਹਨ। ਬੱਚਿਆਂ ਦੀ ਸਿੱਖਿਆ ਨੂੰ ਤਬਾਹ ਕਰ ਰਹੇ ਅਜਿਹੇ ਪ੍ਰਬੰਧ ਨੂੰ ਉੱਪਰੋਂ ਉੱਪਰੀ ਵਧੀਆ ਸਾਬਤ ਕਰਨ ਲਈ ਸਿੱਖਿਆ ਸਕੱਤਰ ਵੱਲੋਂ ਕਥਿਤ ਗੈਰ ਸੰਵਿਧਾਨਕ ਢਾਂਚੇ ਰਾਹੀਂ ਝੂਠੇ ਅੰਕੜਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ।
ਇਸ ਮੌਕੇ ਮੁਕੇਸ਼ ਕੁਮਾਰ ਕੁਲਦੀਪ ਸਿੰਘ ਦੌੜਕਾ ਸੁਰਿੰਦਰ ਪੁਆਰੀ ਸੁਰਿੰਦਰ ਕੰਬੋਜ ਲਛਮਣ ਸਿੰਘ ਨਬੀਪੁਰ ਹਰਜੀਤ ਸਿੰਘ ਜੁਨੇਜਾ ਮਲਕੀਤ ਸਿੰਘ ਕੱਦਗਿਲ, ਗੁਰਪਿਆਰ ਸਿੰਘ ਕੋਟਲੀ, ਸੁਰਜੀਤ ਸਿੰਘ ਮੁਹਾਲੀ, ਪ੍ਰਵੀਨ ਕੁਮਾਰ, ਨਵਪ੍ਰੀਤ ਸਿੰਘ ਬੱਲੀ, ਹਰਬੰਸ ਲਾਲ, ਜਸਵਿੰਦਰ ਬਲਟਾਣਾ, ਸੁਖਵਿੰਦਰ ਸਿੰਘ ਮਾਨ, ਗੁਰਮੀਤ ਪ੍ਰਿੰਸੀਪਲ, ਅਮਨਦੀਪ ਸ਼ਰਮਾ, ਨਵੀਨ ਸਚਦੇਵਾ, ਸੋਹਣ ਸਿੰਘ, ਕੁਲਵਿੰਦਰ ਸਿੰਘ, ਨਿਰਮਲ ਬਰਾੜ, ਜਸਪਾਲ ਸਿੰਘ, ਰਾਜੀਵ ਕੁਮਾਰ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਮਾੜੀਮੇਘਾ, ਐੱਨਡੀ ਤਿਵਾੜੀ, ਪਰਮਿੰਦਰ ਭਾਰਤੀ, ਰਸ਼ਪਾਲ ਸਿੰਘ, ਗੁਰਿੰਦਰ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…