ਪੱਤਰਕਾਰ ਕਤਲ ਕਾਂਡ: ਮੁਹਾਲੀ ਪੁਲੀਸ ਵੱਲੋਂ ਹੁਣ ਤੱਕ 60 ਲੋਕਾਂ ਤੋਂ ਪੁੱਛਗਿੱਛ, ਨਹੀਂ ਮਿਲਿਆ ਠੋਸ ਸੁਰਾਗ

ਪੁਲੀਸ ਮੁਲਜ਼ਮਾਂ ਦੀ ਪੈੜ ਨੱਪਣ ਵਿੱਚ ਫੇਲ, ਪਰਿਵਾਰਕ ਮੈਂਬਰ ਤੇ ਵੱਖ ਵੱਖ ਸਿਆਸੀ ਧਿਰਾਂ ਨੇ ਵੀ ਅਜੇ ਤਾਈਂ ਨਹੀਂ ਤੋੜੀ ਚੁੱਪੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਕਤੂਬਰ:
ਮੁਹਾਲੀ ਪੁਲੀਸ ਇੱਥੋਂ ਦੇ ਫੇਜ਼-3ਬੀ2 ਵਿੱਚ ਸਥਿਤ ਕੋਠੀ ਨੰਬਰ 1796 ਵਿੱਚ ਰਹਿੰਦੇ ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਬਜ਼ੁਰਗ ਮਾਤਾ ਗੁਰਚਰਨ ਕੌਰ ਦੇ ਅੰਨ੍ਹੇ ਕਤਲ ਕੇਸ ਨੂੰ ਸੁਲਝਾਉਣ ਵਿੱਚ ਫੇਲ ਸਾਬਤ ਹੋ ਰਹੀ ਹੈ। ਇਸ ਸਬੰਧੀ ਪੁਲੀਸ ਹਨੇਰੇ ਵਿੱਚ ਤੀਰ ਮਾਰ ਰਹੀ ਹੈ। ਇਸ ਸਬੰਧੀ ਪੁਲੀਸ ਵੱਲੋਂ ਹੁਣ ਤੱਕ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਮਿੱਤਰਚਾਰੇ ਸਮੇਤ ਕਰੀਬ 60 ਵਿਅਕਤੀਆਂ ਕੋਲੋਂ ਪੁੱਛਗਿੱਛ ਕਰ ਚੁੱਕੀ ਹੈ ਲੇਕਿਨ ਇਸ ਹਾਈ ਪ੍ਰੋਫਾਈਲ ਕਤਲ ਕੇਸ ਬਾਰੇ ਪੁਲੀਸ ਮੁਲਜ਼ਮਾਂ ਦੀ ਪੈੜ ਨੱਪਣ ਵਿੱਚ ਅਸਫ਼ਲ ਰਹੀ ਹੈ। ਮਾਂ ਪੁੱਤ ਤੇ ਇਸ ਦੋਹਰੇ ਕਤਲ ਦੀ ਵਾਰਦਾਤ ਨੂੰ 16 ਦਿਨ ਬੀਤ ਚੁੱਕੇ ਚੁੱਕੇ ਹਨ ਪ੍ਰੰਤੂ ਪੁਲੀਸ ਦੇ ਹੱਥ ਕੋਈ ਠੋਸ ਸੁਰਾਗ ਨਹੀਂ ਲੱਗਿਆ। ਇਹੀ ਨਹੀਂ ਪੀੜਤ ਪਰਿਵਾਰ, ਨਜ਼ਦੀਕੀ ਰਿਸ਼ਤੇਦਾਰਾਂ ਸਮੇਤ ਵੱਖ ਵੱਖ ਸਿਆਸੀ ਧਿਰਾਂ ਨੇ ਵੀ ਹਾਲੇ ਤੱਕ ਆਪਣੀ ਚੁੱਪੀ ਨਹੀਂ ਤੋੜੀ ਹੈ। ਇਸ ਤਰ੍ਹਾਂ ਦਾ ਆਪਣੀ ਕਿਸਮ ਦਾ ਇਹ ਪਹਿਲਾਂ ਮਾਮਲਾ ਹੈ। ਜਿਸ ਵਿੱਚ ਮੁਦਈ ਅਤੇ ਵਿਰੋਧੀ ਧਿਰਾਂ ਅੱਖਾਂ ਮੀਚ ਕੇ ਬੈਠੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਮ੍ਰਿਤਕ ਪੱਤਰਕਾਰ ਕੇਜੇ ਸਿੰਘ ਦੇ ਮੋਬਾਈਲ ਫੋਨ ਦਾ ਡਾਟਾ ਅਤੇ ਕਤਲ ਵਾਲੀ ਰਾਤ ਦੇ ਸਮੇਂ ਦਾ ਮੋਬਾਈਲ ਟਾਵਰ ਦਾ ਡੰਪ ਚੁੱਕਿਆ ਗਿਆ ਹੈ। ਜਿਨ੍ਹਾਂ ਲੋਕਾਂ ਦੀ ਪੱਤਰਕਾਰ ਦੇ ਘਰ ਦੇ ਨੇੜੇ ਤੇੜੇ ਦੀ ਲੋਕੇਸ਼ਨ ਆਈ ਹੈ। ਪੁਲੀਸ ਨੇ ਉਨ੍ਹਾਂ ਸਾਰੇ ਵਿਅਕਤੀਆਂ ਦੀ ਸੂਚੀ ਤਿਆਰ ਕਰ ਲਈ ਹੈ। ਜਿਨ੍ਹਾਂ ਨੂੰ ਫੋਨ ਕਰਕੇ ਸਨਿੱਚਰਵਾਰ ਨੂੰ ਪੁੱਛਗਿੱਛ ਲਈ ਮਟੌਰ ਥਾਣੇ ਤਲਬ ਕੀਤਾ ਗਿਆ ਸੀ। ਇਸ ਕੰਮ ’ਤੇ ਕਈ ਪੁਲੀਸ ਟੀਮਾਂ ਲੱਗੀਆਂ ਹੋਈਆਂ ਹਨ। ਲੇਕਿਨ ਪੁੱਛਗਿੱਛ ਦੌਰਾਨ ਕਾਤਲਾਂ ਬਾਰੇ ਪੁਲੀਸ ਨੂੰ ਕੋਈ ਜਾਣਕਾਰੀ ਹੱਥ ਨਹੀਂ ਲੱਗੀ। ਇਹੀ ਨਹੀਂ ਅਜੇ ਤਾਈਂ ਪੁਲੀਸ ਵਾਰਦਾਤ ਵਾਲੀ ਰਾਤ ਪੱਤਰਕਾਰ ਦੇ ਘਰ ਦੇ ਬਾਹਰੋਂ ਚੋਰੀ ਹੋਈ ਫੋਰਡ ਆਈਕਾਨ ਕਾਰ ਨੂੰ ਵੀ ਪੁਲੀਸ ਬਰਾਮਦ ਨਹੀਂ ਕਰ ਸਕੀ ਹੈ। ਉਧਰ, ਪੁਲੀਸ ਸੂਤਰਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਪੁਲੀਸ ਨੇ ਤਿੰਨ ਚਾਰ ਜਾਣਕਾਰਾਂ ਨੂੰ ਹਿਰਾਸਤ ਵਿੱਚ ਲਿਆ ਹੋਇਆ ਹੈ ਅਤੇ ਅਗਲੇ ਇੱਕ ਦੋ ਦਿਨਾਂ ਵਿੱਚ ਕੇਸ ਬਾਰੇ ਅਹਿਮ ਖੁਲਾਸਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ, ਪ੍ਰੰਤੂ ਇਸ ਬਾਰੇ ਕੋਈ ਅਧਿਕਾਰੀ ਆਪਣਾ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਡੀਐਸਪੀ (ਸਿਟੀ-1) ਆਲਮ ਵਿਜੇ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ 60 ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਜਿਨ੍ਹਾਂ ਵਿੱਚ ਮ੍ਰਿਤਕ ਪੱਤਰਕਾਰ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੋਬਾਈਲ ਫੋਨ ਦੀ ਲੋਕੇਸ਼ਨ ਨੂੰ ਆਧਾਰ ਬਣਾ ਕੇ ਬੀਤੇ ਦਿਨੀਂ ਮਟੌਰ ਥਾਣੇ ਵਿੱਚ ਕਾਫੀ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਲੇਕਿਨ ਕਾਤਲਾਂ ਬਾਰੇ ਕੋਈ ਠੋਸ ਸੁਰਾਗ ਨਹੀਂ ਮਿਲਿਆ ਹੈ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…