ਪਾਣੀ ਦੀ ਟੈਂਕੀ ’ਤੇ ਮਨਾਇਆ ਕਰਵਾ ਚੌਥ, ਅਧਿਆਪਕਾ ਨੇ ਵਰਤ ਖੋਲ੍ਹ ਕੇ ਨਹੀਂ ਭਰੀ ਪਾਣੀ ਦੀ ਘੁੱਟ

ਮੁਹਾਲੀ ਵਿੱਚ ਪਾਣੀ ਦੀ ਟੈਂਕੀ ’ਤੇ ਲਗਾਤਾਰ 11 ਦਿਨਾਂ ਤੋਂ ਡਟੇ ਹੋਏ ਨੇ ਬੇਰੁਜ਼ਗਾਰ ਅਧਿਆਪਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਕਤੂਬਰ:
ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਤੋਂ ਅੱਕੇ 646 ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦਾ ਮੁਹਾਲੀ ਵਿੱਚ ਲੜੀਵਾਰ ਧਰਨਾ ਅੱਜ 11ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਜਦੋਂਕਿ ਇਕ ਲਾਲ ਚੂੜੇ ਵਾਲੀ ਮੁਟਿਆਰ ਸਮੇਤ ਚਾਰ ਬੇਰੁਜ਼ਗਾਰ ਅਧਿਆਪਕ ਇਨਸਾਫ਼ ਪ੍ਰਾਪਤੀ ਲਈ ਸੋਹਾਣਾ ਵਿੱਚ ਪਾਣੀ ਦੀ ਟੈਂਕੀ ਉੱਤੇ ਡਟੇ ਹੋਏ ਹਨ ਅਤੇ ਬਾਕੀ ਸਾਥੀ ਟੈਂਕੀ ਦੇ ਥੱਲੇ ਧਰਨੇ ’ਤੇ ਬੈਠੇ ਹਨ। ਪਾਣੀ ਦੀ ਟੈਂਕੀ ਉੱਤੇ ਮਰਨ ਵਰਤ ’ਤੇ ਬੈਠੀ ਮਾਨਸਾ ਦੀ ਬੇਰੁਜ਼ਗਾਰ ਅਧਿਆਪਕਾ ਸਿੱਪੀ ਸ਼ਰਮਾ ਨੇ ਐਤਵਾਰ ਨੂੰ ਅਨੋਖੇ ਤਰੀਕੇ ਨਾਲ ਕਰਵਾ ਚੌਥ ਮਨਾਇਆ। ਆਪਣੇ ਹੱਕਾਂ ਲਈ ਡਟੀ ਇਸ ਮੁਟਿਆਰ ਨੂੰ ਆਪਣੇ ਪਰਿਵਾਰ ਦਾ ਵੀ ਫ਼ਿਕਰ ਹੈ। ਉਸ ਨੇ ਅੱਜ ਆਪਣੇ ਪਤੀ ਦੀ ਲੰਮੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਿਆ ਅਤੇ ਸ਼ਾਮ ਨੂੰ ਵਰਤ ਖੋਲ੍ਹਣ ਤੋਂ ਬਾਅਦ ਹੀ ਪਾਣੀ ਦੀ ਘੱੁਟ ਤੱਕ ਨਹੀਂ ਪੀਤੀ। ਮਹਿਲਾ ਅਧਿਆਪਕਾ ਨੇ ਮੁੱਖ ਮੰਤਰੀ ਨੂੰ ਲਾਹਨਤਾਂ ਪਾਉਂਦੇ ਹੋਏ ਕਿਹਾ ਕਿ ਕੀ ਉਨ੍ਹਾਂ ਦੀ ਨੂੰਹ ਵੀ ਇਸੇ ਤਰ੍ਹਾਂ ਕਰਵਾ ਚੌਥ ਮਨਾਏਗੀ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਸਾਰ ਲੈਣੀ ਚਾਹੀਦੀ ਹੈ।
ਇਸ ਮੌਕੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਆਗੂਆਂ ਗੁਰਲਾਭ ਸਿੰਘ ਭੋਲਾ, ਕ੍ਰਿਸ਼ਨ ਸਿੰਘ ਨਾਭਾ, ਮੋਨੂ ਪਟਿਆਲਾ, ਸੰਦੀਪ ਸਿੰਘ ਬੰਗਾ ਅਤੇ ਕਮਲ ਘੁਰਕਣੀ ਨੇ ਕਿਹਾ ਕਿ ਉਹ ਸਾਲ 2011 ਤੋਂ ਸਮੇਂ ਸਮੇਂ ਸਿਰ ਧਰਨੇ ਦਿੰਦੇ ਆ ਰਹੇ ਹਨ ਅਤੇ ਪਿਛਲੇ ਅੱਠ ਦਿਨ ਤੋਂ ਸੋਹਾਣਾ ਵਿੱਚ ਪਾਣੀ ਦੀ ਟੈਂਕੀ ’ਤੇ ਡਟੇ ਹੋਏ ਹਨ ਪ੍ਰੰਤੂ ਹੁਕਮਰਾਨ ਜਾਂ ਉੱਚ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਸ ਟੈਂਕੀ ਦੀ ਹਾਲਤ ਤਰਸਯੋਗ ਹੈ, ਜਿਸ ਕਾਰਨ ਕਦੇ ਵੀ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਆਪਣੇ ਗਹਿਣੇ ਵੇਚ ਕੇ ਵਕੀਲਾਂ ਨੂੰ ਫੀਸਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਕਰਜ਼ਾ ਚੁੱਕ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਾਣੀ ਦੀ ਟੈਂਕੀ ਉੱਤੇ ਮਰਨ ਵਰਤ ’ਤੇ ਬੈਠੀ ਸਿੱਪੀ ਸ਼ਰਮਾ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਹੈ। ਇਸ ਦੇ ਬਾਵਜੂਦ ਉਹ ਆਪਣੇ ਅਤੇ ਸਾਥੀਆਂ ਦੇ ਹੱਕਾਂ ਲਈ ਫਰੰਟ ਲਾਈਨ ’ਤੇ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸੰਘਰਸ਼ਸ਼ੀਲ ਮਹਿਲਾ ਨਾਲ ਕੁੱਝ ਵੀ ਵਾਪਰਿਆਂ ਤਾਂ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਨੂੰ ਨੌਕਰੀ ਨਹੀਂ ਦਿੰਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਗੁਪਤ ਐਕਸ਼ਨ ਕੀਤੇ ਜਾਣਗੇ।

Load More Related Articles
Load More By Nabaz-e-Punjab
Load More In Awareness/Campaigns

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…