ਪੱਤਰਕਾਰ ਦੀ ਕੁੱਟਮਾਰ: ਗ੍ਰਹਿ ਵਿਭਾਗ ਨੇ ਐਸਐਸਪੀ ਤੋਂ ਰਿਪੋਰਟ ਤਲਬ

ਜਾਂਚ ਅਧਿਕਾਰੀਆਂ ਨੇ ਸਰਕਾਰੀ ਪੱਤਰ ਤੋਂ ਅਣਜਾਨਤਾ ਪ੍ਰਗਟਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੂਨ:
ਇੱਥੋਂ ਦੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼-4 ਵਿੱਚ ਬੀਤੀ 22 ਮਈ ਨੂੰ ਦੋ ਧਿਰਾਂ ਵਿੱਚ ਹੋਏ ਆਪਸੀ ਝਗੜੇ ਦੀ ਕਵਰੇਜ ਕਰ ਰਹੇ ਗੁਰਸਿੱਖ ਪੱਤਰਕਾਰ ਮੇਜਰ ਸਿੰਘ ਪੰਜਾਬੀ ਨੂੰ ਮੌਕੇ ਤੋਂ ਜਬਰੀ ਚੁੱਕ ਕੇ ਫੇਜ਼-1 ਥਾਣੇ ਵਿੱਚ ਲਿਜਾਉਣ ਅਤੇ ਉਸ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਨੇ ਮੁਹਾਲੀ ਐਸਐਸਪੀ ਨੂੰ ਪੱਤਰ ਭੇਜ ਕੇ ਸਮੁੱਚੇ ਘਟਨਾਕ੍ਰਮ ਬਾਰੇ ਰਿਪੋਰਟ ਮੰਗੀ ਹੈ। ਉਧਰ, ਧਾਰਾ 295ਏ ਤਹਿਤ ਦਰਜ ਮਾਮਲੇ ਵਿੱਚ ਨਾਮਜ਼ਦ ਏਐਸਆਈ ਓਮ ਪ੍ਰਕਾਸ਼ ਹਾਲੇ ਤੱਕ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਇਸ ਸਬੰਧੀ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਨੇ ਐਸਐਸਪੀ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਗੁਰਸਿੱਖ ਪੱਤਰਕਾਰ ਮੇਜਰ ਸਿੰਘ ’ਤੇ ਅਣਮਨੁੱਖੀ ਤਸ਼ਦੱਦ ਢਾਹੁਣ ਅਤੇ ਕਕਾਰਾਂ ਦੀ ਬੇਅਦਬੀ ਸਬੰਧੀ ਮਾਮਲੇ ਵਿੱਚ ਇਕ ਹਫ਼ਤੇ ਦੇ ਅੰਦਰ ਅੰਦਰ ਰਿਪੋਰਟ ਭੇਜੀ ਜਾਵੇ। ਇਹ ਪੱਤਰ ਬੀਤੀ 16 ਜੂਨ ਨੂੰ ਜਾਰੀ ਕੀਤਾ ਗਿਆ ਸੀ, ਜੋ ਪੀੜਤ ਪੱਤਰਕਾਰ ਮੇਜਰ ਸਿੰਘ ਨੂੰ ਅੱਜ ਹਾਸਲ ਹੋਇਆ ਹੈ। ਪੱਤਰ ਵਿੱਚ ਰਿਪੋਰਟ ਦੀ ਕਾਪੀ ਸ਼ਿਕਾਇਤ ਕਰਤਾ ਮੇਜਰ ਸਿੰਘ ਨੂੰ ਵੀ ਦੇਣ ਲਈ ਆਖਿਆ ਹੈ।
ਅੱਜ ਇੱਥੇ ਮੇਜਰ ਸਿੰਘ ਪੰਜਾਬੀ ਨੇ ਦੱਸਿਆ ਕਿ ਉਸ ਨੇ ਆਪਣੇ ਨਾਲ ਹੋਈ ਵਧੀਕੀ ਅਤੇ ਕੁੱਟਮਾਰ ਦੇ ਮਾਮਲੇ ਸਬੰਧੀ ਕੀਤੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਦਿਆਂ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਹੁਣ ਤੱਕ ਉਨ੍ਹਾਂ ਦੀ ਸ਼ਿਕਾਇਤ ’ਤੇ ਥਾਣੇਦਾਰਾਂ ਖ਼ਿਲਾਫ਼ ਵੱਖਰੀ ਐਫ਼ਆਈਆਰ ਦਰਜ ਨਹੀਂ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਉੱਚ ਅਧਿਕਾਰੀ ਛੋਟੇ ਥਾਣੇਦਾਰਾਂ ਨੂੰ ਬਚਾਉਣ ਲਈ ਮਹਿਜ ਖਾਨਾ ਪੂਰਤੀ ਕਰ ਰਹੇ ਹਨ।
ਉਧਰ, ਇਸ ਸਬੰਧੀ ਮਾਮਲੇ ਦੇ ਜਾਂਚ ਅਧਿਕਾਰੀ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਅਤੇ ਡੀਐਸਪੀ (ਸਿਟੀ-1) ਨੇ ਉਕਤ ਮਾਮਲੇ ਸਬੰਧੀ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਇਕ ਹਫ਼ਤੇ ਦੇ ਅੰਦਰ-ਅੰਦਰ ਰਿਪੋਰਟ ਦੇਣ ਸਬੰਧੀ ਜਾਰੀ ਪੱਤਰ ਬਾਰੇ ਅਣਜਾਨਤਾ ਪ੍ਰਗਟਾਈ ਹੈ।

Load More Related Articles

Check Also

ਦਸਵੀਂ ਜਮਾਤ: ਸਰਕਾਰੀ ਗਰਲਜ਼ ਸਕੂਲ ਸੋਹਾਣਾ ਦੀਆਂ ਵਿਦਿਆਰਥਣਾਂ ਦਾ ਸਨਮਾਨ

ਦਸਵੀਂ ਜਮਾਤ: ਸਰਕਾਰੀ ਗਰਲਜ਼ ਸਕੂਲ ਸੋਹਾਣਾ ਦੀਆਂ ਵਿਦਿਆਰਥਣਾਂ ਦਾ ਸਨਮਾਨ ਨਬਜ਼-ਏ-ਪੰਜਾਬ, ਮੁਹਾਲੀ, 17 ਮਈ: ਸ…