Nabaz-e-punjab.com

ਕਰਤਾਰਪੁਰ ਲਾਂਘਾ: ਪਾਕਿ ਨਾਲ ਕਾਰੋਬਾਰ ਸ਼ੁਰੂ ਹੋਣ ਨਾਲ ਪੰਜਾਬ ਨੰਬਰ ਇਕ ਸੂਬਾ ਬਣੇਗਾ: ਰੰਧਾਵਾ

ਗੁੰਡਾ ਟੈਕਸ ਮਾਮਲੇ ਬਾਰੇ ਅਧਿਕਾਰੀਆਂ ਨੂੰ 10 ਦਿਨਾਂ ਵਿੱਚ ਜਾਂਚ ਰਿਪੋਰਟ ਦੇਣ ਲਈ ਕਿਹਾ ਗਿਆ:

ਪੰਜਾਬ ਨੂੰ ਕੰਗਾਲ ਨਹੀਂ ਬਣਨ ਦਿਆਂਗੇ, ਆਪਣਾ ਹੱਕ ਲੈ ਕੇ ਰਹਾਂਗੇ: ਜੇਲ੍ਹ ਮੰਤਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਨਵੰਬਰ:
ਪੰਜਾਬ ਬਾਰਡਰ ਏਰੀਆ ਹੋਣ ਕਾਰਨ ਪਹਿਲੇ ਸਮਿਆਂ ਵਿੱਚ ਸੂਬੇ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਹੈ ਲੇਕਿਨ ਹੁਣ ਸੰਗਤ ਦੀਆਂ ਬੇਅੰਤ ਅਰਦਾਸਾਂ ਨਾਲ ਅਰਸੇ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਬਣਨ ਦੇ ਨਾਲ ਨਾਲ ਜੇਕਰ ਦੋਵੇਂ ਮੁਲਕਾਂ ਵਿੱਚ ਟਰੇਡਿੰਗ (ਕਾਰੋਬਾਰ) ਵੀ ਸ਼ੁਰੂ ਹੋ ਜਾਵੇ ਤਾਂ ਇਸ ਦਾ ਸਭ ਤੋਂ ਵੱਡਾ ਲਾਭ ਪੰਜਾਬ ਨੂੰ ਮਿਲੇਗਾ ਅਤੇ ਪੰਜਾਬ ਨੰਬਰ ਇਕ ਸੂਬਾ ਬਣ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੀਤਾ। ਉਹ ਅੱਜ ਇੱਥੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਹਿੱਸਾ ਲੈਣ ਆਏ ਹੋਏ ਸੀ।
ਸ੍ਰੀ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਹੱਦੀ ਇਲਾਕਾ ਹੋਣ ਕਰਕੇ ਜਦੋਂ ਵੀ ਦੇਸ਼ ਵਿੱਚ ਕੋਈ ਹਿਲਜੁਲ ਹੁੰਦੀ ਤਾਂ ਪੰਜਾਬ ਨੂੰ ਸਭ ਤੋਂ ਵੱਧ ਨੁਕਸਾਨ ਸਹਿਣਾ ਪੈਂਦਾ ਹੈ। ਆਜ਼ਾਦੀ ਦੇ ਸਮੇਂ ਦੀ ਗੱਲ ਕਰ ਲਈਏ ਭਾਵੇਂ ਪੰਜਾਬ ਵਿੱਚ ਅਤਿਵਾਦ ਜਾਂ ਹੁਣ ਨਸ਼ਿਆਂ ਦੀ ਗੱਲ ਹੋਵੇ। ਸਭ ਤੋਂ ਵੱਧ ਨੁਕਸਾਨ ਸਾਡੇ ਸੂਬੇ ਦਾ ਹੋਇਆ ਹੈ। ਪੰਜਾਬ ਵਿੱਚ ਆਰਥਿਕ ਖ਼ੁਸ਼ਹਾਲੀ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਗੰਭੀਰਤਾ ਨਾਲ ਸੋਚਣਾ ਪਵੇਗਾ। ਉਂਜ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਸ਼ਾਂਤੀ ਤਦ ਹੀ ਰਹੇਗੀ ਜਦੋਂ ਪਾਕਿਸਤਾਨ ’ਤੇ ਸਾਡਾ ਕੰਟਰੋਲ ਹੋਵੇਗਾ।
ਵਿਦੇਸ਼ੀ ਦੌਰੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਖ਼ਾਲਿਸਤਾਨ ਸਮਰਥਕਾਂ ਵੱਲੋਂ ਨਾਅਰੇਬਾਜ਼ੀ ਕਰਨ ਬਾਰੇ ਪੁੱਛੇ ਜਾਣ ’ਤੇ ਸ੍ਰੀ ਰੰਧਾਵਾ ਨੇ ਕਿਹਾ ਕਿ ਖਾਲਿਸਤਾਨੀਆਂ ਦੀ ਆਪਣੀ ਸੋਚ ਹੈ ਅਤੇ ਸਾਡੀ ਆਪਣੀ ਸੋਚ ਹੈ। ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਪੰਜਾਬ ਨੂੰ ਡਿਸਟਰਬ ਕਰਨਾ ਚਾਹੁੰਦੇ ਹਨ ਅਤੇ ਅਸੀਂ ਸੂਬੇ ਦਾ ਸਰਬਪੱਖੀ ਵਿਕਾਸ ਅਤੇ ਅਮਨ ਸ਼ਾਂਤੀ ਚਾਹੁੰਦੇ ਹਾਂ। ਉਂਜ ਉਨ੍ਹਾਂ ਸਾਫ਼ ਲਫ਼ਜਾਂ ਵਿੱਚ ਕਿਹਾ ਕਿ ਜੇਕਰ ਖ਼ਾਲਿਸਤਾਨ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਸਰਕਾਰ ਵੀ ਹਰ ਪੱਖੋਂ ਮੁਕਾਬਲਾ ਕਰਨ ਦੇ ਸਮਰੱਥ ਹੈ।
ਅਤਿਵਾਦ ਤੋਂ ਬਾਅਦ ਪੰਜਾਬ ਵਿੱਚ ਲਗਾਤਾਰ ਗੈਂਗਸਟਰਾਂ ਦੀਆਂ ਸਰਗਰਮੀਆਂ ਅਤੇ ਗਤੀਵਿਧੀਆਂ ਵਧਣ ਕਾਰਨ ਪੈਦਾ ਹੋ ਰਹੇ ਖੌਫ਼ ਬਾਰੇ ਪੁੱਛੇ ਜਾਣ ’ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਸਾਰਾ ਕੁਝ ਸਾਬਕਾ ਅਕਾਲੀ ਮੰਤਰੀ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਜਦ ਤੋਂ ਉਹ ਰਾਜਨੀਤੀ ਵਿੱਚ ਸਰਗਰਮ ਹੋਇਆ ਹੈ। ਉਸ ਤੋਂ ਬਾਅਦ ਗੈਂਗਸਟਰਾਂ ਦੀਆਂ ਗਤੀਵਿਧੀਆਂ ’ਚ ਲਗਾਤਾਰ ਵਾਧਾ ਹੋਇਆ ਹੈ ਅਤੇ ਜਿਵੇਂ ਜਿਵੇਂ ਅਕਾਲੀ ਆਗੂ ਸਿਆਸਤ ਵਿੱਚ ਪਾਵਰਫੁੱਲ ਹੁੰਦਾ ਗਿਆ। ਓਵੇਂ ਓਵੇਂ ਗੈਂਗਸਟਰਾਂ ਦੀਆਂ ਗਤੀਵਿਧੀਆਂ ਵੀ ਵਧਦੀਆਂ ਗਈਆਂ ਹਨ।
ਜੀਐਸਟੀ ਦੀ ਗੱਲ ਕਰਦਿਆਂ ਸ੍ਰੀ ਰੰਧਾਵਾ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰ ਤੋਂ ਆਪਣਾ ਹੱਕ ਮੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ‘ਮੈਂ ਤਾਂ ਸੁਝਾਅ ਦਿੱਤਾ ਹੈ ਕਿ ਜੇਕਰ ਸਾਨੂੰ ਸਾਡਾ ਬਣਨਾ ਹੱਕ ਨਹੀਂ ਮਿਲਦਾ ਤਾਂ ਸਾਨੂੰ ਧਰਨਾ ਦੇਣਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕਿਸੇ ਵੀ ਕੀਮਤ ’ਤੇ ਪੰਜਾਬ ਨੂੰ ਕੰਗਾਲ ਨਹੀਂ ਹੋਣ ਦੇਵੇਗੀ। ਇਸ ਲਈ ਪੰਜਾਬ ਆਪਣਾ ਹੱਕ ਲੈ ਕੇ ਰਹੇਗਾ। ਪੰਜਾਬ ਵਿੱਚ ਵਿੱਤੀ ਹਾਲਾਤਾਂ ਬਾਰੇ ਜੇਲ੍ਹ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਜੇਕਰ ਕੋਈ ਨੀਤੀ ਕੇਂਦਰ ਸਰਕਾਰ ਕੋਲ ਜਾਂਦੀ ਹੈ ਤਾਂ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਵਜ਼ਾਰਤ ਵੇਲੇ ਬਾਰਡਰ ਏਰੀਆ ਵਿਕਾਸ ਪ੍ਰੋਗਰਾਮ ਲਈ ਪੰਜਾਬ ਨੂੰ 100 ਫੀਸਦੀ ਗਰਾਂਟ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਸੀ ਲੇਕਿਨ ਹੁਣ ਮੋਦੀ ਸਰਕਾਰ ਨੇ ਆਪਣਾ ਹੱਥ ਘੁੱਟ ਲਿਆ ਹੈ ਅਤੇ ਹੁਣ 60-40 ਦੀ ਰੇਸ਼ੋ ਬਣਾ ਦਿੱਤੀ ਗਈ ਹੈ। ਜਿਸ ਦੇ ਤਹਿਤ 60 ਫੀਸਦੀ ਕੇਂਦਰ ਅਤੇ 40 ਫੀਸਦੀ ਪੰਜਾਬ ਨੂੰ ਹਿੱਸਾ ਪਾਉਣ ਲਈ ਕਿਹਾ ਜਾ ਰਿਹਾ ਹੈ।
ਨਾਜਾਇਜ਼ ਮਾਈਨਿੰਗ ਸਬੰਧੀ ਮੁਹਾਲੀ ਸਮੇਤ ਹੋਰਨਾਂ ਥਾਵਾਂ ’ਤੇ ਗੁੰਡਾ ਟੈਕਸ ਦੀ ਵਸੂਲੀ ਬਾਰੇ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਉੱਚ ਅਧਿਕਾਰੀਆਂ ਤੋਂ 10 ਦਿਨਾਂ ਦੇ ਅੰਦਰ ਜਾਂਚ ਰਿਪੋਰਟ ਮੰਗੀ ਗਈ ਹੈ। ਰਿਪੋਰਟ ਮਿਲਣ ਤੋਂ ਬਾਅਦ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…