ਨਸ਼ਿਆਂ ਨੂੰ ਖ਼ਤਮ ਕਰਨ ਲਈ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ: ਡੀਆਈਜੀ ਨੀਲਾਂਬਰੀ ਜਗਦਲੇ

ਨਸ਼ਿਆਂ ਦੀ ਰੋਕਥਾਮ ਲਈ ਐਨ ਕੋਰਡ ਅਧੀਨ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਕੀਤੀ ਸਮੀਖਿਆ

ਨਬਜ਼-ਏ-ਪੰਜਾਬ, ਮੁਹਾਲੀ, 4 ਜੁਲਾਈ:
ਡੀਆਈਜੀ ਸ੍ਰੀਮਤੀ ਨੀਲਾਂਬਰੀ ਜਗਦਲੇ ਨੇ ਨਾਰਕੋ ਕੋਆਰਡੀਨੇਸ਼ਨ ਸੈਂਟਰ (ਐਨ ਕੋਰਡ) ਅਧੀਨ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੌਰਾਨ ਨਸ਼ਿਆਂ ਦੀ ਅਲਾਮਤ ਨੂੰ ਰੋਕਣ/ਖ਼ਤਮ ਕਰਨ ਲਈ ਚੁੱਕੇ ਕਦਮਾਂ ਦੀ ਸਮੀਖਿਆ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਅਤੇ ਐਸਐਸਪੀ ਸੰਦੀਪ ਗਰਗ ਵੀ ਮੌਜੂਦ ਸਨ। ਡੀਆਈਜੀ ਨੇ ਕਿਹਾ ਕਿ ਮੁਹਾਲੀ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਸਕੂਲਾਂ/ਕਾਲਜਾਂ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਨਸ਼ਾ ਵਿਰੋਧੀ ਭਾਸ਼ਣ/ਸੈਮੀਨਾਰ ਕਰਵਾਏ ਜਾਣ ਅਤੇ ਨਾਟਕ, ਸਕਿੱਟ ਜਾਂ ਹੋਰ ਗਤੀਵਿਧੀਆਂ ’ਤੇ ਜ਼ੋਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੁਹਾਲੀ ਜ਼ਿਲ੍ਹੇ ਵਿੱਚ ਇੱਕ ਮਾਡਲ ਓਟ ਸੈਂਟਰ ਬਣਾਇਆ ਜਾਵੇਗਾ, ਜਿਸ ਦਾ ਐਸਡੀਐਮ ਅਤੇ ਐਸਪੀ ’ਤੇ ਆਧਾਰਿਤ ਕਮੇਟੀ ਵੱਲੋਂ ਆਡਿਟ ਕੀਤਾ ਜਾਵੇਗਾ।
ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਨਸ਼ਿਆਂ ਦੇ ਹੌਟਸਪੌਟਸ ਵਿੱਚ ਮੈਡੀਕਲ ਕੈਂਪ ਲਗਾ ਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪ੍ਰਚਾਰ ਸਮੇਤ ਮੁੜ ਵਸੇਬਾ ਕੇਂਦਰਾਂ, ਓਟ ਕਲੀਨਿਕਾਂ ਬਾਰੇ ਸੂਚਿਤ ਕੀਤਾ ਜਾਵੇ। ਪੁਲੀਸ ਅਫ਼ਸਰਾਂ ਨੇ ਡੀਆਈਜੀ ਨੂੰ ਦੱਸਿਆ ਕਿ ਨਸ਼ਿਆਂ ਸਬੰਧੀ ਸ਼ਿਕਾਇਤ ਅਤੇ ਸੁਝਾਅ ਦੇਣ ਲਈ ਜਨਤਕ ਥਾਵਾਂ ’ਤੇ ਸ਼ਿਕਾਇਤ ਬਾਕਸ ਲਗਾਏ ਹਨ। ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜਨਤਕ ਕਰਨ ਲਈ ਪੁਲੀਸ ਵੱਲੋਂ ਜਾਰੀ ਮੋਬਾਈਲ ਨੰਬਰ 8054100112 ਅਤੇ ਈ-ਮੇਲ sspmohali.drug.info0g.mail.com ’ਤੇ ਸੂਚਿਤ ਕੀਤਾ ਜਾਵੇ ਤਾਂ ਜੋ ਆਮ ਲੋਕ ਨਸ਼ਾ ਤਸਕਰਾਂ ਵਿਰੁੱਧ ਪੁਲੀਸ ਨੂੰ ਇਤਲਾਹ ਦੇ ਸਕਣ। ਉਨ੍ਹਾਂ ਭਰੋਸਾ ਦਿੱਤਾ ਕਿ ਨਸ਼ਾ ਤਸਕਰਾਂ ਵਿਰੁੱਧ ਸ਼ਿਕਾਇਤ ਦੇਣ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ।
ਡੀਆਈਜੀ ਨੇ ਆਦੇਸ਼ ਦਿੱਤੇ ਕਿ ਮੈਡੀਕਲ ਸਟੋਰਾਂ ਦੀ ਸਹਾਇਤਾ ਨਾਲ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਅਨ-ਰਜਿਸਟਰਡ ਮੈਡੀਕਲ ਸਟੋਰਾਂ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਿਸ ਵੱਲੋਂ ਪਹਿਲਾਂ ਹੀ ਵੱਡੇ ਪੱਧਰ ’ਤੇ ਕਾਰਵਾਈ ਵਿੱਢੀ ਹੋਈ ਹੈ। ਸਮਾਜ ਵਿੱਚ ਨਸ਼ਿਆਂ ਨੂੰ ਖ਼ਤਮ ਕਰਨ ਲਈ ਹਰੇਕ ਵਰਗ ਦਾ ਸਾਂਝਾ ਫ਼ਰਜ਼ ਬਣਦਾ ਹੈ।
ਡੀਸੀ ਆਸ਼ਿਕਾ ਜੈਨ ਨੇ ਐਸਡੀਐਮਜ਼ ਅਤੇ ਪੁਲੀਸ ਅਧਿਕਾਰੀਆਂ ਨੂੰ ਆਪਣੇ ਅਧਿਕਾਰ ਖੇਤਰਾਂ ਵਿੱਚ ਨਿਯਮਤ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਸਕੂਲਾਂ ਤੇ ਕਾਲਜਾਂ ਦੇ ਆਸਪਾਸ ਪੁਲੀਸ ਗਸ਼ਤ ਵਧਾਉਣ ’ਤੇ ਜ਼ੋਰ ਦਿੱਤਾ। ਇਸ ਮੌਕੇ ਏਡੀਸੀ (ਜਨਰਲ) ਵਿਰਾਜ ਐਸ ਤਿੜਕੇ, ਐਸਡੀਐਮ ਦੀਪਾਂਕਰ ਗਰਗ, ਐਸਡੀਐਮ ਖਰੜ ਗੁਰਮੰਦਰ ਸਿੰਘ, ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਐੱਸਪੀ ਐਚਐਸ ਮਾਨ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਵੱਡੀ ਲਾਪਰਵਾਹੀ: ਪੰਚਾਇਣ ਚੋਣਾਂ ਸਬੰਧੀ ਅਸਲਾ ਜਮ੍ਹਾ ਕਰਵਾਉਣਾ ਭੁੱਲੀ ਸਰਕਾਰ

ਵੱਡੀ ਲਾਪਰਵਾਹੀ: ਪੰਚਾਇਣ ਚੋਣਾਂ ਸਬੰਧੀ ਅਸਲਾ ਜਮ੍ਹਾ ਕਰਵਾਉਣਾ ਭੁੱਲੀ ਸਰਕਾਰ ਪਿੰਡ ਮਨੌਲੀ ਦੇ ਜਤਿੰਦਰ ਸਿੰਘ…