
ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਗੁੰਬਦਾਂ ’ਤੇ ਕਲਸ਼ ਚੜਾਏ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਗਸਤ:
ਇੱਥੋਂ ਦੇ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਰਸ਼ਨੀ ਡਿਊਢੀ ਦੇ ਚਾਰੇ ਗੁੰਬਦਾਂ ਉੱਪਰ ਕਲਸ਼ ਚੜਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸ੍ਰੀ ਦਰਬਾਰ ਸਾਹਿਬ ਅਤੇ ਦੋਵੇਂ ਦਰਸ਼ਨੀ ਡਿਊਢੀਆਂ ਦੀ ਕਾਰ ਸੇਵਾ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਬਚਨਾਂ ਸਦਕਾ ਜਥੇਦਾਰ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਦੇ ਉੱਚ ਕੋਟੀ ਦੇ ਆਰਕੀਟੈਕਟ ਅਤੇ ਇੰਜੀਨੀਅਰਾਂ ਦੀ ਦੇਖ-ਰੇਖ ਵਿੱਚ ਕਰਵਾਈ ਜਾ ਰਹੀ ਹੈ। ਅੱਜ ਸ਼ਹਿਰ ਵਾਲੇ ਪਾਸੇ ਦਰਸ਼ਨੀ ਡਿਊਢੀ ਦੇ ਚਾਰੇ ਗੁੰਬਦਾਂ ਉੱਤੇ ਸੰਗਤ ਦੇ ਸਹਿਯੋਗ ਨਾਲ ਕਲਸ਼ ਚੜਾਏ ਗਏ।
ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਮੈਡੀਕਲ ਲੈਬਾਰਟਰੀ ਅਤੇ ਡਿਸਪੈਂਸਰੀ ਲਈ ਏਅਰਕੰਡੀਸ਼ਨ ਇਮਾਰਤ ਬਣ ਕੇ ਤਿਆਰ ਹੋ ਚੱੁਕੀ ਹੈ। ਜਿਸ ਵਿੱਚ ਮਾਨਵਤਾ ਦੇ ਭੱਲੇ ਲਈ ਐਮਆਰਆਈ, ਸਿਟੀ ਸਕੈਨ, ਐਕਸ-ਰੇਅ ਅਤੇ ਦੰਦਾਂ ਦੇ ਇਲਾਜ ਦੀਆਂ ਅਤਿਆਧੁਨਿਕ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਅੱਜ ਗੁੰਬਦਾਂ ਦੇ ਕਲਸ਼ ਚੜ੍ਹਾਉਣ ਦੀ ਕਾਰ ਸੇਵਾ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆ ਸਮੇਤ ਇਲਾਕੇ ਦੀ ਸੰਗਤ ਤੋਂ ਇਲਾਵਾ ਕਈ ਸਿਆਸੀ ਆਗੂਆਂ ਨੇ ਵੱਧ ਚੜ ਕੇ ਹਿੱਸਾ ਲਿਆ। ਸੰਗਤ ਦੇ ਠਾਠਾਂ ਮਾਰਦੇ ਇਕੱਠ ਵਿੱਚ ਜੈਕਾਰਿਆਂ ਦੀ ਗੂੰਜ ਵਿੱਚ ਇਹ ਸੇਵਾ ਸੰਪੂਰਨ ਕਰਵਾਈ ਗਈ। ਇਸ ਮੌਕੇ ਕਈ ਪ੍ਰਕਾਰ ਦੀ ਮਿਠਾਈ ਅਤੇ ਗੁਰੂ ਕਾ ਲੰਗਰ ਅਤੱੁਟ ਵਰਤਿਆ।