
ਵਿਸ਼ਲੇਸ਼ਣ ਦੀ ਮੰਗ ਕਰਦਾ ਹੈ ਪੱਤਰਕਾਰ ਕੇ.ਜੇ.ਸਿੰਘ ਕਤਲ ਕਾਂਡ: ਗੁਰਕਿਰਪਾਲ ਮਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਕਤੂਬਰ:
ਪੰਜਾਬ ਡੈਮੋਕ੍ਰੇਟਿਕ ਪਾਰਟੀ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਕਿਰਪਾਲ ਸਿੰਘ ਮਾਨ ਦੀ ਅਗਵਾਈ ਵਿੱਚ ਹੋਈ, ਜਿਸ ਵਿਚ ਪਿਛਲੇ ਦਿਨਾਂ ਦੌਰਾਨ ਮੁਹਾਲੀ ਵਿਖੇ ਸਾਬਕਾ ਪੱਤਰਕਾਰ ਕੇ ਜੇ ਸਿੰਘ ਅਤੇ ਉਸਦੀ ਮਾਤਾ ਦੇ ਕਤਲ ਕਾਂਡ ਬਾਰੇ ਵਿਚਾਰ ਕੀਤਾ ਗਿਆ। ਇਸ ਮੌਕੇ ਸ੍ਰੀ ਗੁਰਕਿਰਪਾਲ ਸਿੰਘ ਮਾਨ ਨੇ ਕਿਹਾ ਕਿ ਪੁਲੀਸ ਦਾਅਵਾ ਕਰ ਰਹੀ ਹੈ ਕਿ ਸਾਬਕਾ ਪੱਤਰਕਾਰ ਕੇ ਜੇ ਸਿੰਘ ਦੇ ਕਾਤਲ ਦਾ ਇਰਾਦਾ ਸਿਰਫ ਬਦਲਾ ਲੈਣਾ ਸੀ, ਪਰ ਇਸ ਸਬੰਧੀ ਡੂੰਘੇ ਵਿਸ਼ਲੇਸ਼ਣ ਦੀ ਜ਼ਰੂਰਤ ਹੈ, ਤਾਂ ਜੋ ਅਜਿਹੀ ਵਾਰਦਾਤ ਅਤੇ ਯੁਵਕਾਂ ਅੰਦਰ ਵਧ ਰਹੀ ਅਸਹਿਣਸ਼ੀਲਤਾ ਨਾਲ ਸਬੰਧਿਤ ਅਪਰਾਧਾਂ ਨੂੰ ਰੋਕਣ ਲਈ ਸਹੀ ਕਾਰਵਾਈ ਕੀਤੀ ਜਾ ਸਕੇ।
ਉਹਨਾਂ ਕਿਹਾ ਕਿ ਪੁਲੀਸ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਅਤੇ ਕਾਨੂੰਨ, ਵਿਵਸਥਾ ਦੀ ਗੰਭੀਰ ਹਾਲਤ ਕਾਰਨ ਅਪਰਾਧੀ ਪੁਲੀਸ ਤੋਂ ਡਰਦੇ ਨਹੀਂ ਹਨ, ਕਿਉੱਕਿ ਉਹ ਸੋਚਦੇ ਹਨ ਕਿ ਪੁਲੀਸ ਮੌਕੇ ਤੇ ਕਦੇ ਵੀ ਨਹੀਂ ਪਹੁੰਚ ਪਾਏਗੀ ਅਤੇ ਉਹ ਅਪਰਾਧ ਕਰਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਜਾਣਗੇ। ਉਹਨਾਂ ਕਿਹਾ ਕਿ ਨੌਜਵਾਨਾਂ ਵਿੱਚ ਅਸਹਿਣਸ਼ੀਲਤਾ ਜਿਆਦਾਤਰ ਬੇਰੁਜ਼ਗਾਰੀ ਦੇ ਕਾਰਨ ਵੱਧ ਰਹੀ ਹੈ, ਵਿੱਤੀ ਸੰਕਟ ਕਾਰਨ ਬੇਰੁਜ਼ਗਾਰ ਨੌਜਵਾਨ ਨਿਰਾਸ਼ ਹੋ ਜਾਂਦੇ ਹਨ, ਅਤੇ ਉਹ ਨਾਕਰਾਤਮਕ ਕਦਮ ਚੁੱਕਣੇ ਸ਼ੁਰੂ ਕਰ ਦਿੰਦੇ ਹਨ।