nabaz-e-punjab.com

ਕਰਤਾਰਪੁਰ ਲਾਂਘਾ: ਸਿੱਖ ਆਗੂਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਟਿੱਪਣੀ ਦੀ ਸਖ਼ਤ ਨਿਖੇਧੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਬੇਹੱਦ ਨੀਵੇਂ ਪੱਧਰ ਦੀ ਸਿਆਸਤ ਕਰਨ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਦਸੰਬਰ:
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਡਾਇਰੈਕਟਰ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਕਰਨੈਲ ਸਿੰਘ ਪੀਰਮੁਹਮੰਦ ਅਤੇ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਜਿਸ ਵਿੱਚ ਉਹਨਾਂ ਨੇ ਕਰਤਾਰਪੁਰ ਸਾਹਿਬ ਕੌਰੀਡੋਰ ਬਣਾਉਣ ਨਾਲ ਦੋਵਾਂ ਮੁਲਕਾ ਦੀ ਸਹਿਮਤੀ ’ਤੇ ਪ੍ਰਸ਼ਨਚਿੰਨ੍ਹ ਲਗਾਇਆ ਹੈ।
ਅੱਜ ਇੱਥੇ ਕਰਨੈਲ ਸਿੰਘ ਪੀਰਮੁਹਮੰਦ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਸਿੱਖ ਪੰਥ ਦੀ ਕੀਤੀ ਜਾ ਰਹੀ ਅਰਦਾਸ ਨੂੰ ਪ੍ਰਵਾਨ ਹੋਇਆ ਦੇਖਣ ਦੀ ਥਾਂ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗੂੜੀ ਦੋਸਤੀ ਤੋਂ ਈਰਖਾ ਵੱਸ ਹੋ ਕੇ ਹੀ ਕਰਤਾਰਪੁਰ ਲਾਂਘੇ ਦੀ ਬੇਲੋੜੀ ਅਲੋਚਨਾ ਕਰ ਰਹੇ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਦੋਸਤ ਜੋ ਹੁਣ ਲਗਾਤਾਰ ਕੈਪਟਨ ਸਾਹਿਬ ਪਾਸ ਹੀ ਰਹਿੰਦੀ ਹੈ ਜੇਕਰ ਉਸ ਦੇ ਇੰਡੀਆ ਰਹਿਣ ਨਾਲ ਦੇਸ਼ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀ ਫਿਰ ਸਿੱਖ ਕੌਮ ਦੀ ਮਾਨਸਿਕਤਾ ਦੇ ਉਲਟ ਜਾ ਕੇ ਕਰਤਾਰਪੁਰ ਸਾਹਿਬ ਕੌਰੀਡੋਰ ਬਣਾਉਣ ਵਿਰੁੱਧ ਬੋਲਣਾ ਬੇਹੱਦ ਨੀਵੇ ਪੱਧਰ ਦੀ ਸਿਆਸਤ ਹੈ ਜੋ ਕੈਪਟਨ ਵਰਗੇ ਸਿਆਸਤਦਾਨ ਨੂੰ ਨਹੀਂ ਕਰਨੀ ਚਾਹੀਦੀ।
ਇਸੇ ਦੌਰਾਨ ਬਰਗਾੜੀ ਮੋਰਚੇ ਦੀ ਅਚਨਚੇਤ ਸਮਾਪਤੀ ’ਤੇ ਟਿੱਪਣੀ ਕਰਦਿਆ ਕਿਹਾ ਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਅੌਰ ਉਹਨਾਂ (ਪੀਰਮੁਹਮੰਦ) ਨੇ ਲਿਖਤੀ ਤੌਰ ’ਤੇ ਮੋਰਚੇ ਦੇ ਇੱਕ ਪ੍ਰਬੰਧਕ ਨੂੰ 5 ਦਸੰਬਰ ਨੂੰ ਸੁਚੇਤ ਕੀਤਾ ਸੀ ਕਿ ਹੁਣ ਤੁਸੀਂ ਜੋ ਕੁਝ ਕਾਹਲੀ ਵਿੱਚ ਕਰਨ ਜਾ ਰਹੇ ਹੋ ਉਸ ਨਾਲ ਤੁਹਾਡੇ ਹਾਲਾਤ ਵੀ ਸਰਕਾਰ ਨੇ ਸਵਰਗੀ ਭਾਈ ਗੁਰਬਖ਼ਸ਼ ਸਿੰਘ ਖਾਲਸਾ ਵਾਲੇ ਬਣਾ ਦੇਣੇ ਹਨ। ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਵੱਲੋਂ ਸਮੂਹਿਕ ਰੂਪ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪੇ ਮੁਆਫ਼ੀ ਮੰਗਣ ਤੇ ਆਪੇ ਸਜਾ ਲਗਾਉਣ ਦੀ ਕਾਰਵਾਈ ਨੂੰ ਸਿੱਖ ਮਰਯਾਦਾ ਦੇ ਉਲਟ ਦੱਸਦਿਆ ਕਿਹਾ ਕਿ ਜੋ ਗਲਤੀਆ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਬੇਟੇ ਸੁਖਬੀਰ ਸਿੰਘ ਬਾਦਲ ਨੇ ਕੀਤੀਆਂ ਹਨ। ਉਹਨਾਂ ਦਾ ਇੱਕੋ ਇੱਕ ਹੱਲ ਹੈ ਕਿ ਉਹ ਹੁਣ ਸਿੱਖ ਰਾਜਨੀਤੀ ਤੋਂ ਕਿਨਾਰਾ ਕਰ ਜਾਣ। ਵੈਸੇ ਵੀ ਸਿੱਖ ਕੌਮ ਤੇ ਪੰਜਾਬੀਆਂ ਨੇ ਉਹਨਾਂ ਨੂੰ ਹੁਣ ਮੂੰਹ ਨਹੀਂ ਲਾਉਣਾ ਹੈ। ਟਕਸਾਲੀ ਅਕਾਲੀਆਂ ਵੱਲੋਂ 16 ਦਸੰਬਰ ਨੂੰ ਮੁੜ ਸੁਰਜੀਤ ਕੀਤੇ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਬਾਰੇ ਉਹਨਾਂ ਆਸ ਪ੍ਰਗਟਾਈ ਕਿ ਇਹ ਇਕੱਠੇ ਹੋ ਰਹੇ ਸੱਜਣ ਪੰਥ ਦੀਆਂ ਭਾਵਨਾਵਾਂ ਅਨੁਸਾਰ ਹੀ ਚੰਗੇ ਨਾਲ ਕਦਮ ਚੁੱਕਣ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…