Share on Facebook Share on Twitter Share on Google+ Share on Pinterest Share on Linkedin ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅਕਾਲ ਯੂਥ ਵੱਲੋਂ ਇਨਸਾਫ਼ ਮਾਰਚ, ਪੁਲੀਸ ਨੇ ਰਾਹ ਰੋਕਿਆ ਸਿੱਖਾਂ ਨੂੰ ਮਾੜੀ ਅੱਖ ਨਾ ਦੇਖੇ ਦੇਸ਼ ਦਾ ਕਾਨੂੰਨ: ਭਾਈ ਜਸਵਿੰਦਰ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜਨਵਰੀ: ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਯੋਗ ਪੈਰਵੀ ਕਰਨ ਵਾਲੀ ਸੁਪਰੀਮ ਕਮੇਟੀ ਅਕਾਲ ਯੂਥ ਜਥੇਬੰਦੀ ਦੇ ਕਾਰਕੁਨਾਂ ਨੇ ਅੱਜ ਪੰਜਾਬ ਸਮੇਤ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਰਾਜਪਾਲ (ਗਵਰਨਰ ਹਾਊਸ) ਵੱਲ ਕੂਚ ਕੀਤਾ ਗਿਆ। ਲੇਕਿਨ ਮੁਹਾਲੀ ਵਿੱਚ ਪੁਲੀਸ ਨੇ ਸਿੱਖਾਂ ਦਾ ਰਾਹ ਰੋਕ ਲਿਆ। ਇਤਿਹਾਸਕ ਗੁਰਦੁਆਰਾ ਜੋਤੀ ਸਰੂਪ ਫਤਹਿਗੜ੍ਹ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਦੁਪਹਿਰ ਵੇਲੇ ਸ਼ੁਰੂ ਹੋਇਆ ਇਨਸਾਫ਼ ਮਾਰਚ ਵਾਲਾ ਵੱਡਾ ਕਾਫ਼ਲਾ ਸ਼ਾਮ ਨੂੰ ਮੁਹਾਲੀ ਪੁੱਜਾ ਅਤੇ ਇੱਥੋਂ ਪੰਜਾਬ ਰਾਜਪਾਲ ਨੂੰ ਮੰਗ ਦੇਣ ਜਾਣ ਲਈ ਚੰਡੀਗੜ੍ਹ ਵੱਲ ਕੂਚ ਕਰਨ ਦਾ ਯਤਨ ਕੀਤਾ ਲੇਕਿਨ ਮੁਹਾਲੀ ਪੁਲੀਸ ਨੇ ਵਾਈਪੀਐਸ ਚੌਕ ਨੇੜੇ ਬੈਰੀਕੇਟ ਲਗਾ ਕੇ ਸਿੱਖਾਂ ਦੇ ਕਾਫ਼ਲੇ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਸਿੱਖ ਜੈਕਾਰੇ ਛੱਡਦੇ ਹੋਏ ਅੱਗੇ ਨਿਕਲ ਗਏ ਪ੍ਰੰਤੂ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਯੂਟੀ ਪੁਲੀਸ ਨੇ ਜ਼ਬਰਦਸਤ ਬੈਰੀਕੇਟਿੰਗ ਕਰਕੇ ਕਾਫ਼ਲੇ ਨੂੰ ਰੋਕ ਲਿਆ। ਇਸ ਤੋਂ ਪਹਿਲਾਂ ਰਸਤੇ ’ਚੋਂ ਕਿਸਾਨਾਂ ਅਤੇ ਆਮ ਲੋਕਾਂ ਨੇ ਵੀ ਮਾਰਚ ਵਿੱਚ ਸ਼ਾਮਲ ਹੋ ਕੇ ਬੰਦੀ ਸਿੰਘਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ। ਇਸ ਇਨਸਾਫ਼ ਮਾਰਚ ਵਿੱਚ ਬਾਪੂ ਗੁਰਚਰਨ ਸਿੰਘ ਅਤੇ ਅਕਾਲ ਯੂਥ ਜਥੇਬੰਦੀ ਦੇ ਪ੍ਰਮੁੱਖ ਆਗੂ ਭਾਈ ਜਸਵਿੰਦਰ ਸਿੰਘ, ਭਾਈ ਸਤਵੰਤ ਸਿੰਘ ਲੁਧਿਆਣਾ, ਐਡਵੋਕੇਟ ਅਮਰ ਸਿੰਘ ਚਾਹਲ, ਐਡਵੋਕੇਟ ਦਿਲਸ਼ੇਰ ਸਿੰਘ, ਪ੍ਰੋ. ਬਲਜਿੰਦਰ ਸਿੰਘ, ਭਾਈ ਬਲਬੀਰ ਸਿੰਘ ਹਿਸਾਰ, ਭਾਈ ਜਸਵੰਤ ਸਿੰਘ ਸਿੱਧੂਪੁਰ, ਭਾਈ ਹਰਪ੍ਰੀਤ ਸਿੰਘ ਰਾਣਾ, ਭਾਈ ਰਾਜਨਦੀਪ ਸਿੰਘ, ਭਾਈ ਮਹਾ ਸਿੰਘ, ਮਾਨ ਸਿੰਘ, ਭਾਈ ਸਤਨਾਮ ਸਿੰਘ, ਭਾਈ ਨੋਬਲਜੀਤ ਸਿੰਘ ਅਵਾਜ-ਏ-ਕੌਮ ਸਮੇਤ ਹੋਰਨਾਂ ਆਗੂਆਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਮੰਗ ਕੀਤੀ ਕਿ ਆਪਣੀ ਸਜ਼ਾ ਪੂਰੀ ਕਰ ਚੁੱਕੇ ਅਕਾਲ ਤਖ਼ਤ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਦੀਪ ਸਿੰਘ ਖੇੜਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਉਰਾ ਦੀ ਤੁਰੰਤ ਰਿਹਾਈ ਕੀਤੀ ਜਾਵੇ। ਉਨ੍ਹਾਂ ਸਿੱਖਾਂ ਦੇ ਕਾਫ਼ਲੇ ਦਾ ਰਾਹ ਰੋਕਣ ਦੀ ਪੁਲੀਸ ਕਾਰਵਾਈ ਦੀ ਨਿਖੇਧੀ ਕਰਦਿਆਂ ਤਿੱਖਾ ਵਿਰੋਧ ਕੀਤਾ। ਇਸ ਮਗਰੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ 10 ਸਿੱਖ ਆਗੂਆਂ ਨੂੰ ਗਵਰਨਰ ਹਾਊਸ ਲੈ ਕੇ ਰਵਾਨਾ ਹੋਏ। ਇਸ ਮਗਰੋਂ ਮਾਰਚ ਵਿੱਚ ਸ਼ਾਮਲ ਸਿੱਖਾਂ ਦਾ ਗੁੱਸਾ ਠੰਢਾ ਹੋਇਆ। ਸਿੱਖ ਆਗੂਆਂ ਨੇ ਕਿਹਾ ਕਿ ਬੰਦੀ ਸਿੰਘ ਰਿਹਾਈ ਲਈ ਇਨਸਾਫ਼ ਮਾਰਚ ਵਿੱਚ ਹਜ਼ਾਰਾਂ ਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਮੁਲਕ ਵਿੱਚ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡਾ ਘਾਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੁਲੀਸ ਝੂਠੇ ਮੁਕਾਬਲੇ ਕਰਨ ਵਾਲਿਆਂ ਨੂੰ ਮਹਿਜ਼ 3 ਜਾਂ 4 ਸਾਲਾਂ ਵਿੱਚ ਹੀ ਛੱਡ ਦਿੱਤਾ ਜਾਂਦਾ ਹੈ, ਦੂਜੇ ਪਾਸੇ ਸਿੱਖ ਨੌਜਵਾਨ ਪਿਛਲੇ ਢਾਈ ਦਹਾਕਿਆਂ ਤੋਂ ਵੱਧ ਸਮੇਂ ਤੋਂ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਹਨ। ਜਦੋਂਕਿ ਪੁਲੀਸ ਵੱਲੋਂ ਬਣਾਏ ਕਥਿਤ ਝੂਠੇ ਅਪਰਾਧਿਕ ਕੇਸਾਂ ਸਬੰਧੀ ਉਹ ਅਦਾਲਤਾਂ ਵੱਲੋਂ ਸੁਣਾਈਆਂ ਗਈਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹਨ। ਇਸ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਵੱਲੋਂ ਸਿੱਖ ਕੈਦੀਆਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ। ਭਾਈ ਜਸਵਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦਾ ਕਾਨੂੰਨ ਸਾਰਿਆਂ ਲਈ ਇਕ ਬਰਾਬਰ ਹੋਣਾ ਚਾਹੀਦਾ ਹੈ ਅਤੇ ਸਿੱਖਾਂ ਨੂੰ ਮਾੜੀ ਅੱਖ ਨਾਲ ਨਹੀਂ ਦੇਖਣਾ ਚਾਹੀਦਾ ਹੈ। ਅਕਾਲ ਯੂਥ ਜਥੇਬੰਦੀ ਦੇ ਪ੍ਰਮੁੱਖ ਆਗੂ ਭਾਈ ਜਸਵਿੰਦਰ ਸਿੰਘ ਨੇ ਦੇਰ ਸ਼ਾਮ ਦੱਸਿਆ ਕਿ ਸਿੱਖ ਆਗੂਆਂ ਦੇ ਵਫ਼ਦ ਦੀ ਪੰਜਾਬ ਦੇ ਰਾਜਪਾਲ ਨਾਲ ਬੜੇ ਸੁਖਾਵੇਂ ਮਾਹੌਲ ਵਿੱਚ ਮੁਲਾਕਾਤ ਹੋਈ ਅਤੇ ਉਨ੍ਹਾਂ ਨੇ ਸਿੱਖ ਆਗੂਆਂ ਤੋਂ ਮੰਗ ਪੱਤਰ ਹਾਸਲ ਕਰਕੇ ਉਨ੍ਹਾਂ ਦੀ ਫਰਿਆਦ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਕਤਲ ਮਾਮਲੇ ਵਿੱਚ ਨਾਮਜ਼ਦ ਅਤੇ ਬੁੜੈਲ ਜੇਲ੍ਹ ਵਿੱਚ ਨਜ਼ਰਬੰਦ ਤਿੰਨ ਸਿੱਖ ਕੈਦੀਆਂ ਭਾਈ ਸ਼ਮਸ਼ੇਰ ਸਿੰਘ ਭਾਈ ਗੁਰਮੀਤ ਸਿੰਘ ਅਤੇ ਭਾਈ ਲਖਵਿੰਦਰ ਸਿੰਘ ਨੂੰ ਜਲਦੀ ਰਿਹਾਅ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ