
ਜੂਨੀਅਰ ਹਾਕੀ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਹਰਜੀਤ ਸਿੰਘ ਦਾ ਮੁਹਾਲੀ ਤੇ ਕੁਰਾਲੀ ਰਗਮਜੋਸ਼ੀ ਨਾਲ ਸਵਾਗਤ
ਗਰੀਬ ਪਰਿਵਾਰ ’ਚੋਂ ਉਠ ਕੇ ਟੀਮ ਦਾ ਹਿੱਸਾ ਬਣਿਆ ਹਰਜੀਤ ਤੁਲੀ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 7 ਜਨਵਰੀ:
ਇੱਥੋਂ ਦੇ ਨੇੜਲੇ ਪਿੰਡ ਨਿਹੋਲਕਾ ਦੇ ਵਸਨੀਕ ਹਰਜੀਤ ਸਿੰਘ ਤੁਲੀ ਵੱਲੋਂ ਜੂਨੀਅਰ ਵਿਸ਼ਵ ਹਾਕੀ ਕੱਪ ਜਿੱਤਣ ਤੋਂ ਬਾਅਦ ਮੁਹਾਲੀ ਅਤੇ ਕੁਰਾਲੀ ਪਹੁੰਚਣ ’ਤੇ ਅੱਜ ਵੱਖ-ਵੱਖ ਸਿਆਸੀ ਪਾਰਟੀਆਂ, ਖੇਡ ਪ੍ਰੇਮੀਆਂ ਅਤੇ ਇਲਾਕਾ ਵਾਸੀਆਂ ਵੱਲੋਂ ਥਾਂ-ਥਾਂ ’ਤੇ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਹਰਜੀਤ ਤੁਲੀ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਹਨ। ਉਸ ਦੇ ਪਿਤਾ ਰਾਮਪਾਲ ਸਿੰਘ ਪੇਸ਼ੇ ਵਜੋਂ ਟਰੱਕ ਡਰਾਈਵਰ ਅਤੇ ਮਾਤਾ ਬਲਵਿੰਦਰ ਕੌਰ ਘਰੇਲੂ ਅੌਰਤ ਹੈ। ਇਹੀ ਨਹੀਂ ਹੁਣ ਤੱਕ ਸਰਕਾਰ ਵੱਲੋਂ ਇਸ ਪਰਿਵਾਰ ਦੀ ਕੋਈ ਸਹਾਇਤਾ ਨਹੀਂ ਕੀਤੀ ਗਈ ਹੈ।
ਹਰਜੀਤ ਤੁਲੀ ਨੇ ਜੂਨੀਅਰ ਹਾਕੀ ਟੀਮ ਦੀ ਅਗਵਾਈ ਕਰਦਿਆਂ 15 ਸਾਲ ਬਾਅਦ ਦੇਸ਼ ਨੂੰ ਗੋਲਡ ਮੈਡਲ ਜਿਤਾਉਣ ਦਾ ਮਾਣ ਹਾਸਲ ਕੀਤਾ ਹੈ। ਜਿਸ ’ਤੇ ਪਿੰਡ ਨਿਹੋਲਕਾ ਅਤੇ ਇਲਾਕੇ ਵਿੱਚ ਭਾਰੀ ਖੁਸ਼ੀ ਦੀ ਲਹਿਰ ਹੈ। ਹਰਜੀਤ ਸਿੰਘ ਦੇ ਅੱਜ ਆਪਣੇ ਜੱਦੀ ਪਿੰਡ ਪਹੁੰਚਣ ਤੇ ਨਗਰ ਪੰਚਾਇਤ, ਦਸ਼ਮੇਸ਼ ਸਪੋਰਟਸ ਕੱਲਬ ਨਿਹੋਲਕਾ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਖੇਡ ਪ੍ਰੇਮੀਆਂ ਨੇ ਢੋਲ ਦੀ ਥਾਪ ਤੇ ਭੰਗੜੇ ਪਾਕੇ ਖੁਸ਼ੀਆਂ ਮਨਾਈਆਂ। ਪਿੰਡ ਨਿਹੋਲਕਾ ਵਿਖੇ ਸਰਕਾਰੀ ਮਿਡਲ ਸਕੂਲ ਵਿਚ ਕਰਵਾਏ ਸਨਮਾਨ ਸਮਾਰੋਹ ਦੌਰਾਨ ਇਕੱਤਰ ਇਲਾਕਾ ਵਾਸੀਆਂ ਵੱਲੋਂ ਤੁਲੀ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਖੇਡ ਪ੍ਰਮੋਟਰ ਸੋਹਣ ਸਿੰਘ ਪਟਵਾਰੀ ਨੇ ਦੱਸਿਆ ਕਿ ਹਰਜੀਤ ਸਿੰਘ ਤੁਲੀ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ ਮਲੇਸ਼ੀਆ ਵਿੱਚ ਦੋ ਵਾਰ ਸੁਲਤਾਨ ਜੌਹਰ ਕੱਪ ਵਿੱਚ ਗੋਲਡ ਮੈਡਲ ਅਤੇ ਦੋ ਵਾਰ ਚਾਂਦੀ ਦਾ ਮੈਡਲ, 7ਵੇਂ ਜੂਨੀਆਰ ਏਸ਼ੀਆ ਕੱਪ ਵਿੱਚ ਕਾਂਸੀ ਦਾ ਤਗਮਾ, ਏਸ਼ੀਅਨ ਚੈਂਪੀਅਨਸ਼ਿਪ ਟਰਾਫੀ ਵਿੱਚ (ਸੀਨੀਅਰ ਟੀਮ) ਵੱਲੋਂ ਖੇਡਿਆਂ, 10ਵਾਂ ਹੀਰੋ ਹਾਕੀ ਵਰਲਡ ਕੱਪ-2013 ਵਿੱਚ ਟੀਮ ਦਾ ਹਿੱਸਾ ਰਿਹਾ। ਆਸਟ੍ਰੇਲੀਆ ਵਿੱਚ ਸੀਨੀਅਰ ਟੀਮ ਵੱਲੋਂ ਖੇਡਦਿਆਂ ਸੀਰੀਜ਼ ਜਿੱਤਣ, ਵਾਲਵੋ ਇੰਟਰਨੈਸ਼ਨਲ ਹੌਲੈਂਡ ਕੱਪ, 8ਵੀਂ ਜੂਨੀਅਰ ਏਸ਼ੀਆ ਕੱਪ ਵਿੱਚ ਗੋਲਡ ਮੈਡਲ, 2016 ਵਿੱਚ ਅਜਲਾਨ ਸ਼ਾਹ ਕੱਪ ਵਿਚ ਭਾਗ ਲੈਣ ਦੇ ਨਾਲ ਨਾਲ ਹਰਜੀਤ ਸਿੰਘ ਭਾਰਤ ਪੈਟਰੋਲੀਅਮ ਟੀਮ ਵੱਲੋਂ ਖੇਡਣ ਦੇ ਨਾਲ-ਨਾਲ ਇੰਡੀਅਨ ਹਾਕੀ ਲੀਗ ਵਿੱਚ ਦਿੱਲੀ ਵੀਰਵਰਸ ਸਮੇਤ 2016 ਵਿਚ ਆਸਟ੍ਰੇਲੀਆ ਦੇ 10 ਕਲੱਬਾਂ ਵਿਚ ਖੇਡਣ ਦਾ ਮਾਣ ਹਾਸਲ ਕੀਤਾ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜੀਤ ਸਿੰਘ ਤੁਲੀ ਨੇ ਕਿਹਾ ਕਿ 15 ਸਾਲ ਬਾਅਦ ਜੂਨੀਅਰ ਵਿਸ਼ਵ ਕੱਪ ਜਿੱਤਣ ਇੱਕ ਮਾਣ ਵਾਲੀ ਗੱਲ ਹੈ ਅਤੇ ਉਸਦੀ ਦਿਲੀ ਤਮੰਨਾ ਹੈ ਕਿ ਉਹ ਸੀਨੀਅਰ ਟੀਮ ਵੱਲੋਂ ਖੇਡਦਿਆਂ ਦੇਸ਼ ਲਈ ਵਿਸ਼ਵ ਕੱਪ ਜਿਤਾ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕੇ। ਹਰਜੀਤ ਸਿੰਘ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਆਪਣੇ ਪਿਤਾ ਰਾਮਪਾਲ ਸਿੰਘ, ਮਾਤਾ ਬਲਵਿੰਦਰ ਕੌਰ, ਚਚੇਰੇ ਭਰਾ ਸੋਹਣ ਸਿੰਘ ਪਟਵਾਰੀ, ਸੁਰਜੀਤ ਹਾਕੀ ਅਕੈਡਮੀ ਜਲੰਧਰ ਦੇ ਕੋਚ ਅਵਤਾਰ ਸਿੰਘ ਅਤੇ ਗੁਰਦੇਵ ਸਿੰਘ ਅਤੇ ਜੂਨੀਅਰ ਭਾਰਤੀ ਹਾਕੀ ਟੀਮ ਦੇ ਕੋਚ ਹਰਿੰਦਰ ਸਿੰਘ ਦਾ ਸਿਰ ਬੰਨ੍ਹਿਆ ਜਿਨ੍ਹਾਂ ਦੀ ਮੱਦਦ ਤੇ ਪ੍ਰੇਰਨਾ ਸਦਕਾ ਉਹ ਅੱਜ ਇਸ ਮੁਕਾਮ ਤੇ ਪਹੁੰਚਿਆ ਅਤੇ ਨਾਲ ਹੀ ਆਪਣੇ ਚਚੇਰੇ ਭਰਾ ਪੀ.ਟੀ.ਆਈ ਹਰਵਿੰਦਰ ਸਿੰਘ ਦਾ ਜਿਕਰ ਕੀਤਾ ਜੋ ਸਮੇਂ ਸਮੇਂ ਤੇ ਉਸਨੂੰ ਸੇਧ ਦਿੰਦੇ ਰਹੇ ਹਨ। ਇਸ ਮੌਕੇ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਜੈ ਸਿੰਘ ਚੱਕਲ, ਬਾਬਾ ਗੁਰਮੀਤ ਸਿੰਘ ਨਿਹੋਲਕਾ, ਜਸਮੀਤ ਸਿੰਘ ਮਿੰਟੂ, ਕੌਂਸਲਰ ਬਹਾਦਰ ਸਿੰਘ ਓ.ਕੇ, ਡਾ. ਅਸ਼ਵਨੀ ਕੁਮਾਰ, ਚਰਨਜੀਤ ਸਿੰਘ ਵਿੱਕੀ, ਸਰਪੰਚ ਗੁਰਮੇਲ, ਨਰਿੰਦਰ ਭੂਰਾ, ਜਗਤਾਰ ਸਿੰਘ ਮਿਹੋਲਕਾ, ਹਰਵਿੰਦਰ ਸਿੰਘ ਰਿੰਕਾ, ਲਛਮਣ ਸਿੰਘ, ਭਾਗ ਸਿੰਘ, ਗੁਰਪ੍ਰੀਤ ਸਿੰਘ, ਉਮਿੰਦਰ ਓਮਾ, ਪਰਮਦੀਪ ਬੈਦਵਾਣ, ਰਮਾਕਾਂਤ ਕਾਲੀਆ, ਭੁਪਿੰਦਰ ਬੱਬਲ, ਵਿਨੀਤ ਕਾਲੀਆ, ਰਣਜੀਤ ਸਿੰਘ ਕਾਕਾ, ਲੱਕੀ ਕਲਸੀ, ਰਜੇਸ਼ ਰਾਣਾ, ਹਿਮਾਂਸੂ ਧੀਮਾਨ ਆਦਿ ਹਾਜ਼ਰ ਸਨ।