ਪੱਤਰਕਾਰ ’ਤੇ ਅਣਮਨੁੱਖੀ ਤਸ਼ੱਦਦ ਦਾ ਮਾਮਲਾ: ਪ੍ਰੈਸ ਕੌਂਸਲ ਆਫ਼ ਇੰਡੀਆ ਨੇ ਡੀਜੀਪੀ ਤੇ ਮੁੱਖ ਸਕੱਤਰ ਤੋਂ ਟਿੱਪਣੀ ਮੰਗੀ

ਢਾਈ ਸਾਲਾਂ ਦੌਰਾਨ ਪੀੜਤ ਪੱਤਰਕਾਰ ਨੂੰ ਨਹੀਂ ਮਿਲਿਆ ਇਨਸਾਫ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਦਸੰਬਰ:
ਸੀਨੀਅਰ ਪੱਤਰਕਾਰ ਮੇਜਰ ਸਿੰਘ ਪੰਜਾਬੀ ਉੱਤੇ ਦੋ ਥਾਣੇਦਾਰਾਂ ਵੱਲੋਂ ਕੀਤੇ ਗਏ ਅਣਮਨੁੱਖੀ ਤਸ਼ੱਦਦ ਦੇ ਮਾਮਲੇ ਵਿੱਚ ਪੈੱ੍ਰਸ ਕੌਂਸਲ ਆਫ਼ ਇੰਡੀਆ ਨੇ ਪੰਜਾਬ ਦੇ ਮੁੱਖ ਸਕੱਤਰ, ਵਧੀਕ ਮੁੱਖ ਸਕੱਤਰ (ਗ੍ਰਹਿ), ਡੀਜੀਪੀ ਅਤੇ ਮੁਹਾਲੀ ਦੇ ਐੱਸਐੱਸਪੀ ਤੋਂ ਇਸ ਮਾਮਲੇ ਵਿੱਚ ਕੀਤੀ ਗਈ ਕਾਨੂੰਨੀ ਕਾਰਵਾਈ ਸਬੰਧੀ ਸੰਤੁਸ਼ਟੀ ਨਾ ਹੋਣ ’ਤੇ ਟਿੱਪਣੀ ਮੰਗੀ ਹੈ। ਪੈੱ੍ਰਸ ਕੌਂਸਲ ਨੇ ਉੱਚ ਅਧਿਕਾਰੀਆਂ ਨੂੰ ਭੇਜੇ ਨੋਟਿਸ ਦਾ ਉਤਾਰਾ ਪੀੜਤ ਪੱਤਰਕਾਰ ਮੇਜਰ ਸਿੰਘ ਨੂੰ ਜਾਣਕਾਰੀ ਲਈ ਭੇਜਿਆ ਹੈ।
ਜਾਣਕਾਰੀ ਅਨੁਸਾਰ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼-4 ਵਿੱਚ ਦੋ ਧੜਿਆਂ ਦੇ ਆਪਸੀ ਵਿਵਾਦ ਬਾਰੇ ਕਵਰੇਜ ਕਰਦੇ ਸਮੇਂ ਏਐਸਆਈ ਓਮ ਪ੍ਰਕਾਸ਼ ਅਤੇ ਏਐਸਆਈ ਅਮਰ ਨਾਥ ਵੱਲੋਂ ਲਗਪਗ ਢਾਈ ਸਾਲ ਪਹਿਲਾਂ ਮੇਜਰ ਸਿੰਘ ਕੋਲੋਂ ਮੋਬਾਈਲ ਖੋਹਣ ਉਪਰੰਤ ਜ਼ਬਰਦਸਤੀ ਥਾਣੇ ਲਿਜਾ ਕੇ ਅਣਮਨੁੱਖੀ ਤਸ਼ੱਦਦ ਕਰਦੇ ਹੋਏ ਅੰਮ੍ਰਿਤਧਾਰੀ ਪੀੜਤ ਪੱਤਰਕਾਰ ਦੇ ਕਕਾਰਾਂ ਨੂੰ ਪੈਰਾਂ ਵਿੱਚ ਰੋਲਿਆ ਗਿਆ ਸੀ ਅਤੇ ਗਲਤ ਤਰੀਕੇ ਨਾਲ ਨਾਜਾਇਜ਼ ਹਵਾਲਾਤ ਵਿੱਚ ਬੰਦ ਕਰ ਦਿੱਤਾ ਸੀ।
ਮੇਜਰ ਸਿੰਘ ਨੇ ਇਸ ਤੋਂ ਪਹਿਲਾਂ ਪੈੱ੍ਰਸ ਕੌਂਸਲ ਆਫ਼ ਇੰਡੀਆ ਨੇ ਉਸ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਹਿਲਾਂ 27 ਮਈ 2021 ਨੂੰ ਦੋਵੇਂ ਥਾਣੇਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ ਪ੍ਰੰਤੂ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਸਗੋਂ ਪੁਲੀਸ ਆਪਣੇ ਅਧਿਕਾਰੀਆਂ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਪੈੱ੍ਰਸ ਕੌਂਸਲ ਆਫ਼ ਇੰਡੀਆ ਦੇ ਸਕੱਤਰ ਨੇ ਪੰਜਾਬ ਦੇ ਮੁੱਖ ਸਕੱਤਰ, ਵਧੀਕ ਮੁੱਖ ਸਕੱਤਰ (ਗ੍ਰਹਿ), ਡੀਜੀਪੀ ਅਤੇ ਐੱਸਐੱਸਪੀ ਤੋਂ ਇਸ ਮਾਮਲੇ ਵਿੱਚ ਪੱਤਰਕਾਰ ’ਤੇ ਅਣਮਨੁੱਖੀ ਤਸ਼ੱਦਦ ਢਾਹੁਣ ਵਾਲੇ ਥਾਣੇਦਾਰਾਂ ਖ਼ਿਲਾਫ਼ ਕੀਤੀ ਕਾਨੂੰਨੀ ਕਾਰਵਾਈ ਦੀ ਟਿੱਪਣੀ ਮੰਗੀ ਹੈ।
‘‘ਕੀ ਹੈ ਪੂਰਾ ਮਾਮਲਾ’’
ਮੇੇਜਰ ਸਿੰਘ ਪੰਜਾਬੀ ਦੀ ਸ਼ਿਕਾਇਤ ਅਨੁਸਾਰ 22 ਮਈ 2020 ਨੂੰ ਜਦੋਂ ਉਹ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼-4 ਵਿਖੇ ਪ੍ਰੈਸ ਕਵਰੇਜ਼ ਕਰ ਰਿਹਾ ਸੀ ਤਾਂ ਏਐਸਆਈ ਓਮ ਪ੍ਰਕਾਸ਼ ਅਤੇ ਏਐਸਆਈ ਅਮਰ ਨਾਥ ਇਕ ਵਿਅਕਤੀ ਨੂੰ ਫੜ ਕੇ ਨਿੱਜੀ ਵਾਹਨ ਵਿੱਚ ਬਿਠਾ ਰਹੇ ਸਨ ਤਾਂ ਪੁਲੀਸ ਦੀ ਕਥਿਤ ਨਾਲਾਇਕੀ ਕਾਰਨ ਉਕਤ ਵਿਅਕਤੀ ਪੁਲੀਸ ਨੂੰ ਝਕਾਨੀ ਦੇ ਕੇ ਮੌਕੇ ਤੋਂ ਭੱਜਣ ਲੱਗਾ ਜੋ ਮੋਬਾਈਲ ਕੈਮਰੇ ਵਿੱਚ ਕੈਦ ਹੋ ਗਿਆ। ਤੈਸ਼ ਵਿੱਚ ਆਏ ਥਾਣੇਦਾਰ ਓਮ ਪ੍ਰਕਾਸ਼ ਜੋ ਪਹਿਲਾਂ ਹੀ ਮੈਨੂੰ ਦਬਕੇ ਮਾਰ ਰਿਹਾ ਸੀ ਨੇ ਆਪਣੇ ਸਾਥੀ ਥਾਣੇਦਾਰ ਅਮਰ ਨਾਥ ਦੇ ਸਹਿਯੋਗ ਨਾਲ ਮੋਬਾਈਲ ਖੋਹ ਲਿਆ। ਇਸ ਤੋਂ ਬਾਅਦ ਉਹ ਉਸ ਨੂੰ ਫੜ ਕੇ ਥਾਣੇ ਲੈ ਗਏ। ਜਿੱਥੇ ਜਨਤਕ ਤੌਰ ’ਤੇ ਉਸ ਉੱਤੇ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ।
ਇਸ ਤੋਂ ਪਹਿਲਾਂ ਓਮ ਪ੍ਰਕਾਸ਼ ਨੇ ਆਪਣੀ ਨਿੱਜੀ ਸਕਾਰਪੀਓ ਗੱਡੀ ਉਸ ਉੱਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਪਿੱਛੇ ਹੋ ਕੇ ਆਪਣੀ ਜਾਨ ਬਚਾਈ। ਪੁਲੀਸ ਦੀ ਕੁੱਟਮਾਰ ਦੌਰਾਨ ਉਸ ਦੇ ਸਿਰ ਤੋਂ ਦਸਤਾਰ ਵੀ ਲੱਥ ਗਈ ਅਤੇ ਅਤੇ ਕਕਾਰ (ਕੰਘਾ) ਪੈਰਾਂ ਵਿੱਚ ਰੋਲ ਦਿੱਤਾ ਅਤੇ ਉਸ ਨੂੰ
ਵਾਲਾ ਤੋਂ ਫੜ ਕੇ ਘੜੀਸ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ। ਉਸ ਸਮੇਂ ਦੇ ਥਾਣਾ ਮੁਖੀ ਦੇ ਕਹਿਣ ’ਤੇ ਉਸ ਨੂੰ ਹਵਾਲਾਤ ’ਚੋਂ ਬਾਹਰ ਕੱਢਿਆ। ਇਸ ਮਗਰੋਂ ਉਹ ਸਰਕਾਰੀ ਹਸਪਤਾਲ ਫੇਜ਼-6 ਪੁੱਜਾ ਅਤੇ ਡਾਕਟਰਾਂ ਨੇ ਉਸ ਦੇ ਜ਼ਖ਼ਮਾਂ ਨੂੰ ਦੇਖਦਿਆਂ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਕਰ ਲਿਆ ਅਤੇ ਇਲਾਜ਼ ਸ਼ੁਰੂ ਕਰ ਦਿੱਤਾ, ਜਿਸ ਦਾ ਪੂਰਾ ਮੈਡੀਕਲ ਵੀ ਹੋਇਆ ਸੀ।

Load More Related Articles

Check Also

ਬੰਬਾਂ ਬਾਰੇ ਬਿਆਨ ਦਾ ਮਾਮਲਾ: ਮੁਹਾਲੀ ਥਾਣੇ ਵਿੱਚ ਪੇਸ਼ ਨਹੀਂ ਹੋਏ ਪ੍ਰਤਾਪ ਸਿੰਘ ਬਾਜਵਾ

ਬੰਬਾਂ ਬਾਰੇ ਬਿਆਨ ਦਾ ਮਾਮਲਾ: ਮੁਹਾਲੀ ਥਾਣੇ ਵਿੱਚ ਪੇਸ਼ ਨਹੀਂ ਹੋਏ ਪ੍ਰਤਾਪ ਸਿੰਘ ਬਾਜਵਾ ਬਾਜਵਾ ਨੇ ਆਪਣੇ ਵਕ…