Nabaz-e-punjab.com

ਕੇਜਰੀਵਾਲ ਮੰਗਲਵਾਰ ਨੂੰ ਕਰਨਗੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ, 22 ਲੱਖ ਸੁਝਾਅ ਆਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ:
ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਭਲਕੇ ਮੁਹਾਲੀ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਰਸਮੀ ਐਲਾਨ ਕਰਨਗੇ। ਇਸ ਸਬੰਧੀ ਆਪ ਵਲੰਟੀਅਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਪਹਿਲਾਂ ਕੇਜਰੀਵਾਲ ਨੇ ਕਿਹਾ ਸੀ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਛੇਤੀ ਕਰ ਦਿੱਤਾ ਜਾਵੇਗਾ। ਲੇਕਿਨ ਅਗਲੇ ਹੀ ਦਿਨ ਮੁਹਾਲੀ ਕਲੱਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਨੇ ਗੇਂਦ ਪੰਜਾਬ ਦੇ ਲੋਕਾਂ ਦੇ ਪਾਲੇ ਵਿੱਚ ਸੁੱਟ ਦਿੱਤੀ ਸੀ। ਕੇਜਰੀਵਾਲ ਨੇ ਕਿਹਾ ਸੀ ਕਿ ਉਹ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਚਾਹੁੰਦਾ ਸੀ ਪਰ ਮਾਨ ਨੇ ਖ਼ੁਦ ਕਹਿ ਦਿੱਤਾ ਕਿ ਲੋਕ ਜਿਸ ਨੂੰ ਚਾਹੁਣਗੇ, ਉਸ ਆਗੂ ਨੂੰ ਹੀ ਮੁੱਖ ਮੰਤਰੀ ਦਾ ਉਮੀਦਵਾਰ ਘੋਸ਼ਿਤ ਕੀਤਾ ਜਾਵੇ। ਇਸ ਮਗਰੋਂ ਪਾਰਟੀ ਨੇ ਇੱਕ ਨੰਬਰ (7074870748) ਜਾਰੀ ਕਰਕੇ ਪੰਜਾਬ ਦੇ ਲੋਕਾਂ ਤੋਂ ਮੁੱਖ ਮੰਤਰੀ ਦੇ ਚਿਹਰੇ ਬਾਰੇ ਰਾਇ ਮੰਗੀ ਗਈ ਅਤੇ ਆਪ ਵਲੰਟੀਅਰਾਂ ਸਮੇਤ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੰਬਰ ’ਤੇ ਉਸ ਆਗੂ ਦੇ ਨਾਂਅ ਦਾ ਸੁਝਾਅ ਦੇਣ ਜਿਸ ਨੂੰ ਉਹ ਮੁੱਖ ਮੰਤਰੀ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ।
ਮਿਲੀ ਜਾਣਕਾਰੀ ਅਨੁਸਾਰ ਇਸ ਨੰਬਰ ’ਤੇ ਅੱਜ (17 ਜਨਵਰੀ) ਸ਼ਾਮ 5 ਵਜੇ ਤੱਕ ਕਰੀਬ 22 ਲੱਖ ਫੋਨ ਕਾਲ ਅਤੇ ਮੈਸੇਜ ਰਾਹੀਂ ਸੁਝਾਅ ਭੇਜੇ ਗਏ ਹਨ। ਇਨ੍ਹਾਂ 22 ਲੱਖ ਵਿਅਕਤੀਆਂ ਦੇ ਸੁਝਾਅ ਨੂੰ ਆਧਾਰ ਬਣਾ ਕੇ ਕੇਜਰੀਵਾਲ ਮੰਗਲਵਾਰ ਨੂੰ ਮੁਹਾਲੀ ਵਿੱਚ ਪ੍ਰੈਸ ਕਾਨਫੰਰਸ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ।
ਪਿਛਲੀ ਦਿਨੀਂ ਕੇਜਰੀਵਾਲ ਨੇ ਕਿਹਾ ਸੀ ‘‘ਭਗਵੰਤ ਮਾਨ ਮੇਰਾ ਛੋਟਾ ਭਰਾ ਹੈ ਅਤੇ ਸਭ ਤੋਂ ਵੱਡੇ ਆਗੂ ਹਨ। ਮੈਂ ਸੋਚਿਆ ਉਨ੍ਹਾਂ (ਭਗਵੰਤ ਮਾਨ) ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਦਿੱਤਾ ਜਾਵੇ ਪਰ ਮਾਨ ਨੇ ਖ਼ੁਦ ਕਿਹਾ ਉਨ੍ਹਾਂ ਦੇ ਨਾਂ ਦਾ ਐਲਾਨ ਕਰਨ ਤੋਂ ਪਹਿਲਾਂ ਜਨਤਾ ਦੀ ਰਾਇ ਪੁੱਛੀ ਜਾਵੇ। ਅਜਿਹਾ ਕਰਨ ਨਾਲ ਬੰਦ ਕਮਰੇ ਵਿੱਚ ਬੈਠ ਕੇ ਫੈਸਲੇ ਲੈਣ ਦੇ ਕਲਚਰ ਨੂੰ ਠੱਲ੍ਹ ਪਵੇਗੀ।
ਕੇਜਰੀਵਾਲ ਨੇ ਕਿਹਾ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਿਆਸੀ ਪਾਰਟੀਆਂ ਹੁਣ ਤੱਥ ਆਪਣੇ ਫੈਸਲੇ ਲੋਕਾਂ ਉੱਤੇ ਥੋਪਦੇ ਆਏ ਹਨ ਪ੍ਰੰਤੂ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਆਪ ਵੱਲੋਂ ਲੋਕਾਂ ਤੋਂ ਰਾਇ ਪੁੱਛੀ ਰਹੀ ਹੈ ਕਿ ਉਹ ਕਿਸ ਆਗੂ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਆਪ ਲੀਡਰਸ਼ਿਪ ਪੰਜਾਬ ਵਿੱਚ 80 ਤੋਂ ਵੱਧ ਸੀਟਾਂ ਜਿੱਤ ਕੇ ਆਪਣੀ ਸਰਕਾਰ ਬਣਾਉਣ ਦਾ ਸੁਪਨਾ ਦੇਖ ਰਹੀ ਹੈ। ਇਸ ਸਬੰਧੀ ਆਪ ਵਲੰਟੀਅਰਾਂ ਅਤੇ ਆਮ ਲੋਕਾਂ ਨੂੰ ਜ਼ੋਰਦਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇੱਕ ਆਖ਼ਰੀ ਵਾਰ ਜ਼ੋਰਦਾਰ ਧੱਕਾ ਲਗਾ ਦੇਣ ਤਾਂ ਜੋ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਈ ਜਾ ਸਕੇ।

Load More Related Articles

Check Also

ਨਕਲੀ ਡੀਏਪੀ ਖਾਦ ਦੀ ਕੀਮਤ ਕਿਸਾਨਾਂ ਦੇ ਖਾਤੇ ਵਿੱਚ ਪਾਈ ਜਾਵੇ: ਕਿਸਾਨ ਯੂਨੀਅਨ

ਨਕਲੀ ਡੀਏਪੀ ਖਾਦ ਦੀ ਕੀਮਤ ਕਿਸਾਨਾਂ ਦੇ ਖਾਤੇ ਵਿੱਚ ਪਾਈ ਜਾਵੇ: ਕਿਸਾਨ ਯੂਨੀਅਨ ਝੋਨੇ ਦੀਆਂ ਬੈਨ ਕੀਤੀਆਂ ਕਿ…