nabaz-e-punjab.com

ਕਬੱਡੀ ਕੱਪ: ਸਿੱਧੂ ਮੂਸੇਵਾਲਾ ਦੇ ਪ੍ਰੋਗਰਾਮ ’ਤੇ ਪਾਬੰਦੀ ਲੱਗੀ: ਸਤਨਾਮ ਦਾਊਂ

ਪੰਜਾਬ ਅਗੇਂਸਟ ਕੁਰੱਪਸ਼ਨ ਦੇ ਮੈਂਬਰ ਨੇ ਕੀਤੀ ਸੀ ਹਾਈ ਕੋਰਟ ਵਿੱਚ ਪਹੁੰਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਸ਼ਹੀਦ ਭਗਤ ਸਿੰਘ ਨਗਰ ਦੇ ਆਈਟੀਆਈ ਗਰਾਊਂਡ ਵਿੱਚ ਕਬੱਡੀ ਕੱਪ ਮੌਕੇ ਲੱਗਣ ਵਾਲੇ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ (ਜਿਸ ’ਤੇ ਪਹਿਲਾਂ ਹੀ ਹਥਿਆਰਾਂ, ਨਸ਼ੇ ਅਤੇ ਸ਼ਰਾਬ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਣ ਦਾ ਕੇਸ ਦਰਜ ਹੈ) ਦੇ ਅਖਾੜੇ ਉੱਤੇ ਪਾਬੰਦੀ ਲੱਗਾ ਗਈ ਹੈ। ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਦੱਸਿਆ ਕਿ ਭਲਕੇ 17 ਫਰਵਰੀ ਨੂੰ ਹੋਣ ਵਾਲੇ ਸਿੱਧੂ ਮੂਸੇਵਾਲਾ ਦੇ ਇਸ ਪ੍ਰੋਗਰਾਮ ਦੀ ਜਾਣਕਾਰੀ ਮਿਲਣ ’ਤੇ ਉਨ੍ਹਾਂ ਦੀ ਸੰਸਥਾ ਦੇ ਮੈਂਬਰਾਂ ਨੇ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਆਪਣੇ ਜਵਾਬ ਵਿੱਚ ਨਵਾਂ ਸ਼ਹਿਰ ਦੇ ਐਸਡੀਐਮ ਨੇ ਹਾਈ ਕੋਰਟ ਨੂੰ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਆਈਟੀਆਈ ਗਰਾਉਂਡ ਵਿੱਚ ਕਿਸੇ ਵੀ ਕਲੱਬ ਜਾਂ ਵਿਅਕਤੀ ਨੇ ਕੋਈ ਵੀ ਪ੍ਰੋਗਰਾਮ ਕਰਵਾਉਣ ਦੀ ਇਜਾਜ਼ਤ ਨਹੀਂ ਮੰਗੀ ਹੈ ਅਤੇ ਨਾ ਹੀ ਇਹ ਇਜਾਜ਼ਤ ਕਿਸੇ ਨੂੰ ਦਿੱਤੀ ਗਈ ਹੈ।
ਸ੍ਰੀ ਦਾਊਂ ਨੇ ਦੱਸਿਆ ਕਿ ਹਾਈ ਕੋਰਟ ਨੇ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਮੈਂਬਰ ਪਰਮਜੀਤ ਸਿੰਘ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਤੋਂ ਬਾਅਦ ਸਾਰੀਆਂ ਸਰਕਾਰੀ ਸੰਸਥਾਵਾਂ ਅਤੇ ਉੱਚ ਅਧਿਕਾਰੀਆਂ ਨੂੰ ਪਹਿਲਾਂ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਨ ਲਈ ਪਾਬੰਦ ਕੀਤਾ ਗਿਆ ਹੈ। ਇਨ੍ਹਾਂ ਹੁਕਮਾਂ ਮੁਤਾਬਕ ਸਾਲਾਨਾ ਪ੍ਰੀਖਿਆਵਾਂ ਦੇ ਮੱਦੇਨਜ਼ਰ ਸ਼ੋਰ ਪ੍ਰਦੂਸ਼ਣ ’ਤੇ ਪਾਬੰਦੀ ਲਗਾਈ ਗਈ ਹੈ ਅਤੇ ਨਾਲ ਹੀ ਹਿੰਸਾ ਅਤੇ ਨਸ਼ੇ ਨੂੰ ਉਤਸ਼ਾਹਿਤ ਕਰਨ ਵਾਲੇ ਗਾਇਕਾਂ ਦੇ ਪ੍ਰੋਗਰਾਮ ਨਾ ਹੋਣ ਦਿੱਤੇ ਜਾਣ ਲਈ ਕਿਹਾ ਗਿਆ ਹੈ। ਇਸ ਤਰ੍ਹਾਂ ਭਲਕੇ ਸੋਮਵਾਰ ਨੂੰ ਆਈਟੀਆਈ ਗਰਾਉਂਡ ਨਵਾਂ ਸ਼ਹਿਰ ਵਿੱਚ ਗਾਇਕ ਸਿੱਧੂ ਮੂਸੇਵਾਲਾ ਦਾ ਅਖਾੜਾ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਕਿਸੇ ਖੇਡ ਪ੍ਰੋਗਰਾਮ ਵਿੱਚ ਵੀ ਕੋਈ ਸਪੀਕਰ ਨਹੀਂ ਚਲਾਇਆ ਜਾ ਸਕਦਾ ਹੈ।
ਸਮਾਜ ਸੇਵੀ ਆਗੂ ਨੇ ਕਿਹਾ ਕਿ ਇੱਕ ਪਾਸੇ ਐਸਡੀਐਮ ਨਵਾਂ ਸ਼ਹਿਰ ਹਾਈ ਕੋਰਟ ਵਿੱਚ ਦਿੱਤੇ ਜਵਾਬ ਵਿੱਚ ਇਹ ਕਹਿ ਰਹੇ ਹਨ ਕਿ ਉਨ੍ਹਾਂ ਵੱਲੋਂ ਕਿਸੇ ਵੀ ਪ੍ਰੋਗਰਾਮ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਪਰ ਦੂਜੇ ਪਾਸੇ ਪ੍ਰਬੰਧਕਾਂ ਵੱਲੋਂ ਆਈਟੀਆਈ ਗਰਾਊਂਡ ਵਿੱਚ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸਿੱਧੂ ਮੂਸੇਵਾਲਾ ਦੇ ਅਖਾੜੇ ਵਿੱਚ ਪੁੱਜਣ ਲਈ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਜਿਸਦਾ ਸਿੱਧਾ ਮਤਲਬ ਇਹ ਹੈ ਕਿ ਪ੍ਰਸ਼ਾਸਨ ਨੇ ਅਸਿੱਧੇ ਤਰੀਕੇ ਉਨ੍ਹਾਂ ਨੂੰ ਕਬੱਡੀ ਕੱਪ ਕਰਵਾਉਣ ਦੀ ਇਜਾਜ਼ਤ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਗੇਂਸਟ ਕੁਰੱਪਸ਼ਨ ਵੱਲੋਂ ਡਿਪਟੀ ਕਮਿਸ਼ਨਰ ਨਵਾਂ ਸ਼ਹਿਰ ਨੂੰ ਦਸਤੀ ਮੰਗ ਪੱਤਰ ਦੇ ਕੇ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ 17 ਫਰਵਰੀ ਨੂੰ ਅਜਿਹੇ ਕਿਸੇ ਪ੍ਰੋਗਰਾਮ ਵਿੱਚ ਕਿਸੇ ਗਾਇਕ ਜਾਂ ਸੰਸਥਾ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਤਾਂ ਉਹ ਪ੍ਰਬੰਧਕਾਂ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਲਈ ਮਜਬੂਰ ਹੋਣਗੇ ਅਤੇ ਸਬੰਧਤ ਖ਼ਿਲਾਫ਼ ਸਬੂਤ ਦੇ ਆਧਾਰ ’ਤੇ ਹਾਈ ਕੋਰਟ ਨੂੰ ਜਾਣੂ ਕਰਵਾਇਆ ਜਾਵੇਗਾ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…