ਪੱਤਰਕਾਰ ਹੱਤਿਆ ਕਾਂਡ: ਮੁਹਾਲੀ ਅਦਾਲਤ ਵੱਲੋਂ ਪੁਲੀਸ ਨੂੰ ਮੁਲਜ਼ਮ ਦੇ ਖ਼ਿਲਾਫ਼ ਜਲਦੀ ਚਲਾਨ ਪੇਸ਼ ਕਰਨ ਦੇ ਹੁਕਮ

ਮੁਲਜ਼ਮ ਗੌਰਵ ਕੁਮਾਰ ਦੇ ਜੁਡੀਸ਼ਲ ਰਿਮਾਂਡ ’ਚ ਵਾਧਾ, ਅਗਲੀ ਸੁਣਵਾਈ 30 ਨਵੰਬਰ ਨੂੰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਨਵੰਬਰ:
ਇੱਥੋਂ ਦੇ ਫੇਜ਼-3ਬੀ2 ਵਿੱਚ ਸੀਨੀਅਰ ਪੱਤਰਕਾਰ ਕੇਜੇ ਸਿੰਘ ਅਤੇ ਉਸ ਦੀ ਬਜ਼ੁਰਗ ਮਾਤਾ ਗੁਰਚਰਨ ਕੌਰ ਦੇ ਦੋਹਰੇ ਕਤਲ ਕੇਸ ਦੀ ਸੁਣਵਾਈ ਵੀਰਵਾਰ ਨੂੰ ਮੁਹਾਲੀ ਅਦਾਲਤ ਵਿੱਚ ਹੋਈ। ਮੁਲਜ਼ਮ ਗੌਰਵ ਕੁਮਾਰ ਵਾਸੀ ਪਿਪਾਲਾ, ਜ਼ਿਲ੍ਹਾ ਬੁਲੰਦ ਸ਼ਹਿਰ (ਯੂ.ਪੀ) ਨੇ ਵੀ ਪੇਸ਼ੀ ਭੁਗਤੀ। ਉਹ ਨਾਭਾ ਜੇਲ੍ਹ ਵਿੱਚ ਬੰਦ ਹੈ। ਅਦਾਲਤ ਨੇ ਮੁਲਜ਼ਮ ਗੌਰਵ ਦੇ ਜੁਡੀਸ਼ਲ ਰਿਮਾਂਡ ਵਿੱਚ ਵਾਧਾ ਕਰਦਿਆਂ ਮੁਹਾਲੀ ਪੁਲੀਸ ਨੂੰ ਆਦੇਸ਼ ਜਾਰੀ ਕੀਤੇ ਹਨ। ਇਸ ਹੱਤਿਆ ਕਾਂਡ ਸਬੰਧੀ ਅਦਾਲਤ ਵਿੱਚ ਜਲਦੀ ਚਲਾਨ ਪੇਸ਼ ਕੀਤਾ ਜਾਵੇ। ਇਸ ਕੇਸ ਦੀ ਅਗਲੀ ਸੁਣਵਾਈ 30 ਨਵੰਬਰ ਨੂੰ ਹੋਵੇਗੀ।
ਉਧਰ, ਬਚਾਅ ਪੱਖ ਦੇ ਵਕੀਲ ਨਵੀਨ ਸੈਣੀ ਨੇ ਪੁਲੀਸ ਕਾਰਵਾਈ ’ਤੇ ਸਵਾਲ ਉਠਾਉਂਦਿਆਂ ਮੁਲਜ਼ਮ ਗੌਰਵ ਕੁਮਾਰ ਨੂੰ ਬੇਕਸੂਰ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲੀਸ ਵੱਲੋਂ ਗੌਰਵ ਨੂੰ ਝੂਠੇ ਮੁਕੱਦਮੇ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੇ ਕੇਸ ਵਿੱਚ ਬਿਲਕੁਲ ਵੀ ਜਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਪੁਲੀਸ ਨੇ ਵਾਰਦਾਤ ਵਾਲੇ ਦਿਨ ਮ੍ਰਿਤਕ ਪੱਤਰਕਾਰ ਦੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਸੀ ਲੇਕਿਨ ਪੁਲੀਸ ਨੇ ਕੇਵਲ ਇੱਕ ਮੋਬਾਈਲ ਦੀ ਬਰਾਮਦਗੀ ਦਿਖਾਈ ਹੈ। ਬਚਾਅ ਪੱਖ ਦੇ ਵਕੀਲ ਨੇ ਦੱਸਿਆ ਕਿ ਪੁਲੀਸ ਨੇ ਦੂਜੇ ਫੋਨ ਦੀ ਕਾਲ ਡਿਟੇਲ ਅਤੇ ਐਸਐਮਐਸ ਅਤੇ ਵਸਟਐਪ ਡਾਟਾ ਵੀ ਹਾਸਲ ਕੀਤਾ ਹੈ। ਜਿਸ ਤੋਂ ਇਹ ਪਤਾ ਲੱਗਾ ਹੈ ਕਿ ਪੱਤਰਕਾਰ ਦੀ ਕਿਸੇ ਅੌਰਤ ਨਾਲ ਕਰੀਬ 6 ਹਜ਼ਾਰ ਕਾਲਾਂ ਕੀਤੀਆਂ ਅਤੇ ਸੁਣੀਆਂ ਗਈਆਂ ਹਨ ਲੇਕਿਨ ਪੁਲੀਸ ਅਸਲ ਮੁਲਜ਼ਮ ਨੂੰ ਬਚਾਉਣ ਲਈ ਇਸ ਗੱਲ ਦਾ ਖੁਲਾਸਾ ਕਰਨ ਤੋਂ ਭੱਜ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੀ 22 ਤੇ 23 ਸਤੰਬਰ ਦੀ ਰਾਤ ਨੂੰ ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਸ ਦੀ ਬਜ਼ੁਰਗ ਮਾਂ ਗੁਰਚਰਨ ਕੌਰ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਪੱਤਰਕਾਰ ਦੇ ਸਰੀਰ ਉੱਤੇ ਤੇਜ਼ਧਾਰ ਹਥਿਆਰ ਨਾਲ ਲਗਭਗ 14-15 ਵਾਰ ਕੀਤੇ ਗਏ ਸਨ ਅਤੇ ਉਸ ਦੀ ਲਾਸ਼ ਪੂਰੀ ਤਰ੍ਹਾਂ ਵਿੰਨੀ ਹੋਈ ਸੀ ਪ੍ਰੰਤੂ ਮੈਡੀਕਲ ਬੋਰਡ ਅਨੁਸਾਰ ਉਨ੍ਹਾਂ ਦੀ ਮੌਤ ਗਲੇ ’ਤੇ ਹਮਲੇ ਕਾਰਨ ਸਾਹ ਦੀ ਨਾਲੀ ਕੱਟ ਜਾਣ ਨਾਲ ਹੋਈ। ਜਦੋਂ ਕਿ ਪੱਤਰਕਾਰ ਦੀ ਬਿਰਧ ਮਾਂ ਦੀ ਗਲਾ ਘੁੱਟਣ ਕਾਰਨ ਮੌਤ ਹੋਈ ਸੀ। ਇਸ ਸਬੰਧੀ ਗੌਰਵ ਕੁਮਾਰ ਦੇ ਖ਼ਿਲਾਫ਼ ਮਟੌਰ ਥਾਣੇ ਵਿੱਚ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ ਜਦੋਂ ਕਿ ਵਾਰਦਾਤ ਤੋਂ ਕਰੀਬ ਸਵਾ ਮਹੀਨੇ ਬਾਅਦ ਮੁਲਜ਼ਮ ਦੇ ਖ਼ਿਲਾਫ਼ ਸਬੂਤ ਮਿਟਾਉਣ ਦੇ ਦੋਸ਼ ਵਿੱਚ ਪੁਲੀਸ ਨੇ ਧਾਰਾ 201 ਵੀ ਜੋੜੀ ਗਈ ਹੈ। ਗੌਰਵ ’ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਖੂਨ ਨਾਲ ਲਿੱਬੜੇ ਕੱਪੜੇ ਖ਼ੁਰਦ ਬੁਰਦ ਕਰਨ ਦਾ ਵੀ ਦੋਸ਼ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …