nabaz-e-punjab.com

ਕਜੌਲੀ ਪ੍ਰਾਜੈਕਟ: ਗਮਾਡਾ ਨੇ ਜਰਮਨ ਕੰਪਨੀ ਨੂੰ ਵਾਟਰ ਟਰੀਟਮੈਂਟ ਪਲਾਂਟ ਦੀ ਉਸਾਰੀ ਦਾ ਦਿੱਤਾ ਠੇਕਾ

31 ਦਸੰਬਰ 2020 ਤੱਕ ਵਾਟਰ ਟਰੀਟਮੈਂਟ ਪਲਾਂਟ ਲਗਾਉਣ ਦਾ ਕੰਮ ਮੁਕੰਮਲ ਕਰੇਗੀ ਕੰਪਨੀ

ਪੰਜਾਬ ਸਰਕਾਰ ਸੂਬੇ ਦੇ ਵਸਨੀਕਾਂ ਨੂੰ ਬਿਹਤਰੀਨ ਸਹੂਲਤਾਂ ਦੇਣ ਲਈ ਵਚਨਬੱਧ: ਸੁੱਖ ਸਰਕਾਰੀਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ:
ਮੁਹਾਲੀ ਦੇ ਬਾਸ਼ਿੰਦਿਆਂ ਨੂੰ ਦਰਪੇਸ਼ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਜੜੋਂ੍ਹ ਖ਼ਤਮ ਕਰਨ ਲਈ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਜਰਮਨੀ ਕੰਪਨੀ ਮੈਸਰਜ਼ ਵੇਓਲੀਆ ਪ੍ਰਾਈਵੇਟ ਲਿਮਟਿਡ ਨੂੰ ਪਿੰਡ ਝੁੰਗੀਆਂ ਨੇੜੇ ਸੀਂਹਪੁਰ ਦੀ ਜ਼ਮੀਨ ਵਿੱਚ ਅਤਿ ਆਧੁਨਿਕ ਵਾਟਰ ਮਸ਼ੀਨਰੀ ਨਾਲ ਲੈਸ ਵਾਟਰ ਟਰੀਟਮੈਂਟ ਪਲਾਂਟ (ਡਬਲਿਊਟੀਪੀ) ਸਥਾਪਿਤ ਕਰਨ ਦਾ ਠੇਕਾ ਦਿੱਤਾ ਹੈ। ਜਿਸ ਤਹਿਤ ਮੁਹਾਲੀ ਨੂੰ ਭਾਖੜਾ ਮੇਨ ਲਾਈਨ ਤੋਂ ਸਿੱਧੇ ਸੋਧੇ ਹੋਏ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਇਸ ਦਾ ਗੱਲ ਖੁਲਾਸਾ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਹ ਮਲਟੀ-ਨੈਸ਼ਨਲ ਕੰਪਨੀ ਵਾਟਰ ਟ੍ਰੀਟਮੈਂਟ ਪਲਾਂਟ ਦਾ ਨਿਰਮਾਣ ਕਾਰਜ ਦਸੰਬਰ 2020 ਤੱਕ ਪੂਰਾ ਕਰੇਗੀ ਅਤੇ 33 ਏਕੜ ’ਤੇ ਉਸਾਰੇ ਜਾਣ ਵਾਲੇ ਇਸ ਪਲਾਂਟ ’ਤੇ ਲਗਭਗ 115 ਕਰੋੜ ਰੁਪਏ ਦਾ ਖ਼ਰਚਾ ਆਵੇਗਾ। ਇਸ ਵਾਟਰ ਟਰੀਟਮੈਂਟ ਪਲਾਂਟ ਦੇ ਨਿਰਮਾਣ ਨਾਲ ਮੁਹਾਲੀ ਦੇ ਨਿਵਾਸੀਆਂ ਨੂੰ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾਵੇਗੀ।
ਸ੍ਰੀ ਸੁੱਖ ਸਰਕਾਰੀਆ ਨੇ ਦੱਸਿਆ ਕਿ ਗਮਾਡਾ ਬਹੁਤ ਜਲਦ ਕਜੌਲੀ ਵਾਟਰ ਵਰਕਸ ਤੋਂ ਡਿਸਟ੍ਰੀਬਿਊਸ਼ਨ ਮੇਨ ਪਾਈਪਲਾਈਨ ਵਿਛਾਉਣ ਲਈ ਟੈਂਡਰ ਜਾਰੀ ਕਰੇਗਾ। ਉਨ੍ਹਾਂ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਡਿੱਗਣ ਨਾਲ ਟਿਊਬਵੈੱਲ ਬੇਅਸਰ ਹੋ ਰਹੇ ਹਨ। ਇਸ ਲਈ ਨਹਿਰੀ ਪਾਣੀ ਦੀ ਸਪਲਾਈ ਹੀ ਇੱਕ ਵਧੀਆ ਵਿਕਲਪ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰੀਨ ਸਹੂਲਤਾਂ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਮੌਜੂਦਾ ਸਮੇਂ ਸ਼ਹਿਰ ਨੂੰ ਰੋਜ਼ਮਰਾ ਦੇ ਅਧਾਰ ’ਤੇ ਤਕਰੀਬਨ 15 ਐਮਜੀਡੀ ਪਾਣੀ ਮਿਲ ਰਿਹਾ ਹੈ ਅਤੇ ਫਿਰ ਵੀ ਵਿਅਸਤ ਸੀਜ਼ਨ ਦੌਰਾਨ 15 ਐਮਜੀਡੀ ਪਾਣੀ ਦੀ ਕਮੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਟ੍ਰੀਟਮੈਂਟ ਪਲਾਂਟ ਦੀ ਉਸਾਰੀ ਅਤੇ ਡਿਸਟ੍ਰੀਬਿਊਸ਼ਨ ਪਾਈਪਲਾਈਨ ਵਿਛਾਉਣ ਨਾਲ ਮੁਹਾਲੀ ਦੇ ਵਸਨੀਕਾਂ ਦੀ ਪੀਣ ਵਾਲੇ ਪਾਣੀ ਦੀ ਮੰਗ ਅਤੇ ਸਪਲਾਈ ਦੇ ਅੰਤਰ ਨੂੰ ਭਰਨ ਵਿੱਚ ਮਦਦ ਮਿਲੇਗੀ।
ਜਾਣਕਾਰੀ ਅਨੁਸਾਰ ਕਜੌਲੀ ਵਾਟਰ ਵਰਕਸ ਸਕੀਮ ਦੇ 5ਵੇਂ, 6ਵੇਂ, 7ਵੇਂ ਅਤੇ 8ਵੇਂ ਪੜਾਅ ਤਹਿਤ 80 ਐਮਜੀਡੀ ਪਾਣੀ ਦੀ ਸਪਲਾਈ ਦੇਣ ਦਾ ਪ੍ਰਸਤਾਵ ਹੈ। ਜਿਸ ਲਈ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਪਹਿਲਾਂ ਹੀ 2200 ਮਿਮੀ ਵਿਆਸ ਦੀਆਂ ਐਮਐਸ ਪਾਈਪਾਂ ਕਜੌਲੀ ਹੈੱਡ ਵਰਕਸ ਤੋਂ ਪਿੰਡ ਝੁੰਗੀਆਂ ਨੇੜੇ ਸੀਂਹਪੁਰ ਤੱਕ ਵਿਛਾ ਦਿੱਤੀਆਂ ਹਨ। ਇਸ ’ਚੋਂ 40 ਐਮਜੀਡੀ ਨਹਿਰੀ ਪਾਣੀ ਦੀ ਸਪਲਾਈ ਚੰਡੀਗੜ੍ਹ ਅਤੇ ਓਨੀ ਹੀ ਸਪਲਾਈ ਮੁਹਾਲੀ ਨੂੰ ਦਿੱਤੀ ਜਾਵੇਗੀ। ਚੰਡੀਗੜ੍ਹ ਨੂੰ ਦਿੱਤੇ ਗਏ 40 ਐਮਜੀਡੀ ਹਿੱਸੇ ’ਚੋਂ ਮੁਹਾਲੀ ਨੂੰ 5 ਐਮਜੀਡੀ ਨਹਿਰੀ ਪਾਣੀ ਦੀ ਵਾਧੂ ਸਪਲਾਈ ਦਿੱਤੀ ਜਾਵੇਗੀ, ਜਿਵੇਂ ਕਿ ਸਾਲ 1983 ਵਿੱਚ ਪ੍ਰਾਜੈਕਟ ਦੇ ਪਹਿਲੇ ਪੜਾਅ ਲਈ ਪਾਣੀ ਦੀ ਵੰਡ ਸਬੰਧੀ ਤਤਕਾਲੀ ਗ੍ਰਹਿ ਮੰਤਰੀ, ਭਾਰਤ ਸਰਕਾਰ ਦੀ ਅਗਵਾਈ ਅਧੀਨ ਹੋਈ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਸੀ। ਕਜੌਲੀ ਵਾਟਰ ਵਰਕਸ ਸਕੀਮ ਦੇ ਪਹਿਲੇ 4 ਪੜਾਵਾਂ ਲਈ ਪਾਣੀ ਦੀ ਵੰਡ ਦੇ ਉਸੇ ਪੈਟਰਨ ਨੂੰ ਦੁਹਰਾਇਆ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…