ਪੱਤਰਕਾਰ ਹੱਤਿਆ ਕਾਂਡ: ਮੁਲਜ਼ਮ ਗੌਰਵ ਕੁਮਾਰ ਨੂੰ ਨਾਭਾ ਜੇਲ੍ਹ ਭੇਜਿਆ

ਬਚਾਅ ਪੱਖ ਦੇ ਵਕੀਲ ਨਵੀਨ ਸੈਣੀ ਨੇ ਜੱਜ ਦੇ ਸਾਹਮਣੇ ਪੁਲੀਸ ਅਧਿਕਾਰੀਆਂ ਨੂੰ ਪੜ੍ਹਾਇਆ ਕਾਨੂੰਨ ਦਾ ਪਾਠ

ਪੁਲੀਸ ਨੇ ਮੁਲਜ਼ਮ ਵਿਰੁੱਧ ਧਾਰਾ 201 ਵੀ ਜੋੜੀ, ਸਬੂਤ ਮਿਟਾਉਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਨਵੰਬਰ:
ਮੁਹਾਲੀ ਪੁਲੀਸ ਵੱਲੋਂ ਇੱਥੋਂ ਦੇ ਫੇਜ਼-3ਬੀ2 ਵਿੱਚ ਸੀਨੀਅਰ ਪੱਤਰਕਾਰ ਕੇਜੇ ਸਿੰਘ ਅਤੇ ਉਸ ਦੀ ਬਜ਼ੁਰਗ ਮਾਤਾ ਗੁਰਚਰਨ ਕੌਰ ਦੇ ਦੋਹਰੇ ਅੰਨ੍ਹੇ ਕਤਲ ਕੇਸ ਵਿੱਚ ਗ੍ਰਿਫ਼ਤਾਰ ਗੌਰਵ ਕੁਮਾਰ ਵਾਸੀ ਪਿਪਾਲਾ, ਜ਼ਿਲ੍ਹਾ ਬੁਲੰਦ ਸ਼ਹਿਰ (ਯੂ.ਪੀ) ਦੇ ਖ਼ਿਲਾਫ਼ ਕਰੀਬ ਸਵਾ ਮਹੀਨੇ ਬਾਅਦ ਸਬੂਤ ਮਿਟਾਉਣ ਦੇ ਦੋਸ਼ ਵਿੱਚ ਹੁਣ ਪੁਲੀਸ ਨੇ ਧਾਰਾ 201 ਵੀ ਜੋੜ ਦਿੱਤੀ ਹੈ। ਗੌਰਵ ’ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਖੂਨ ਨਾਲ ਲਿੱਬੜੇ ਕੱਪੜੇ ਖ਼ੁਰਦ ਬੁਰਦ ਕਰਨ ਦਾ ਦੋਸ਼ ਹੈ।
ਉਧਰ, ਮੁਲਜ਼ਮ ਗੌਰਵ ਕੁਮਾਰ ਨੂੰ ਪਹਿਲਾਂ ਦਿੱਤਾ 6 ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਵੀਰਵਾਰ ਨੂੰ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਨਾਭਾ ਜੇਲ੍ਹ ਭੇਜ ਦਿੱਤਾ। ਅਦਾਲਤ ਵਿੱਚ ਪੇਸ਼ ਹੋਏ ਮਟੌਰ ਥਾਣੇ ਦੇ ਐਸਐਚਓ ਤੇ ਜਾਂਚ ਅਧਿਕਾਰੀ ਇੰਸਪੈਕਟਰ ਜਰਨੈਲ ਸਿੰਘ ਨੇ ਮੁਲਜ਼ਮ ਦੇ ਪੁਲੀਸ ਰਿਮਾਂਡ ਵਿੱਚ ਵਾਧੇ ਦੀ ਮੰਗ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਕੋਲੋਂ ਹੋਰ ਪੁੱਛਗਿੱਛ ਕਰਨੀ ਬਾਕੀ ਹੈ ਅਤੇ ਮੁਲਜ਼ਮ ਤੋਂ ਵਾਰਦਾਤ ਨੂੰ ਅੰਜਾਮ ਦੇਣ ਵੇਲੇ ਪਹਿਨੇ ਖੂਨ ਨਾਲ ਲੱਥਪੱਥ ਕੱਪੜੇ ਬਰਾਮਦ ਕੀਤੇ ਜਾਣੇ ਹਨ।
ਉਧਰ, ਬਚਾਅ ਪੱਖ ਦੇ ਵਕੀਲ ਨਵੀਨ ਸੈਣੀ ਨੇ ਪੁਲੀਸ ਰਿਮਾਂਡ ਦਾ ਵਿਰੋਧ ਕਰਦਿਆਂ ਪੁਲੀਸ ਦੀ ਕਾਰਵਾਈ ’ਤੇ ਕਈ ਸਵਾਲ ਉਠਾਏ। ਉਨ੍ਹਾਂ ਪੁਲੀਸ ਨੂੰ ਕਾਨੂੰਨ ਦਾ ਪਾਠ ਪੜ੍ਹਾਉਂਦਿਆਂ ਅਦਾਲਤ ਨੂੰ ਦੱਸਿਆ ਕਿ ਜਾਂਚ ਅਧਿਕਾਰੀ ਖ਼ੁਦ ਕਹਿ ਰਹੇ ਹਨ ਕਿ ਮੁਲਜ਼ਮ ਵਿਰੁੱਧ ਸਬੂਤ ਮਿਟਾਉਣ ਦੀ ਧਾਰਾ ਜੋੜੀ ਗਈ ਹੈ ਕਿਉਂਕਿ ਉਸ ਨੇ ਖੂਨ ਨਾਲ ਲਿੱਬੜੇ ਕੱਪੜੇ ਨਸ਼ਟ ਕਰ ਦਿੱਤੇ ਹਨ। ਵਕੀਲ ਨੇ ਕਿਹਾ ਕਿ ਜੇਕਰ ਮੁਲਜ਼ਮ ਨੇ ਕੱਪੜੇ ਨਸ਼ਟ ਕਰ ਦਿੱਤੇ ਤਾਂ ਨਸ਼ਟ ਕੀਤੀ ਚੀਜ਼ ਨੂੰ ਕਿਵੇਂ ਬਰਾਮਦ ਕੀਤਾ ਜਾ ਸਕਦਾ ਹੈ। ਬਚਾਅ ਪੱਖ ਨੇ ਕਿਹਾ ਕਿ ਐਸਐਸਪੀ ਪ੍ਰੈਸ ਕਾਨਫਰੰਸ ਦੌਰਾਨ ਜਨਤਕ ਤੌਰ ’ਤੇ ਖ਼ੁਦ ਇਹ ਦਾਅਵਾ ਕਰ ਚੁੱਕੇ ਹਨ ਕਿ ਮੁਲਜ਼ਮਾਂ ਕੋਲੋਂ ਮ੍ਰਿਤਕ ਪੱਤਰਕਾਰ ਦੇ ਘਰ ਦੇ ਬਾਹਰੋਂ ਦੀ ਚੋਰੀ ਕੀਤੀ ਫੋਰਡ ਆਈਕਾਨ ਕਾਰ ਅਤੇ ਹੋਰ ਕੀਮਤੀ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਪੁਲੀਸ ਸਮਾਨ ਵੀ ਡਿਟੇਲ ਵੀ ਦਿੱਤੀ ਸੀ ਅਤੇ ਇਹ ਸਾਰਾ ਕੁੱਝ ਮੀਡੀਆ ਵਿੱਚ ਛਪ ਚੁੱਕਾ ਹੈ। ਉਂਜ ਵੀ ਮੁਲਜ਼ਮ ਪਿਛਲੇ ਛੇ ਦਿਨਾਂ ਤੋਂ ਪੁਲੀਸ ਹਿਰਾਸਤ ਵਿੱਚ ਹੈ ਅਤੇ ਪੁਲੀਸ ਲੋੜੀਂਦੀ ਪੁੱਛਗਿੱਛ ਕਰ ਚੁੱਕੀ ਹੈ। ਇਸ ਲਈ ਹੁਣ ਮੁਲਜ਼ਮ ਦੇ ਹੋਰ ਪੁਲੀਸ ਰਿਮਾਂਡ ਦੀ ਕੋਈ ਜ਼ਰੂਰਤ ਨਹੀਂ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਗੌਰਵ ਨੂੰ ਨਿਆਇਕ ਹਿਰਾਸਤ ਅਧੀਨ ਨਾਭਾ ਜੇਲ੍ਹ ਭੇਜ ਦਿੱਤਾ।
(ਬਾਕਸ ਆਈਟਮ)
ਉਧਰ, ਮੁਲਜ਼ਮ ਗੌਰਵ ਕੁਮਾਰ ਦੇ ਪਿਤਾ ਸਤਬੀਰ ਸਿੰਘ (ਸਾਬਕਾ ਫੌਜੀ) ਨੇ ਮੁੜ ਦੁਹਰਾਇਆ ਕਿ ਮੁਹਾਲੀ ਪੁਲੀਸ ਉਸ ਦੇ ਬੇਟੇ ਨੂੰ ਦੋਹਰੇ ਹੱਤਿਆ ਕਾਂਡ ਦੇ ਝੂਠੇ ਮਾਮਲੇ ਵਿੱਚ ਫਸਾ ਰਹੀ ਹੈ। ਮੁਲਜ਼ਮ ਦੇ ਪਿਤਾ ਨੇ ਕਿਹਾ ਕਿ ਉਹ ਇਨਸਾਫ਼ ਪ੍ਰਾਪਤੀ ਲਈ ਜਲਦੀ ਹੀ ਯੂ.ਪੀ ਦੇ ਮੁੱਖ ਮੰਤਰੀ ਨੂੰ ਮਿਲਣਗੇ ਅਤੇ ਸਾਬਕਾ ਫੌਜੀਆਂ ਦੀ ਸੰਸਥਾ ਐਕਸ ਸਰਵਿਸਮੈਨ ਨੂੰ ਪੱਤਰ ਲਿਖ ਕੇ ਕਾਨੂੰਨੀ ਚਾਰਾਜੋਈ ਵਿੱਚ ਮਦਦ ਦੀ ਗੁਹਾਰ ਲਗਾਉਣਗੇ। ਉਨ੍ਹਾਂ ਕਿਹਾ ਕਿ ਉਸ ਨੂੰ ਕਾਨੂੰਨ ਅਤੇ ਨਿਆਂ ਪਾਲਕਾ ’ਤੇ ਪੂਰਾ ਭਰੋਸਾ ਹੈ ਅਤੇ ਉਸ ਦੇ ਬੇਟੇ ਨੂੰ ਜ਼ਰੂਰ ਇਨਸਾਫ਼ ਮਿਲੇਗਾ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…