
ਅਦਾਲਤ ਕੰਪਲੈਕਸ ਵਿੱਚ ਜੱਜਾਂ ਤੇ ਵਕੀਲਾਂ ਨੇ ਧੂਮਧਾਮ ਨਾਲ ਮਨਾਈ ਲੋਹੜੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜਨਵਰੀ:
ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਵੱਲੋਂ ਅੱਜ ਇੱਥੇ ਜੁਡੀਸ਼ਲ ਕੰਪਲੈਕਸ ਦੇ ਵਿਹੜੇ ਵਿੱਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਜ਼ਿਲ੍ਹਾ ਤੇ ਸੈਸ਼ਨ ਜੱਜ ਆਰਐਸ ਰਾਏ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਅਦਾਲਤ ਦੇ ਬਾਕੀ ਜੁਡੀਸ਼ਲ ਮੈਜਿਸਟਰੇਟ ਅਤੇ ਵਕੀਲ ਭਾਈਚਾਰੇ ਨੇ ਵੀ ਸ਼ਮੂਲੀਅਤ ਕਰਕੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਹਰ ਸਾਲ ਜੱਜਾਂ ਅਤੇ ਵਕੀਲਾਂ ਵੱਲੋਂ ਆਪਸ ਵਿੱਚ ਮਿਲ ਕੇ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਵਾਰ ਵੀ ਇਹ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਖੁੱਲ੍ਹੇ ਪਾਰਕ ਵਿੱਚ ਕਰਵਾਏ ਇਸ ਸਮਾਰੋਹ ਦੌਰਾਨ ਜੱਜਾਂ ਅਤੇ ਵਕੀਲਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਲੋਕ ਗੀਤਾਂ ਅਤੇ ਕਵਿਤਾਵਾਂ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ ਗਿਆ। ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਿਦਿਆਰਥੀਆਂ ਨੇ ਭੰਗੜੇ ਦੀ ਪੇਸ਼ਕਾਰੀ ਨਾਲ ਜੱਜਾਂ ਅਤੇ ਵਕੀਲਾਂ ਦੇ ਪੈਰ ਥਿੜਕਣ ਲਈ ਮਜਬੂਰ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਕਰੀਬ 10 ਮਹੀਨੇ ਬਾਅਦ ਹਾਈ ਕੋਰਟ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਤਹਿਤ ਬੀਤੇ ਦਿਨੀਂ ਅਦਾਲਤਾਂ ਖੁੱਲ੍ਹੀਆਂ ਹਨ।
ਇਸ ਮੌਕੇ ਬੋਲਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ ਆਰਐਸ ਰਾਏ ਨੇ ਲੋਹੜੀ ਦੀਆਂ ਵਧਾਈਆਂ ਦਿੰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਮਾਜ ਨੂੰ ਸਹੀ ਸੇਧ ਦੇਣ ਲਈ ਭਵਿੱਖ ਵਿੱਚ ਅਜਿਹੇ ਸਾਂਝੇ ਪ੍ਰੋਗਰਾਮ ਉਲੀਕਣ ਲਈ ਪ੍ਰੇਰਿਆ। ਇਸ ਤੋਂ ਪਹਿਲਾਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਮਾਜਿਕ ਸਮਾਗਮ ਉਲੀਕੇ ਜਾਣਗੇ।
ਇਸ ਮੌਕੇ ਕੁਲਦੀਪ ਸਿੰਘ ਰਠੌੜ, ਕਨਵਰ ਜ਼ੋਰਾਵਰ ਸਿੰਘ, ਗਗਨਦੀਪ ਸਿੰਘ, ਨੀਰੂ ਥਰੇਜਾ, ਸੁਸ਼ੀਲ ਅੱਤਰੀ, ਗੁਰਦੀਪ ਸਿੰਘ, ਨਰਿੰਦਰ ਸਿੰਘ ਰੰਗੀ, ਸੰਜੀਵ ਮੈਣੀ, ਸਨੇਹਪ੍ਰੀਤ ਸਿੰਘ, ਰਾਜੇਸ਼ ਗੁਪਤਾ, ਸੰਦੀਪ ਸਿੰਘ ਲੱਖਾ, ਅਮਰਜੀਤ ਸਿੰਘ ਰੁਪਾਲ, ਗੁਰਬੀਰ ਸਿੰਘ ਅੰਟਾਲ, ਹਰਕਿਸ਼ਨ ਸਿੰਘ, ਮੋਹਿਤ ਵਰਮਾ, ਬਲਜਿੰਦਰ ਸੈਣੀ, ਅਕਸ਼ ਚੇਤਲ, ਦਮਨਜੀਤ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਬਡਾਲੀ, ਗੁਰਪ੍ਰੀਤ ਸਿੰਘ ਖੱਟੜਾ, ਗੁਰਮੀਤ ਸਿੰਘ ਕੋਰੇ ਅਤੇ ਹਰਵਿੰਦਰ ਸੈਣੀ ਸਮੇਤ ਵੱਡੀ ਗਿਣਤੀ ਵਕੀਲ ਹਾਜ਼ਰ ਸਨ।