Nabaz-e-punjab.com

ਸਿੱਖਿਆ ਬੋਰਡ ਦੇ ਸੰਯੁਕਤ ਸਕੱਤਰ ਤੇ ਉਸਦੇ ਬੇਟੇ ਦੀ ਰਿਪੋਰਟ ਪਾਜ਼ੇਟਿਵ, ਦੋ ਬ੍ਰਾਂਚਾਂ ਸੀਲ

ਪੰਜਾਬ ਸਕੂਲ ਸਿੱਖਿਆ ਬੋਰਡ ਤੇ ਵੇਰਕਾ ਮਿਲਕ ਪਲਾਂਟ ’ਚ ਕਰੋਨਾ ਨੇ ਮੁੜ ਦਿੱਤੀ ਦਸਤਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੁਲਾਈ:
ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਮੁਹਾਲੀ ਵੇਰਕਾ ਮਿਲਕ ਪਲਾਂਟ ਵਿੱਚ ਵੀ ਕਰੋਨਾ ਮਹਾਮਾਰੀ ਨੇ ਮੁੜ ਦਸਤਕ ਦਿੱਤੀ ਹੈ। ਸਕੂਲ ਬੋਰਡ ਦੇ ਸੰਯੁਕਤ ਸਕੱਤਰ-ਕਮ-ਕੰਟਰੋਲਰ (ਪ੍ਰੀਖਿਆਵਾਂ) ਜਨਕ ਰਾਜ ਮਹਿਰੋਕ ਅਤੇ ਉਸ ਦੇ ਬੇਟੇ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਸਿੱਖਿਆ ਭਵਨ ਵਿੱਚ ਤਾਇਨਾਤ ਦਫ਼ਤਰੀ ਸਟਾਫ਼ ਵਿੱਚ ਦਹਿਸ਼ਤ ਫੈਲ ਲਈ ਹੈ। ਇਸ ਤੋਂ ਪਹਿਲਾਂ ਵੀ ਬੋਰਡ ਦੀ ਇਕ ਮਹਿਲਾ ਅਧਿਕਾਰੀ ਕਰੋਨਾ ਤੋਂ ਪੀੜਤ ਪਾਈ ਗਈ ਸੀ।
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਸਿੱਖਿਆ ਬੋਰਡ ਅਧਿਕਾਰੀ ਅਤੇ ਉਸ ਦੇ ਬੇਟੇ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੋਰਡ ਅਧਿਕਾਰੀ ਨੇ ਆਪਣੇ ਪੱਧਰ ’ਤੇ ਪ੍ਰਾਈਵੇਟ ਲੈਬਾਰਟਰੀ ਤੋਂ ਟੈੱਸਟ ਕਰਵਾਇਆ ਸੀ। ਅਧਿਕਾਰੀ ਅਤੇ ਉਸ ਦੇ ਬੇਟਾ ਇਸ ਵਾਇਰਸ ਤੋਂ ਪੀੜਤ ਪਾਏ ਗਏ ਹਨ। ਫਿਲਹਾਲ ਦੋਵੇਂ ਪਿਉ-ਪੁੱਤ ਘਰ ਵਿੱਚ ਇਕਾਂਤਵਾਸ ਵਿੱਚ ਹਨ। ਦੱਸਿਆ ਗਿਆ ਹੈ ਕਿ ਸ੍ਰੀ ਮਹਿਰੋਕ ਨੂੰ ਕੁਝ ਦਿਨਾਂ ਤੋਂ ਬੁਖ਼ਾਰ ਅਤੇ ਖਾਂਸੀ, ਜ਼ੁਕਾਮ ਦੀ ਸ਼ਿਕਾਇਤ ਸੀ। ਜਦੋਂ ਬੋਰਡ ਨੇ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ। ਉਦੋਂ ਵੀ ਢਿੱਲੇ ਚਲ ਰਹੇ ਸੀ ਪ੍ਰੰਤੂ ਨਤੀਜਾ ਐਲਾਨਣ ਦਾ ਦਬਾਅ ਏਨਾ ਜ਼ਿਆਦਾ ਸੀ ਕਿ ਉਨ੍ਹਾਂ ਨੂੰ ਬਿਮਾਰ ਹੋਣ ਦੇ ਬਾਵਜੂਦ ਦਫ਼ਤਰ ਆਉਣਾ ਪੈ ਰਿਹਾ ਸੀ। ਸ੍ਰੀ ਮਹਿਰੋਕ ਨੇ ਦੱਸਿਆ ਕਿ ਉਸ ਦਾ ਬੇਟਾ ਹੁਣ ਬਿਲਕੁਲ ਠੀਕ ਹੈ। ਪਿਛਲੇ ਚਾਰ-ਪੰਜ ਦਿਨਾਂ ਤੋਂ ਉਸ ਵਿੱਚ ਕਰੋਨਾ ਦਾ ਕੋਈ ਲੱਛਣ ਨਜ਼ਰ ਨਹੀਂ ਆਇਆ ਹੈ ਅਤੇ ਸਿਹਤ ਪੱਖੋਂ ਵੀ ਤੰਦਰੁਸਤ ਹੈ।
ਅਧਿਕਾਰੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਕੂਲ ਬੋਰਡ ਵਿੱਚ ਸੰਯੁਕਤ ਸਕੱਤਰ ਅਤੇ ਕੰਟਰੋਲਰ (ਪ੍ਰੀਖਿਆਵਾਂ) ਦੀਆਂ ਦੂਜੀ ਅਤੇ ਤੀਜੀ ਮੰਜ਼ਲ ’ਤੇ ਸਥਿਤ ਦੋਵੇਂ ਬਰਾਂਚਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਅੱਜ ਪੂਰੇ ਸਿੱਖਿਆ ਕੰਪਲੈਕਸ ਨੂੰ ਸੈਨੇਟਾਈਜ਼ ਕੀਤਾ ਗਿਆ। ਦੋਵੇਂ ਬਰਾਂਚਾਂ ਦੇ ਬਾਹਰ ਸੁਰੱਖਿਆ ਗਾਰਡ ਤਾਇਨਾਤ ਕੀਤੇ ਗਏ ਹਨ। ਅਧਿਕਾਰੀ ਦੇ ਸਿੱਧੇ ਸੰਪਰਕ ਵਿੱਚ ਆਉਣ ਵਾਲੇ ਦਫ਼ਤਰੀ ਮੁਲਾਜ਼ਮਾਂ ਅਤੇ ਬਾਹਰਲੇ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਵੀ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਸਕਣ।
ਉਧਰ, ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਦੋ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਿਨ੍ਹਾਂ ’ਚੋਂ ਇਕ ਮੁਲਾਜ਼ਮ ਪਟਿਆਲਾ ਦਾ ਰਹਿਣ ਵਾਲਾ ਹੈ। ਜਦੋਂਕਿ ਦੂਜਾ ਮੁਹਾਲੀ ਦਾ ਵਸਨੀਕ ਹੈ। ਸਿਹਤ ਵਿਭਾਗ ਦੀ ਟੀਮ ਨੇ ਇਨ੍ਹਾਂ ਪੀੜਤ ਕਰਮਚਾਰੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੇਰਕਾ ਦੀ ਇਕ ਮਹਿਲਾ ਮੁਲਾਜ਼ਮ ਵੀ ਕਰੋਨਾ ਤੋਂ ਪੀੜਤ ਪਾਈ ਗਈ ਸੀ।
ਉਧਰ, ਸਿੱਖਿਆ ਬੋਰਡ ਮੈਨੇਜਮੈਂਟ ਨੇ ਕਰੋਨਾ ਮਹਾਮਾਰੀ ਦੇ ਲਗਾਤਾਰ ਵਧ ਰਹੇ ਪ੍ਰਕੋਪ ਅਤੇ ਬੋਰਡ ਮੁਲਾਜ਼ਮਾਂ ਦੇ ਇਸ ਬਿਮਾਰੀ ਤੋਂ ਪੀੜਤ ਪਾਏ ਜਾਣ ਤੋਂ ਬਾਅਦ ਸਖ਼ਤ ਕਦਮ ਚੁੱਕੇ ਗਏ ਹਨ। ਇਸ ਸਬੰਧੀ ਸਕੂਲ ਬੋਰਡ ਦੇ ਉਪ ਸਕੱਤਰ (ਪ੍ਰਸ਼ਾਸਨ\ਪ੍ਰਕਾਸ਼ਨ) ਗੁਰਤੇਜ ਸਿੰਘ ਅਤੇ ਸਹਾਇਕ ਸਕੱਤਰ (ਅਮਲਾ) ਸ੍ਰੀਮਤੀ ਮਨਜੀਤ ਕੌਰ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ਨੂੰ ਇਸ ਵਾਇਰਸ ਤੋਂ ਪੀੜਤ ਅਤੇ ਪ੍ਰਭਾਵਿਤ ਹੋਣ ਦੀ ਸੂਰਤ ਵਿੱਚ ਸਬੰਧਤ ਦੇ ਸੰਪਰਕ ਵਿੱਚ ਆਉਣ ਵਾਲੇ ਮੁਲਾਜ਼ਮਾਂ ਅਤੇ ਹੋਰਨਾਂ ਵਿਅਕਤੀਆਂ ਦਾ ਪਤਾ ਲਗਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…