ਪੱਤਰਕਾਰ ਕੁੱਟਮਾਰ ਮਾਮਲਾ: ਮੇਜਰ ਸਿੰਘ ਨੇ ਥਾਣੇ ਵਿੱਚ ਜਾਂਚ ਅਧਿਕਾਰੀ ਕੋਲ ਬਿਆਨ ਦਰਜ ਕਰਵਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੂਨ:
ਇੱਥੋਂ ਦੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼-4 ਵਿੱਚ ਦੋ ਧੜਿਆਂ ਵਿੱਚ ਹੋਏ ਆਪਸੀ ਵਿਵਾਦ ਦੀ ਕਵਰੇਜ ਕਰ ਰਹੇ ਪੱਤਰਕਾਰ ਮੇਜਰ ਸਿੰਘ ਨੂੰ ਫੇਜ਼-1 ਥਾਣੇ ਵਿੱਚ ਲਿਜਾ ਕੇ ਉਸ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਸੋਮਵਾਰ ਨੂੰ ਪੀੜਤ ਪੱਤਰਕਾਰ ਨੇ ਥਾਣੇ ਪਹੁੰਚ ਕੇ ਸਮੁੱਚੇ ਘਟਨਾਕ੍ਰਮ ਬਾਰੇ ਆਪਣੇ ਬਿਆਨ ਦਰਜ ਕਰਵਾਏ। ਇਸ ਮਾਮਲੇ ਵਿੱਚ ਐਸਐਸਪੀ ਵੱਲੋਂ ਦੋ ਥਾਣੇਦਾਰ ਏਐਸਆਈ ਓਮ ਪ੍ਰਕਾਸ਼ ਅਤੇ ਏਐਸਆਈ ਅਮਰ ਨਾਥ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਜਾਰੀ ਹੈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਵੱਖਰੇ ਤੌਰ ’ਤੇ ਨਿਆਇਕ ਜਾਂਚ ਕੀਤੀ ਜਾ ਰਹੀ ਹੈ। ਮੇਜਰ ਸਿੰਘ ਨੇ ਮੰਗ ਕੀਤੀ ਕਿ ਦੋਵੇਂ ਥਾਣੇਦਾਰਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਕੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਜਾਵੇ।
ਮੇਜਰ ਸਿੰਘ ਅੱਜ ਆਪਣੇ ਵਕੀਲਾਂ ਨਾਲ ਥਾਣੇ ਪਹੁੰਚੇ ਅਤੇ ਐਸਐਚਓ ਮਨਫੂਲ ਸਿੰਘ ਦੀ ਮੌਜੂਦਗੀ ਵਿੱਚ ਜਾਂਚ ਅਧਿਕਾਰੀ ਪ੍ਰਿਤਪਾਲ ਸਿੰਘ ਕੋਲ ਆਪਣਾ ਬਿਆਨ ਦਰਜ ਕਰਵਾਇਆ। ਉਸ ਨੇ ਆਪਣੇ ਬਿਆਨਾਂ ਵਿੱਚ ਕਿਹਾ ਕਿ ਉਹ ਬੀਤੀ 22 ਮਈ ਨੂੰ ਉਹ ਦੁਪਹਿਰ ਵੇਲੇ ਲਗਭਗ 12 ਵਜੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਵਿੱਚ ਸਨ। ਉਦੋਂ ਕੁਝ ਵਿਅਕਤੀ ਰਾਗੀ ਜਥੇ ਵੱਲੋਂ ਕੀਰਤਨ ਕਰਨ ਨੂੰ ਲੈ ਕੇ ਪ੍ਰਧਾਨ ਦੇ ਦਫ਼ਤਰ ਵਿੱਚ ਬਹਿਸ ਰਹੇ ਸਨ। ਉਸ ਨੇ ਕਵਰੇਜ ਲਈ ਆਪਣੇ ਮੋਬਾਈਲ ਨਾਲ ਵੀਡੀਓ ਰਿਕਾਰਡਿੰਗ ਸ਼ੁਰੂ ਕਰ ਦਿੱਤੀ। ਉੱਥੇ ਏਐਸਆਈ ਓਮ ਪ੍ਰਕਾਸ਼ ਅਤੇ ਏਐਸਆਈ ਅਮਰ ਨਾਥ ਹੋਰ ਪੁਲੀਸ ਮੁਲਾਜ਼ਮਾਂ ਨਾਲ ਮੌਜੂਦ ਸਨ। ਇਸ ਦੌਰਾਨ ਉੱਥੇ ਦੋ ਧਿਰਾਂ ਵਿੱਚ ਬੁਰੀ ਤਰ੍ਹਾਂ ਖਿੱਚੋਤਾਣ ਸ਼ੁਰੂ ਹੋ ਗਈ। ਗੁਰਦੁਆਰੇ ਦੇ ਵਰਾਂਡੇ ਵਿੱਚ ਝਗੜ ਰਹੇ ਲੋਕਾਂ ’ਚੋਂ ਇਕ ਵਿਅਕਤੀ ਨੂੰ ਪੁਲੀਸ ਕਰਮਚਾਰੀ ਨੇ ਫੜ ਕੇ ਸਕਾਰਪੀਓ ਗੱਡੀ ਵਿੱਚ ਧੱਕੇ ਨਾਲ ਬਿਠਾ ਰਹੇ ਸਨ।
ਮੇਜਰ ਸਿੰਘ ਦੇ ਦੱਸਣ ਮੁਤਾਬਕ ਏਐਸਆਈ ਓਮ ਪ੍ਰਕਾਸ਼ ਨੇ ਉਸ ਨੂੰ ਵੀਡੀਓ ਨਾ ਬਣਾਉਣ ਲਈ ਦਬਕੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਵੱਲੋਂ ਆਪਣੀ ਪਛਾਣ ਪੱਤਰਕਾਰ ਵਜੋਂ ਦੱਸਣ ਦੇ ਬਾਵਜੂਦ ਪੁਲੀਸ ਕਰਮਚਾਰੀਆਂ ਨੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਗਾਲ੍ਹਾਂ ਕੱਢੀਆਂ। ਇਸ ਮਗਰੋਂ ਪੁਲੀਸ ਟੀਮ ਜ਼ਬਰਦਸਤੀ ਉਸ ਨੂੰ ਚੁੱਕ ਕੇ ਥਾਣੇ ਲੈ ਗਈ। ਜਿੱਥੇ ਉਸ ’ਤੇ ਅੰਨੇਵਾਹ ਤਸ਼ੱਦਦ ਢਾਹਿਆਂ ਗਿਆ। ਉਸ ਦੀ ਦਸਤਾਰ ਅਤੇ ਕਕਾਰਾਂ ਦੀ ਬੇਅਦਬੀ ਕੀਤੀ ਗਈ ਅਤੇ ਉਸ ਨੂੰ ਥਾਣੇ ਦੀ ਹਵਾਲਾਤ ਵਿੱਚ ਬੰਦ ਕਰ ਦਿੱਤਾ। ਬਾਅਦ ਵਿੱਚ ਐਸਐਚਓ ਮਨਫੂਲ ਸਿੰਘ ਨੇ ਉਸ ਨੂੰ ਬਾਹਰ ਕੱਢਿਆ ਅਤੇ ਯੂਨਾਈਟਿਡ ਸਿੱਖ ਜਥੇਬੰਦੀ ਦੇ ਨੁਮਾਇੰਦਿਆਂ ਨੇ ਉਸ ਨੂੰ ਗੰਭੀਰ ਹਾਲਤ ਵਿੱਚ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਮੌਕੇ ਵਕੀਲ ਤੇਜਿੰਦਰ ਸਿੰਘ ਸੂਦਨ ਤੇ ਪੁਸ਼ਪਿੰਦਰ ਸਿੰਘ ਨੱਤ ਅਤੇ ਯੂਨਾਈਟਿਡ ਸਿੱਖ ਜਥੇਬੰਦੀ ਦੇ ਨੁਮਾਇੰਦੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…