ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਨਵੰਬਰ:
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਅਗਵਾਈ ਵਿੱਚ ਅਧਿਆਪਕ ਮਸਲਿਆਂ ਸਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਅਹਿਮ ਪੈਨਲ ਮੀਟਿੰਗ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ। ਪੰਜਾਬ ਸਰਕਾਰ ਵਲੋਂ ਅਧਿਆਪਕ ਮਸਲੇ ਹੱਲ ਨਾ ਕਰਨ ਦੇ ਰੋਸ ਵਜੋਂ ਸਾਂਝੇ ਅਧਿਆਪਕ ਮੋਰਚੇ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਸਿੱਖਿਆ ਮੰਤਰੀ ਦੇ ਘਰ ਤੱਕ ਚਿਤਾਵਨੀ ਮਾਰਚ ਦਾ ਐਲਾਨ ਕੀਤਾ ਹੋਇਆ ਸੀ। ਮੀਟਿੰਗ ਵਿੱਚ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।
ਮੀਟਿੰਗ ਵਿੱਚ ਮੰਗ-ਪੱਤਰ ਸਮੇਤ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਨ, ਸਾਰੇ ਵਰਗਾਂ ਦੇ ਕੱਚੇ ਅਧਿਆਪਕ ਪੱਕੇ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ, ਮੈਰੀਟੋਰੀਅਸ ਅਤੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਨੂੰ ਪੱਕੇ ਕਰਨ, ਐਨਐਸਕਿਊਐਫ਼ ਅਧਿਆਪਕਾਂ ਦੇ ਮਸਲੇ ਹੱਲ ਕਰਨ, ਲੈਕਚਰਾਰਾਂ ਦੀ ਪਦਉਨਤੀ ’ਤੇ ਸਟੇਅ ਦੀ ਸ਼ਰਤ ਖ਼ਤਮ ਕਰਨ, ਅਧਿਆਪਕ ਤਬਾਦਲਾ ਨੀਤੀ ਵਿੱਚ ਕਰੋਨਿਕ ਬਿਮਾਰੀਆਂ ਨਾਲ ਪੀੜਤ ਅਧਿਆਪਕਾਂ ਲਈ ਹਰ ਮਹੀਨੇ ਦੇ ਆਖਰੀ ਹਫ਼ਤੇ ਪੋਰਟਲ ਖੋਹਲਣ, ਪੈਰਾਮਿਲਟਰੀ ਫੋਰਸ ਦੇ ਪਰਿਵਾਰਾਂ ਸਮੇਤ ਬਹੁਤ ਹੀ ਜਰੂਰੀ ਕੇਸਾਂ ਵਿੱਚ ਰਾਹਤ ਦੇਣ ਦਾ ਭਰੋਸਾ ਦਿੱਤਾ ਗਿਆ। ਵਿਕਟੇਮਾਈਜੇਸ਼ਨਾਂ ਅਤੇ ਪੁਲਿਸ ਕੇਸਾਂ ਦਾ ਹੁਣ ਤੱਕ ਨਿਪਟਾਰਾ ਨਾ ਕਰਨ ’ਤੇ ਮੋਰਚੇ ਵਲੋਂ ਸਖ਼ਤ ਵਿਰੋਧ ਦਾ ਪ੍ਰਗਟਾਵਾ ਕੀਤਾ ਗਿਆ। ਜਿਸ ’ਤੇ ਮੰਤਰੀ ਵੱਲੋਂ ਰਹਿੰਦੀਆਂ ਵਿਕਟੇਮਾਈਜੇਸ਼ਨਾਂ ਹੱਲ ਕਰਨ ਲਈ ਇੱਕ ਹਫ਼ਤੇ ਵਿੱਚ ਘੋਖਣ ਉਪਰੰਤ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਸਾਲ 2018 ਅਤੇ ਬਾਅਦ ਵਿੱਚ ਸੇਵਾ ਨਿਯਮਾਂ ਵਿੱਚ ਕੀਤੀਆਂ ਗਈਆਂ ਅਧਿਆਪਕ ਵਿਰੋਧੀ ਸੋਧਾਂ ਨੂੰ ਘੋਖਣ ਉਪਰੰਤ ਉਨ੍ਹਾਂ ਨੂੰ ਰੱਦ ਕਰਨ ਸਬੰਧੀ ਕਾਰਵਾਈ ਕੀਤੀ ਜਾਵੇਗੀ। ਜਿਸ ਨੂੰ ਕੁਝ ਸਮਾਂ ਲੱਗੇਗਾ। ਵਿਭਾਗੀ ਪ੍ਰੀਖਿਆ ਲੈਣ ਵਾਲੇ ਨਿਯਮ ਰੱਦ ਕਰਨ ਤੱਕ ਕਿਸੇ ਵੀ ਅਧਿਆਪਕ ਦੀ ਸਾਲਾਨਾ ਤਰੱਕੀ ਨਹੀਂ ਰੋਕੀ ਜਾਵੇਗੀ। ਮੋਰਚੇ ਨੇ ਇਨ੍ਹਾਂ ਸੇਵਾ ਨਿਯਮਾਂ ਨੂੰ ਮੁੱਢੋਂ ਰੱਦ ਕਰਨ ਦੀ ਮੰਗ ਕੀਤੀ।
ਸਿੱਖਿਆ ਮੰਤਰੀ ਵੱਲੋਂ ਡੀਈਓ ਅਤੇ ਡਿਪਟੀ ਡੀਈਓ ਕੁਝ ਦਿਨਾਂ ਵਿੱਚ ਨਿਯੁਕਤ ਕਰਨ ਦਾ ਭਰੋਸਾ ਦਿੱਤਾ ਗਿਆ। ਵਿਦੇਸ਼ ਛੁੱਟੀ ਬਾਰੇ ਪਾਵਰਾਂ ਡੀਡੀਓ ਪੱਧਰ ਤੇ ਦੇਣ ਦੀ ਸਹਿਮਤੀ ਬਣੀ। ਮੋਰਚੇ ਵੱਲੋਂ ਸਿਰਫ਼ ਛੁੱਟੀਆਂ ਦੌਰਾਨ ਹੀ ਵਿਦੇਸ਼ ਜਾਣ ਵਾਲੇ ਪੱਤਰ ਨੂੰ ਰੱਦ ਕਰਨ ਦੀ ਮੰਗ ਕੀਤੀ। ਬੱਚਿਆਂ ਦੇ ਵਿਦਿਅਕ ਟੂਰ ਦੀ ਪ੍ਰਵਾਨਗੀ ਬਾਰੇ ਪਾਵਰਾਂ ਡੀਈਓ ਪੱਧਰ ਉੱਪਰ ਦਿੱਤੀਆਂ ਜਾਣਗੀਆਂ। ਸਾਰੇ ਕਾਡਰਾਂ ਦੀਆਂ ਪ੍ਰੋਮੋਸ਼ਨਾਂ ਵਿੱਚ ਆ ਰਹੀਆਂ ਅੜਚਨਾਂ ਦੂਰ ਕਰਕੇ ਬਹੁਤ ਜਲਦੀ ਕਾਰਵਾਈ ਕਰਨ ਬਾਰੇ ਸਹਿਮਤੀ ਬਣੀ। ਹੋਈਆਂ ਬਦਲੀਆਂ ਨੂੰ ਲਾਗੂ ਕਰਨ ਬਾਰੇ ਜਲਦੀ ਫੈਸਲਾ ਲਿਆ ਜਾਵੇਗਾ। ਪ੍ਰਿੰਸੀਪਲਾਂ ਦੀਆਂ ਬਦਲੀਆਂ ਦੀ ਪ੍ਰਵਾਨਗੀ ਮੁੱਖ ਮੰਤਰੀ ਤੋਂ 30 ਨਵੰਬਰ ਤੱਕ ਲੈਣ ਦਾ ਭਰੋਸਾ ਦਿੱਤਾ ਗਿਆ।
ਐੱਸਐੱਲਏ ਦੀ ਅਸਾਮੀ ਦਾ ਨਾਮ ਬਦਲਣ ਦੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਗਈ। ਇਸੇ ਤਰ੍ਹਾਂ 2019 ਵਿੱਚ ਹੋਈਆਂ ਬਦਲੀਆਂ ਨੂੰ ਰੱਦ ਜਾਂ ਲਾਗੂ ਕਰਨ ਦੀ ਆਪਸ਼ਨ ਬਹੁਤ ਜਲਦ ਪੋਰਟਲ ਉਪਰ ਦਿੱਤੀ ਜਾਵੇਗੀ। ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੇ ਬਜਟ ਨਿਰਵਿਘਨ ਜਾਰੀ ਕੀਤੇ ਜਾਣਗੇ। ਵੱਖ-ਵੱਖ ਪ੍ਰੋਜੈਕਟਾਂ ਵਿੱਚ ਦੋ ਸਾਲ ਦਾ ਸਮਾਂ ਪੂਰਾ ਕਰਨ ਵਾਲੇ ਅਧਿਆਪਕਾਂ ਨੂੰ ਅਗਲੇ ਸਾਲ ਤੋਂ ਸਕੂਲਾਂ ਵਿੱਚ ਭੇਜਿਆ ਜਾਵੇਗਾ। ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈਣੇ ਬੰਦ ਕਰਨ ਲਈ 2LO ਡਿਊਟੀਆਂ ਸਬੰਧੀ ਮੁੱਖ ਚੋਣ ਕਮਿਸ਼ਨਰ ਨਾਲ ਚਰਚਾ ਕੀਤੀ ਗਈ ਹੈ। ਛੇਤੀ ਹੀ ਇਸਦਾ ਹੱਲ ਕੀਤਾ ਜਾਵੇਗਾ।
ਸਿੱਖਿਆ ਵਿਭਾਗ ਵੱਲੋਂ ਲਗਾਤਾਰ ਲਈਆਂ ਜਾ ਰਹੀਆਂ ਪ੍ਰੀਖਿਆਵਾਂ, ਸੈਮੀਨਾਰ, ਬਾਲ ਦਿਵਸ ਮਨਾਉਣ ਲਈ ਮੌਕੇ ’ਤੇ ਪੱਤਰ ਜਾਰੀ ਕਰਨ ਜਿਹੇ ਕਾਰਜਾਂ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਲਗਾਤਾਰ ਵਿਘਨ ਪਾਉਣ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਸਿੱਖਿਆ ਮੰਤਰੀ ਵੱਲੋਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਵਿਸਥਾਰਿਤ ਮੰਗ-ਪੱਤਰ ’ਤੇ ਚਰਚਾ ਕਰਦਿਆਂ 180 ਟੈੱਟ ਪਾਸ, ਓਡੀਐਲ ਅਧਿਆਪਕਾਂ ਦੇ ਮਸਲਿਆਂ ਸਮੇਤ ਮੰਗਾਂ ਤੇ ਸਹਿਮਤੀ ਪ੍ਰਗਟਾਉਂਦਿਆਂ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ।
ਮੀਟਿੰਗ ਵਿੱਚ ਗੁਰਜੰਟ ਸਿੰਘ ਵਾਲੀਆ, ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੰਬੋਜ, ਬਾਜ ਸਿੰਘ ਖਹਿਰਾ, ਹਰਵਿੰਦਰ ਸਿੰਘ ਬਿਲਗਾ, ਸੁਰਿੰਦਰ ਕੁਮਾਰ ਪੁਆਰੀ, ਬਲਜੀਤ ਸਿੰਘ ਸਲਾਣਾ, ਜਸਵਿੰਦਰ ਸਿੰਘ ਅੌਲਖ, ਸੁਖਜਿੰਦਰ ਸਿੰਘ ਹਰੀਕਾ, ਸੁਲੱਖਣ ਸਿੰਘ ਬੇਰੀ, ਟੌਹੜਾ, ਸੁਰਜੀਤ ਸਿੰਘ ਮੁਹਾਲੀ, ਕ੍ਰਿਸ਼ਨ ਦੁੱਗਾ, ਬਿਕਰਮਜੀਤ ਸਿੰਘ ਕੱਦੋਂ, ਅਮਰਜੀਤ ਸਿੰਘ, ਜਗਦੀਸ਼ ਰਾਏ, ਵਰਿੰਦਰਜੀਤ ਸਿੰਘ ਬਜਾਜ, ਤਿਰਲੋਚਨ ਸਿੰਘ, ਜਸਪਾਲ ਸੰਧੂ, ਲਛਮਣ ਸਿੰਘ ਨਬੀਪੁਰ, ਗੁਰਪ੍ਰੀਤ ਸਿੰਘ, ਪਰਵਿੰਦਰ ਭਾਰਤੀ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …