
ਆਪ ਉਮੀਦਵਾਰ ਕੰਵਰ ਸੰਧੂ ਦੀ ਪਤਨੀ ਬਿੱਟੂ ਸੰਧੂ ਤੇ ਸਮਰਥਕ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਏ
ਭੁਪਿੰਦਰ ਸਿੰਗਾਰੀਵਾਲ
ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 7 ਫਰਵਰੀ:
ਖਰੜ ਵਿਧਾਨ ਸਭ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਵਰ ਸਿੰਘ ਸੰਧੂ ਦੀ ਪਤਨੀ ਬਿੱਟੂ ਸੰਧੂ ਨੇ ਪਾਰਟੀ ਦੇ ਵਾਲੰਟੀਅਰਾਂ ਅਤੇ ਸਮਰਥਕਾਂ ਸਮੇਤ ਗੁਰਦੁਆਰਾ ਗੁਰਪੁਰਾ ਸਾਹਿਬ ਮਾਜਰਾ ਵਿੱਚ ਪਹੁੰਚ ਕੇ ਮੱਥਾ ਟੇਕਿਆ। ਇਸ ਦੌਰਾਨ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਭੁਪਿੰਦਰ ਸਿੰਘ ਤੇ ਹੋਰ ਨੇ ਸ੍ਰੀਮਤੀ ਬਿੱਟੂ ਸੰਧੂ ਅਤੇ ਯੂਥ ਆਗੂ ਜਗਦੇਵ ਸਿੰਘ ਮਲੋਆ ਦਾ ਸਿਰੋਪਾਓ ਨਾਲ ਸਨਮਾਨਿਤ ਕੀਤਾ। ਸ੍ਰੀਮਤੀ ਸੰਧੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹੱਕ ਵਿੱਚ ਹਲਕਾ ਵਾਸੀਆਂ ਨੇ ਵੱਧ ਚੜ੍ਹ ਕੇ ਵੋਟਾਂ ਪਾਈਆਂ ਹਨ। ਇਸੇ ਤਰ੍ਹਾਂ ਪੰਜਾਬ ਦਾ ਮਹੌਲ ਇਸ ਵਾਰ ‘ਆਪ’ ਦੇ ਹੱਕ ਵਿੱਚ ਹੀ ਨਜ਼ਰ ਆ ਰਿਹਾ ਹੈ। ਇਸ ਲਈ ਪੰਜਾਬ ਵਿੱਚ ਇਸ ਵਾਰ ਨਵੀਂ ਸਰਕਾਰ ਬਣਨੀ ਤੈਅ ਹੈ। ਉਨ੍ਹਾਂ ਕਿਹਾ ਕਿ ਉਹ ਚੋਣਾਂ ਦੇ ਲੰਮੇਂ ਦਿਨਾਂ ਦੀ ਨੱਠ ਭੱਜ ਤੋਂ ਬਾਅਦ ਮਨ ਦੇ ਸਕੂਨ ਲਈ ਗੁਰੂ ਘਰ ਨਤਮਸਤਕ ਹੋਣ ਲਈ ਆਏ ਹਨ। ਇਸ ਮੌਕੇ ਉਨ੍ਹਾਂ ਨਾਲ ਜਗਦੇਵ ਸਿੰਘ ਮਲੋਆ, ਜੱਗੀ ਕਾਦੀਮਾਜਰਾ ਅਤੇ ਵਰਿੰਦਰ ਸਿੰਘ ਭਗਤਮਾਜਰਾ ਵੀ ਹਾਜ਼ਰ ਸਨ।