
ਐਸਐਸਐਸ ਬੋਰਡ ਦੇ ਬਾਹਰ ਡਟੇ ਜੂਨੀਅਰ ਡਰਾਫਟਸਮੈਨ ਉਮੀਦਵਾਰ, ਪੱਕਾ ਮੋਰਚਾ ਸ਼ੁਰੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜਨਵਰੀ:
ਜੂਨੀਅਰ ਡਰਾਫਟਸਮੈਨ ਉਮੀਦਵਾਰ ਯੂਨੀਅਨ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਬਾਹਰ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਸੈਂਕੜੇ ਉਮੀਦਵਾਰ ਬੋਰਡ ਦੇ ਬਾਹਰ ਪੱਕਾ ਧਰਨਾ ਲਗਾ ਕੇ ਬੈਠ ਗਏ ਹਨ ਜਦੋਂਕਿ ਜੇਲ੍ਹ ਵਾਰਡਨ ਅਤੇ ਮੈਟਰਨ ਦੀ ਲਿਖਤੀ ਪ੍ਰੀਖਿਆ ਦੇ ਚੁੱਕੇ ਨੌਜਵਾਨ ਪਹਿਲਾਂ ਹੀ ਐਸਐਸਐਸ ਬੋਰਡ ਦੇ ਬਾਹਰ ਧਰਨੇ ’ਤੇ ਬੈਠੇ ਹਨ। ਇੰਜ ਹੀ ਸਨੈਟੋ ਟਾਈਪਿਸਟਾਂ ਲਈ ਨੌਕਰੀ ਦੀ ਉਡੀਕ ਲੰਮੀ ਹੁੰਦੀ ਜਾ ਰਹੀ ਹੈ।
ਜੂਨੀਅਰ ਡਰਾਫਟਸਮੈਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਰਾਹੀਂ ਵੱਖ-ਵੱਖ ਵਿਭਾਗਾਂ ਦੀਆਂ ਅਸਾਮੀਆਂ ਭਰਨ ਲਈ ਆਨਲਾਈਨ ਬਿਨੈ ਪੱਤਰ ਮੰਗੇ ਗਏ ਸਨ ਅਤੇ ਇਸ ਸਬੰਧੀ 11 ਤੇ 12 ਦਸੰਬਰ ਨੂੰ ਪ੍ਰੀਖਿਆ ਲਈ ਜਾ ਚੁੱਕੀ ਹੈ ਪਰ ਸਬੰਧਤ ਵਿਭਾਗ ਵੱਲੋਂ 20 ਤੋਂ ਜ਼ਿਆਦਾ ਦਿਨ ਬੀਤ ਜਾਣ ਦੇ ਬਾਅਦ ਹਾਲੇ ਤੱਕ ਨਾ ਤਾਂ ਕੋਈ ਜਾਣਕਾਰੀ ਸਬੰਧਤ ਵਿਭਾਗ ਦੀ ਵੈਬਸਾਈਟ ’ਤੇ ਪਾਈ ਗਈ ਹੈ ਅਤੇ ਨਾ ਹੀ ਨਤੀਜਾ ਅਤੇ ਨਾ ਟਾਈਪਿੰਗ ਬਾਰੇ ਤਰੀਕ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਵਿਧਾਨ ਸਭਾ ਚੋਣਾਂ ਬਾਰੇ ਆਦਰਸ਼ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਯੋਗ ਉਮੀਦਵਾਰਾਂ ਦਾ ਟਾਈਪ ਟੈਸਟ ਲੈ ਕੇ ਭਰਤੀ ਪ੍ਰਕਿਰਿਆ ਨੂੰ ਨੇਪਰੇ ਚਾੜਿਆ ਜਾਵੇ।
ਆਗੂਆਂ ਨੇ ਦੱਸਿਆ ਕਿ ਦੋਵੇਂ ਪੇਪਰ ਲਏ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਸਫਲ ਉਮੀਦਵਾਰਾਂ ਦੀ ਮੈਰਿਟ ਸੂਚੀ ਜਾਰੀ ਕਰਨ ਤੋਂ ਆਨਾਕਾਨੀ ਕਰ ਰਹੀ ਹੈ। ਇਹੀ ਨਹੀਂ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਬਾਰੇ ਵੀ ਅਧਿਕਾਰੀ ਕੋਈ ਥਹੁ ਪਤਾ ਨਹੀਂ ਦੇ ਰਹੇ ਹਨ। ਜਿਸ ਕਾਰਨ ਨੌਜਵਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੂੰਗੀ ਬੋਲੀ ਸਰਕਾਰ ਨੂੰ ਗੂੜੀ ਨੀਂਦ ਤੋਂ ਜਗਾਉਣ ਲਈ ਨੌਜਵਾਨਾਂ ਨੂੰ ਹੱਡ ਚੀਰਵੀਂ ਠੰਢ ਵਿੱਚ ਸੜਕਾਂ ’ਤੇ ਧਰਨੇ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਨੌਜਵਾਨਾਂ ਦੀ ਮੰਗ ਨਾ ਮੰਨੀ ਤਾਂ ਆਉਣ ਵਾਲੇ ਦਿਨਾਂ ਵਿੱਚ ਭਰਾਰਤੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਤਿੱਖਾ ਕੀਤਾ ਜਾਵੇਗਾ ਅਤੇ ਗੁਪਤ ਐਕਸ਼ਨ ਕੀਤੇ ਜਾਣਗੇ।
ਉਧਰ, ਸਿੱਖਿਆ ਭਵਨ ਦੇ ਬਾਹਰ ਕੱਚੇ ਅਧਿਆਪਕ ਅਤੇ ਸਰਵ ਸਿੱਖਿਆ ਅਭਿਆਨ ਤੇ ਮਿਡ-ਡੇਅ-ਮੀਲ ਦਫ਼ਤਰੀ ਕੱਚੇ ਮੁਲਾਜ਼ਮ ਲੜੀਵਾਰ ਧਰਨੇ ’ਤੇ ਬੈਠੇ ਹਨ। ਇੰਜ ਹੀ ਸਾਲ 2011 ਰਿਵਾਈਜਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਵੀ ਸਿੱਖਿਆ ਸਕੱਤਰ ਦੇ ਦਫ਼ਤਰ ਦੇ ਬਾਹਰ ਧਰਨੇ ਉੱਤੇ ਬੈਠੇ ਹਨ। ਪੰਜਾਬ ਹੋਮ ਗਾਰਡ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਪੁੱਡਾ ਗਰਾਉਂਡ ਵਿੱਚ ਬੈਠੇ ’ਤੇ ਬੈਠੇ ਹਨ।