ਸਾਂਝਾ ਅਧਿਆਪਕ ਮੋਰਚਾ ਨੇ ਵੱਖ-ਵੱਖ ਸਿੱਖਿਆ ਅਧਿਕਾਰੀਆਂ ਨਾਲ ਕੀਤੀਆਂ ਮੀਟਿੰਗਾਂ

ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਦੁਬਾਰਾ ਪੋਰਟਲ ਖੋਲ੍ਹਣ ’ਤੇ ਜ਼ੋਰ

ਡੀਪੀਆਈ ਨੇ ਸੀਨੀਆਰਤਾ ਸੂਚੀ ਦਰੁਸਤ ਕਰਕੇ ਤਰੱਕੀਆਂ ਛੇਤੀ ਕਰਨ ’ਤੇ ਸਹਿਮਤੀ ਦਿੱਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੂਨ:
ਸਾਂਝਾ ਅਧਿਆਪਕ ਮੋਰਚਾ ਦੇ ਸੂਬਾਈ ਵਫ਼ਦ ਨੇ ਅਧਿਆਪਕ ਵਰਗ ਦੇ ਵੱਖ-ਵੱਖ ਮਸਲਿਆਂ ਸਬੰਧੀ ਅੱਜ ਡੀਪੀਆਈ (ਐਲੀਮੈਂਟਰੀ), ਸਹਾਇਕ ਡਾਇਰੈਕਟਰ ਸਮੇਤ ਹੋਰਨਾਂ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕਨਵੀਨਰਾਂ ਸੁਰਿੰਦਰ ਕੁਮਾਰ ਪੁਆਰੀ, ਵਿਕਰਮ ਦੇਵ ਸਿੰਘ, ਸੁਖਵਿੰਦਰ ਸਿੰਘ ਚਾਹਲ, ਬਾਜ ਸਿੰਘ ਖਹਿਰਾ, ਬਲਜੀਤ ਸਲਾਣਾ, ਜਸਵਿੰਦਰ ਅੌਲਖ, ਸੂਬਾ ਕੋ-ਕਨਵੀਨਰਾਂ ਸੁਖਰਾਜ ਕਾਹਲੋਂ, ਅਮਨਬੀਰ ਗੁਰਾਇਆ ਅਤੇ ਪਰਮਵੀਰ ਸਿੰਘ ਨੇ ਦੱਸਿਆ ਕਿ ਬਦਲੀਆਂ ਸਬੰਧੀ ਡੀਪੀਆਈ (ਸੈਕੰਡਰੀ) ਦੀ ਗੈਰ ਮੌਜੂਦਗੀ ਵਿੱਚ ਸਹਾਇਕ ਡਾਇਰੈਕਟਰ ਗੁਰਜੋਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਬਦਲੀਆਂ ਸਬੰਧੀ ਸਿੱਖਿਆ ਮੰਤਰੀ ਨੂੰ ਦਿੱਤੇ ਸੁਝਾਅ ਨੂੰ ਮੰਨ ਕੇ ਦੁਬਾਰਾ ਪੋਰਟਲ ਖੋਲ੍ਹਣ ’ਤੇ ਜ਼ੋਰ ਦਿੱਤਾ। ਇਸ ਸਬੰਧੀ ਸਿੱਖਿਆ ਮੰਤਰੀ ਨੇ ਛੇਤੀ ਫੈਸਲਾ ਲੈਣ ਦਾ ਭਰੋਸਾ ਦਿੱਤਾ ਸੀ।
ਕੰਪਿਊਟਰ ਅਧਿਆਪਕਾਂ ਦੀ ਤਨਖ਼ਾਹ ਸਬੰਧੀ ਕੋਈ ਮੁਸ਼ਕਲ ਨਾ ਆਉਣ ਦੇਣ ਦੀ ਗੱਲ ਕਹੀ ਗਈ। ਪ੍ਰਿੰਸੀਪਲਾਂ/ਹੈੱਡਮਾਸਟਰਾਂ ਨੂੰ ਡੀਡੀਓ ਪਾਵਰਾਂ ਜਾਰੀ ਕਰਨ ਸਬੰਧੀ ਡੀਪੀਆਈ (ਸੈਕੰਡਰੀ) ਦੇ ਦਫ਼ਤਰ ਵਿੱਚ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਨਵੇਂ ਸਿੱਖਿਆ ਸਕੱਤਰ ਨੂੰ ਫਾਇਲ ਭੇਜੀ ਜਾ ਚੁੱਕੀ ਹੈ। ਜਿਸ ਦੇ ਜਲਦ ਜਾਰੀ ਹੋਣ ਦੀ ਉਮੀਦ ਹੈ। ਪਿਕਟਸ ਸੁਸਾਇਟੀ ਅਧੀਨ ਰੈਗੂਲਰ-ਕਨਫਰਮਡ ਕੰਪਿਊਟਰ ਫੈਕਲਟੀ ਨੂੰ ਸਾਰੇ ਲਾਭ ਦੇਣ ਸਮੇਤ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ, ਛੇਵੇਂ ਤਨਖ਼ਾਹ ਕਮਿਸ਼ਨ ਅਨੁਸਾਰ ਤਨਖ਼ਾਹ ਫਿਕਸ ਕਰਨ, ਕੋਵਿਡ ਡਿਊਟੀ ਦੌਰਾਨ ਫੌਤ ਹੋਏ ਕੰਪਿਊਟਰ ਅਧਿਆਪਕਾਂ ਦੇ ਵਾਰਸਾਂ ਨੂੰ ਤਰਸ ਆਧਾਰ ’ਤੇ ਨੌਕਰੀ ਅਤੇ ਹੋਰ ਸਹੂਲਤਾਂ ਦੇਣ ਸਬੰਧੀ ਮੰਗ ਪੱਤਰ ਦਿੱਤਾ ਗਿਆ।
ਐਸਐਲਏ ਅਸਾਮੀ ਦਾ ਨਾਮ ਸੀਨੀਅਰ ਲੈਬਾਰਟਰੀ ਅਟੈਂਡੈਂਟ ਤੋਂ ਸੀਨੀਅਰ ਲੈਬਾਰਟਰੀ ਅਸਿਸਟੈਂਟ ਕਰਨ, ਮੈਡੀਕਲ ਛੁੱਟੀ ’ਤੇ 15 ਦਿਨਾਂ ਦੀ ਲਗਾਈ ਸ਼ਰਤ ਹਟਾਉਣ, ਬੀਪੀਈਓ ਦਫ਼ਤਰਾਂ ਵਿੱਚ ਕਿਤਾਬਾਂ ਦੀ ਵੰਡ ’ਤੇ ਲਗਾਏ ਐਸਐਲਏ ਕਰਮਚਾਰੀਆਂ ਨੂੰ ਹਟਾਉਣ ਦੀ ਮੰਗ ’ਤੇ ਵੀ ਚਰਚਾ ਕੀਤੀ ਗਈ। ਇਸ ਉਪਰੰਤ ਡੀਪੀਆਈ (ਐਲੀਮੈਂਟਰੀ) ਸ੍ਰੀਮਤੀ ਹਰਿੰਦਰ ਕੌਰ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਪ੍ਰਾਇਮਰੀ ਤੋਂ ਮਾਸਟਰ ਕਾਡਰ ਤਰੱਕੀਆਂ ਤੁਰੰਤ ਕਰਨ ਦੀ ਮੰਗ ਕੀਤੀ। ਜਿਸ ’ਤੇ ਡੀਪੀਆਈ ਨੇ ਸੀਨੀਆਰਤਾ ਸੂਚੀ ਦਰੁਸਤ ਕਰਕੇ ਤਰੱਕੀਆਂ ਜਲਦ ਕਰਨ ’ਤੇ ਸਹਿਮਤੀ ਦਿੱਤੀ। ਪਿਛਲੇ ਸਾਲ ਬਦਲੀ ਕਰਵਾ ਚੁੱਕੇ ਅਧਿਆਪਕਾਂ ਨੂੰ ਤੁਰੰਤ ਫਾਰਗ ਕਰਨ ਦੀ ਮੰਗ ’ਤੇ ਅਧਿਕਾਰੀ ਨੇ ਮਸਲਾ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ। 6635 ਈਟੀਟੀ ਅਧਿਆਪਕਾਂ ਨੂੰ ਤੁਰੰਤ ਨਿਯੁਕਤੀ ਪੱਤਰ ਸੌਂਪੇ ਜਾਣ ਦੀ ਮੰਗ ਨਾਲ ਸਹਿਮਤੀ ਪ੍ਰਗਟ ਕਰਦਿਆਂ ਛੇਤੀ ਹੀ ਨਿਯੁਕਤੀਆਂ ਕਰਨ ਦਾ ਭਰੋਸਾ ਦਿੱਤਾ।
ਅਧਿਕਾਰੀ ਨੇ ਕਿਹਾ ਕਿ ਪ੍ਰੋਬੇਸ਼ਨ ਪੀਰੀਅਡ ਇਕ ਸਾਲ ਦਾ ਕਰਨ ਦੀ ਮੰਗ ਨੂੰ ਸਰਕਾਰ ਪੱਧਰ ਤੱਕ ਪੁੱਜਦਾ ਕੀਤਾ ਜਾਵੇਗਾ। ਹੈੱਡ ਟੀਚਰ/ਸੈਂਟਰ ਹੈੱਡ ਟੀਚਰ ਦੀ ਤਰੱਕੀ ਤੋਂ ਡੀਬਾਰ ਹੋਇਆ ਅਧਿਆਪਕ ਮਾਸਟਰ ਕਾਡਰ ਤਰੱਕੀ ਦੇ ਯੋਗ ਹੋਵੇਗਾ। ਬੀਪੀਈਓਜ਼ ਦੀਆਂ ਤਰੱਕੀਆਂ ਛੇਤੀ ਦਾ ਭਰੋਸਾ ਦਿੱਤਾ। ਬੀਪੀਈਓ ਦਫ਼ਤਰਾਂ ਵਿੱਚ ਸ਼ਿਫ਼ਟ ਕੀਤੇ 228 ਪੀਟੀਆਈਜ਼ ਨੂੰ ਪਿੱਤਰੀ ਮਿਡਲ ਸਕੂਲਾਂ ਵਿੱਚ ਵਾਪਸ ਭੇਜਣ ਅਤੇ ਗਰਮੀ ਦੀਆਂ ਛੁੱਟੀਆਂ ਲਾਗੂ ਕਰਨ ਦੀ ਮੰਗ ਰੱਖੀ ਗਈ। ਈਟੀਟੀ ਤੋਂ ਹੈੱਡ ਟੀਚਰ ਅਤੇ ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਮੁੱਦੇ ’ਤੇ ਡੀਪੀਆਈ ਨੇ ਜ਼ਿਲ੍ਹਿਆਂ ਨੂੰ ਪੱਤਰ ਲਿਖ ਕੇ ਜਵਾਬ ਤਲਬੀ ਕਰਨ ਦੇ ਨਿਰਦੇਸ਼ ਦਿੱਤੇ। ਇਸ ਮਗਰੋਂ ਸਿੱਖਿਆ ਸਕੱਤਰ ਅਤੇ ਡੀਜੀਐਸਈ ਦਫ਼ਤਰ ਵਿੱਚ ਬਦਲੀਆਂ ਸਬੰਧੀ ਲਿਖਤੀ ਰੂਪ ਵਿੱਚ ਸੁਝਾਅ ਦਿੱਤੇ ਗਏ।
ਇਸ ਮੌਕੇ ਸਾਂਝਾ ਅਧਿਆਪਕ ਮੋਰਚਾ ਦੇ ਆਗੂ ਸੁਰਜੀਤ ਸਿੰਘ ਮੁਹਾਲੀ, ਧਰਮ ਸਿੰਘ ਰਾਈਏਵਾਲ, ਮੁਕੇਸ਼ ਕੁਮਾਰ, ਕ੍ਰਿਸਨ ਦੁੱਗਾਂ, ਨਰੰਜਣਜੋਤ ਸਿੰਘ ਚਾਂਦਪੁਰੀ, ਤਰਨਜੀਤ ਸਿੰਘ ਪਟਿਆਲਾ, ਪੁਸ਼ਪਿੰਦਰ ਸਿੰਘ ਹਰਪਾਲਪੁਰ, ਪਰਵਿੰਦਰ ਭਾਰਤੀ, ਲਛਮਣ ਸਿੰਘ ਨਬੀਪੁਰ, ਸੰਦੀਪ ਕੁਮਾਰ ਰਾਜਪੁਰਾ, ਅਮਰਜੀਤ ਸਿੰਘ ਫਤਿਹਗੜ੍ਹ ਸਾਹਿਬ, ਹਰਬੰਸ ਲਾਲ ਪਰਜੀਆਂ, ਗੁਰਸੇਵਕ ਕਲੇਰ, ਬੇਅੰਤ ਭਾਂਬਰੀ, ਰਵਿੰਦਰ ਪੱਪੀ ਮੁਹਾਲੀ, ਜਗਜੀਤ ਜਟਾਣਾ, ਮਨਪ੍ਰੀਤ ਸਿੰਘ ਮੁਹਾਲੀ, ਜਗਮੋਹਨ ਸਿੰਘ ਚੌਂਤਾ, ਜਸਪਾਲ ਸੰਧੂ, ਜਗਦੀਸ਼ ਰਾਏ, ਤਰਲੋਚਨ ਸਿੰਘ ਬਲਾਚੌਰ, ਰਵੀਇੰਦਰ ਸਿੰਘ ਮੰਡੇਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …