Share on Facebook Share on Twitter Share on Google+ Share on Pinterest Share on Linkedin ਗੁਰਦੁਆਰਾ ਸਾਚਾ ਧੰਨ ਸਾਹਿਬ ਮੁਹਾਲੀ ਵਿੱਚ ਪਹੁੰਚੇ 34 ਹੋਰ ਕਸ਼ਮੀਰੀ ਵਿਦਿਆਰਥੀਆਂ ਨੂੰ ਵਾਪਸ ਜੰਮੂ ਭੇਜਿਆ ਖਾਲਸਾ ਏਡ ਸੰਸਥਾ ਨੇ ਫੜੀ ਕਸ਼ਮੀਰੀ ਵਿਦਿਆਰਥੀਆਂ ਦੀ ਬਾਂਹ, ਸੁਰੱਖਿਅਤ ਘਰ ਵਾਪਸੀ ਦਾ ਬੀੜਾ ਚੁੱਕਿਆ ਗੁਰਦੁਆਰਾ ਸਾਚਾ ਧੰਨ ਸਾਹਿਬ ਵਿੱਚ ਪੀੜਤ ਨੌਜਵਾਨਾਂ ਦੀ ਸ਼ਰਨ ਲਈ ਕੀਤੇ ਵਿਸ਼ੇਸ਼ ਪ੍ਰਬੰਧ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਫਰਵਰੀ: ਪੁਲਵਾਮਾ ਵਿੱਚ ਅਤਿਵਾਦੀ ਹਮਲੇ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਉੱਚ ਸਿੱਖਿਆ ਹਾਸਲ ਕਰ ਰਹੇ ਕਸ਼ਮੀਰੀ ਵਿਦਿਆਰਥੀ ਕਥਿਤ ਤੌਰ ’ਤੇ ਰਾਸ਼ਟਰਵਾਦੀਆਂ ਦੇ ਨਿਸ਼ਾਨੇ ’ਤੇ ਹਨ। ਕਈ ਥਾਵਾਂ ’ਤੇ ਇਨ੍ਹਾਂ ਵਿਦਿਆਰਥੀਆਂ ਨੂੰ ਵਾਪਸ ਕਸ਼ਮੀਰ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਮੁਹਾਲੀ ਕਰੀਬ 800 ਕਸ਼ਮੀਰੀ ਨੌਜਵਾਨ ਪਹੁੰਚ ਕੇ ਵੱਖ ਵੱਖ ਗੁਰਦੁਆਰਿਆਂ ਵਿੱਚ ਸ਼ਰਨ ਲੈ ਚੁੱਕੇ ਹਨ। ਹਾਲਾਂਕਿ ਦੋ ਦਿਨ ਪਹਿਲਾਂ ਸਿੱਖ ਸੰਸਥਾਵਾਂ ਅਤੇ ਮੁਹਾਲੀ ਪ੍ਰਸ਼ਾਸਨ ਨੇ ਪਹਿਲਕਦਮੀ ਕਰਦਿਆਂ ਸੈਂਕੜੇ ਨੌਜਵਾਨਾਂ ਨੂੰ ਸਹੀ ਸਲਾਮਤ ਵਾਪਸ ਜੰਮੂ ਰਵਾਨਾ ਕੀਤਾ ਜਾ ਗਿਆ ਹੈ ਪ੍ਰੰਤੂ ਬੀਤੇ ਦਿਨੀਂ ਦੇਹਰਾਦੂਨ ਅਤੇ ਹਰਿਆਣਾ ’ਚੋਂ ਕਰੀਬ 34 ਕਸ਼ਮੀਰੀ ਨੌਜਵਾਨ ਇੱਥੋਂ ਦੇ ਗੁਰਦੁਆਰਾ ਸਾਚਾ ਧੰਨ ਸਾਹਿਬ ਫੇਜ਼-3ਬੀ1 ਵਿੱਚ ਪਹੁੰਚ ਗਏ। ਜਿਨ੍ਹਾਂ ਨੂੰ ਰਾਤ ਗੁਰਦੁਆਰੇ ਵਿੱਚ ਰਹਿਣ ਲਈ ਕਮਰੇ ਦਿੱਤੇ ਗਏ ਅਤੇ ਅੱਜ ਉਨ੍ਹਾਂ ਨੂੰ ਵਾਪਸ ਜੰਮੂ ਭੇਜਿਆ ਗਿਆ। ਉਧਰ, ਖਾਲਸਾ ਏਡ ਨੇ ਅਤਿਵਾਦੀ ਹਮਲੇ ਤੋਂ ਬਾਅਦ ਸਹਿਮੇ ਹੋਏ ਕਸ਼ਮੀਰੀ ਵਿਦਿਆਰਥੀਆਂ ਦੀ ਬਾਂਹ ਫੜਦਿਆਂ ਉਨ੍ਹਾਂ ਦੀ ਸੁਰੱਖਿਅਤ ਘਰ ਵਾਪਸੀ ਦਾ ਬੀੜਾ ਚੁੱਕਿਆ ਹੈ। ਜਿਸਦੇ ਤਹਿਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਵਿਸ਼ੇਸ਼ ਕੈਂਪ ਲਗਾਏ ਗਏ ਹਨ। ਸਥਾਨਕ ਗੁਰਦੁਆਰਾ ਸਾਚਾ ਧੰਨ ਸਾਹਿਬ ਫੇਜ਼-3ਬੀ1 ਵਿੱਚ ਅਜਿਹਾ ਹੀ ਇੱਕ ਰਾਹਤ ਕੈਂਪ ਚੱਲ ਰਿਹਾ ਹੈ। ਜਿੱਥੇ ਵੱਖ-ਵੱਖ ਸ਼ਹਿਰਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਲੰਗਰ ਪਾਣੀ ਅਤੇ ਠਹਿਰਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਪੁਲੀਸ ਸੁਰੱਖਿਆ ਹੇਠ ਵਾਪਸ ਉਨ੍ਹਾਂ ਦੇ ਘਰ ਪਹੁੰਚਾਇਆ ਜਾ ਰਿਹਾ ਹੈ। ਗੁਰਦੁਆਰਾ ਸਾਚਾ ਧੰਨ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਅੱਜ 34 ਕਸ਼ਮੀਰੀ ਵਿਦਿਆਰਥੀਆਂ ਨੂੰ ਦੋ ਟਰੈਵਲ ਮਿੰਨੀ ਬੱਸਾਂ ਵਿੱਚ ਕਸ਼ਮੀਰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਗੁਰਦੁਆਰੇ ਵਿੱਚ ਠਹਿਰੇ 150 ਕਸ਼ਮੀਰੀ ਨੌਜਵਾਨਾਂ ਨੂੰ ਜੰਮੂ ਭੇਜਿਆ ਜਾ ਚੁੱਕਾ ਹੈ। ਸ੍ਰੀ ਗਿੱਲ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਕੁਝ ਲੋਕਾਂ ਵੱਲੋਂ ਵਾਪਸ ਕਸ਼ਮੀਰ ਜਾਣ ਜਾਂ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਅਜਿਹੀਆਂ ਧਮਕੀਆਂ ਦੇ ਡਰੋਂ ਸਬੰਧਤ ਕਾਲਜਾਂ ਵੱਲੋਂ ਉਨ੍ਹਾਂ ਨੂੰ ਵਾਪਸ ਜਾਣ ਲਈ ਕਹਿ ਦਿੱਤਾ ਗਿਆ ਹੈ। ਜਿਸ ਕਾਰਨ ਇਹ ਵਿਦਿਆਰਥੀ ਬਹੁਤ ਬੁਰੀ ਤਰ੍ਹਾਂ ਡਰੇ ਹੋਏ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਤੋਂ ਇੱਥੇ ਪਹੁੰਚਣ ਵਾਲੇ ਵਿਦਿਆਰਥੀਆਂ ਨੂੰ ਸ਼ਰਨ ਦੇਣ ਲਈ ਗੁਰਦੁਆਰਾ ਸਾਹਿਬ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ