
ਗੈਂਗਰੇਪ: ਸਫ਼ਾਈ ਕਰਮਚਾਰੀਆਂ ਵੱਲੋਂ 5 ਅਕਤੂਬਰ ਨੂੰ ਹੱਥਾਂ ’ਚੋਂ ਝਾੜੂ ਸੁੱਟ ਕੇ ਇਨਸਾਫ਼ ਰੈਲੀ ਕਰਨ ਦਾ ਐਲਾਨ
ਬਾਲਮੀਕ ਸਮਾਜ/ਜਥੇਬੰਦੀਆਂ ਵੱਲੋਂ ਦਲਿਤ ਲੜਕੀ ਦੇ ਕਾਤਲਾਂ ਨੂੰ ਫਾਂਸੀ ਦੀ ਸਜਾ ਦੇਣ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਕਤੂਬਰ:
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ, ਨਗਰ ਨਿਗਮ ਸਫ਼ਾਈ ਮਜ਼ਦੂਰ ਯੂਨੀਅਨ ਅਤੇ ਘਰ-ਘਰ ਗਾਰਬੇਜ ਕੁਲੈਕਟਰ ਕਮੇਟੀ ਦੀ ਸਾਂਝੀ ਮੀਟਿੰਗ ਅੱਜ ਇੱਥੋਂ ਦੇ ਮਿਉਂਸਪਲ ਭਵਨ ਸੈਕਟਰ-68 ਵਿਖੇ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਮੋਹਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕਨਵੀਨਰ ਸੱਜਣ ਸਿੰਘ, ਸੂਬਾ ਜਨਰਲ ਸਕੱਤਰ ਪਵਨ ਗੋਡਯਾਲ, ਘਰ-ਘਰ ਗਾਰਬੇਜ ਕੁਲੈਕਟਰ ਕਮੇਟੀ ਦੇ ਪ੍ਰਧਾਨ ਰਾਜਨ ਚਵੱਰੀਆ, ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੋਭਾ ਰਾਮ, ਚੇਅਰਮੈਨ ਗੁਰਪ੍ਰੀਤ ਸਿੰਘ ਰਾਜਾ, ਅਨਿਲ ਕੁਮਾਰ ਸਮੇਤ ਹੋਰ ਆਗੂ ਸ਼ਾਮਲ ਹੋਏ। ਜਿਸ ਵਿੱਚ ਮੋਦੀ ਸਰਕਾਰ ਅਤੇ ਯੋਗੀ ਸਰਕਾਰ ਦੇ ਸ਼ਾਸਨ ਵਿੱਚ ਦਲਿਤਾਂ ਖ਼ਿਲਾਫ਼ ਹੋ ਰਹੇ ਅੱਤਿਆਚਾਰਾਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਯੂਪੀ ਵਿੱਚ ਬਾਲਮੀਕ ਸਮਾਜ ਦੀ ਬੇਟੀ ਚਾਰ ਵਹਿਸ਼ੀ ਦਰਿੰਦਿਆਂ ਨੇ ਗੈਂਗਰੇਪ ਕੀਤਾ ਅਤੇ ਉਪਰੰਤ ਪੀੜਤ ਲੜਕੀ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਅਤੇ ਉਸ ਦੀ ਜ਼ੁਬਾਨ ਕੱਟ ਦਿੱਤੀ ਅਤੇ ਬਾਅਦ ਉਸ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਆਗੂਆਂ ਨੇ ਕਿਹਾ ਕਿ ਹੱਦ ਤਾਂ ਉਦੋਂ ਹੋ ਗਈ ਜਦੋਂ ਯੋਗੀ ਸਰਕਾਰ ਦੀ ਪੁਲੀਸ ਵੱਲੋਂ ਮ੍ਰਿਤਕ ਲੜਕੀ ਸੰਸਕਾਰ ਹਿੰਦੂ ਰਿਵਾਜ਼ਾਂ ਦੇ ਉਲਟ ਅੱਧੀ ਰਾਤ ਤੋਂ ਬਾਅਦ ਹਨੇਰੇ ਵਿੱਚ ਕਰ ਦਿੱਤਾ ਗਿਆ ਜੋ ਕਿ ਬਹੁਤ ਹੀ ਨਿੰਦਣ ਯੋਗ ਹੈ ਅਤੇ ਬਾਲਮੀਕ ਸਮਾਜ ਨਾਲ ਬਹੁਤ ਵੱਡਾ ਧੱਕਾ ਹੈ। ਉਨ੍ਹਾਂ ਮੰਗ ਕੀਤੀ ਕਿ ਦਲਿਤ ਲੜਕੀ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਜ਼ਿੰਮੇਵਾਰ ਪੁਲੀਸ ਅਫ਼ਸਰਾਂ/ਮੁਲਾਜ਼ਮਾਂ ਨੂੰ ਬਰਖ਼ਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਨਸਾਫ਼ ਪ੍ਰਾਪਤੀ ਲਈ ਮੁਹਾਲੀ ਵਿੱਚ ਬਾਲਮੀਕ ਸਮਾਜ ਅਤੇ ਸਮੂਹ ਸਫ਼ਾਈ ਕਾਮੇ ਸਫ਼ਾਈ ਦਾ ਕੰਮ ਬੰਦ ਕਰਕੇ ਸੜਕਾਂ ’ਤੇ ਰੋਸ ਮਾਰਚ ਕੀਤਾ ਜਾਵੇਗਾ।