ਮਾਣਹਾਨੀ ਦਾ ਬੋਝ ਘਟਾਉਣ ਲਈ ਕੇਜਰੀਵਾਲ ਨੇ ਮਜੀਠੀਆ ਤੋਂ ਮੁਆਫ਼ੀ ਮੰਗੀ: ਕੈਪਟਨ ਅਮਰਿੰਦਰ ਸਿੰਘ

ਰਾਹੁਲ ਦੀ ਸਿਆਸੀ ਸੂਝਬੂਝ ਦੀ ਸ਼ਲਾਘਾ, ਆਗਾਮੀ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਸਫਲਤਾ ਬਾਰੇ ਭਰੋਸਾ ਜ਼ਾਹਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਨਵੀਂ ਦਿੱਲੀ, 17 ਮਾਰਚ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਪਾਸੋਂ ਮੰਗੀ ਮੁਆਫੀ ਨੂੰ ਹਾਸੋਹੀਣਾ ਦੱਸਦਿਆਂ ਰੱਦ ਕਰ ਦਿੱਤਾ ਜਿਸ ਨਾਲ ਜਿੱਥੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦੀ ਸਿਆਸੀ ਨਾਸਮਝੀ ਝਲਕਦੀ ਹੈ, ਉੱਥੇ ਹੀ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਸ ਖਿਲਾਫ ਦਰਜ ਮਾਣਹਾਨੀ ਦੇ ਮਾਮਲਿਆਂ ਦਾ ਬੋਝ ਘਟਾਉਣ ਦੀ ਨਿਰਾਸ਼ ਕੋਸ਼ਿਸ਼ ਵੀ ਜਾਪਦੀ ਹੈ। ਇੱਥੇ ਨੈਟਵਰਕ 18 ਅਤੇ ਟੀਵੀ 18 ਦੇ ‘ਉੱਭਰਦੇ ਭਾਰਤ’ ਸਮੇਲਨ’ ਦੌਰਾਨ ਉੱਘੀ ਮੀਡੀਆ ਹਸਤੀ ਵੀਰ ਸਾਂਘਵੀ ਨਾਲ ਵਿਚਾਰ ਚਰਚਾ ਦੌਰਾਨ ਮੁੱਖ ਮੰਤਰੀ ਨੇ ਚੁਟਕੀ ਲੈਂਦੇ ਆਖਿਆ ਕਿ ਕੇਜਰੀਵਾਲ ਸਦਾ ਹੀ ਇੱਧਰ-ਉੱਧਰ ਛੜੱਪੇ ਮਾਰਦਾ ਰਹਿੰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਮੈਨੂੰ ਇਹ ਤਾਂ ਨਹੀਂ ਪਤਾ ਕਿ ਉਹ ਇਹ ਕਿਉਂ ਕਰਦਾ ਹੈ ਪਰ ਤਜਰਬੇ ਦੀ ਅਣਹੋਂਦ ਕਾਰਨ ਇਕ ਮੁੱਖ ਮੰਤਰੀ ਵੱਲੋਂ ਅਜਿਹਾ ਰਵੱਈਆ ਅਪਣਾਉਣਾ ਸ਼ੋਭਾ ਨਹੀਂ ਦਿੰਦਾ।’ ਮੁੱਖ ਮੰਤਰੀ ਨੇ ਆਖਿਆ ਕਿ ਕੋਈ ਵੀ ਸਰਕਾਰ ਇਕੱਲਿਆਂ ਕੰਮ ਨਹੀਂ ਕਰ ਸਕਦੀ ਜਦਕਿ ਕੇਜਰੀਵਾਲ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਿਖੇੜ ਲਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਦਾ ਵੱਕਾਰ ਖੁਸ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕੇਜਰੀਵਾਲ ਨੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੀ ਤਿਆਰੀ ਕਰਨ ਲਈ ਨਸ਼ਿਆਂ ਦੇ ਦੋਸ਼ਾਂ ਬਾਰੇ ਮਜੀਠੀਆ ਪਾਸੋਂ ਮੁਆਫੀ ਮੰਗੀ ਹੈ ਪਰ ਬਦਲੇ ਹੋਏ ਹਾਲਾਤ ਉਸ ਲਈ ਹੋਰ ਵੀ ਮਾੜੇ ਸਾਬਤ ਹੋਣਗੇ। ਪੰਜਾਬ ਵਿੱਚ ਆਪ ਦੇ ਭਵਿੱਖ ਬਾਰੇ ਮੁੱਖ ਮੰਤਰੀ ਨੇ ਆਖਿਆ ਹੈ ਕਿ ਇਸ ਪਾਰਟੀ ਦੇ ਵਿਧਾਇਕ ਪੂਰੀ ਤਰ੍ਹਾਂ ਨਿਰਾਸ਼ਾ ਦੇ ਆਲਮ ਵਿੱਚ ਹਨ ਅਤੇ ਉਹ ਆਪਣੇ ਭਵਿੱਖ ਨੂੰ ਬਚਾਉਣ ਲਈ ਬਦਲ ਦੀ ਝਾਕ ਵਿੱਚ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਵਿੱਚ ਆਪ ਦਾ ਵੱਕਾਰ ਹੇਠਾਂ ਚਲਾ ਗਿਆ ਹੈ ਅਤੇ ਪਾਰਟੀ ਦੇ ਵਿਧਾਇਕ ਆਪਣੀ ਲੀਡਰਸ਼ਿਪ ਤੋਂ ਖਫ਼ਾ ਹਨ। ਲੋਕਾਂ ਦੀ ਮਨੋਦਸ਼ਾ ਵਿੱਚ ਆਈ ਤਬਦੀਲੀ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਪ੍ਰਗਟਾਈ ਕਿ ਕੇਂਦਰ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ ਅਤੇ ਇਹ ਸਰਕਾਰ ਜਾਂ ਤਾਂ ਕਾਂਗਰਸ ਪਾਰਟੀ ਦੀ ਸਰਕਾਰ ਹੋਵੇਗੀ ਜਾਂ ਹਮਖਿਆਲੀ ਪਾਰਟੀਆਂ ਦੀ ਸਾਂਝੀ ਹੋਵੇਗੀ। ਤ੍ਰਿਪੁਰਾ ਦੇ ਨਤੀਜਿਆਂ ਅਤੇ ਇਸ ਮਗਰੋਂ ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਦੇ ਮੂਡ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਆਖਿਆ ਕਿ ਸਾਰੀਆਂ ਸਿਆਸੀਆਂ ਪਾਰਟੀਆਂ ਵਿੱਚ ਉਤਰਾਅ-ਚੜਾਅ ਹੁੰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ਕ ਇਸ ਵੇਲੇ ਕਾਂਗਰਸ ਬਹੁਤ ਜ਼ਿਆਦਾ ਮਜ਼ਬੂਤ ਸਥਿਤੀ ਵਿੱਚ ਨਹੀਂ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਸਦਾ ਇਸੇ ਤਰ੍ਹਾਂ ਰਹੇਗੀ। ਉਨ੍ਹਾਂ ਨੇ ਭਰੋਸੇ ਨਾਲ ਆਖਿਆ ਕਿ ਸਾਲ 2019 ਦੀਆਂ ਚੋਣਾਂ ਵਿੱਚ ਬਦਲਾਅ ਹੋਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਲੋਕ ਸਭਾ ਚੋਣਾਂ ਤੋਂ ਇਕ ਸਾਲ ਪਹਿਲਾਂ ਤੇਲਗੂ ਦੇਸਮ ਪਾਰਟੀ ਵੱਲੋਂ ਐਨ.ਡੀ.ਏ. ਨਾਲ ਤੋੜ ਵਿਛੋੜਾ ਕਰਨਾ ਸੱਤਾਧਾਰੀ ਗੱਠਜੋੜ ਵਿੱਚ ਪੈਦਾ ਹੋਈ ਅਸੰਤੁਸ਼ਟੀ ਨੂੰ ਦਰਸਾਉਣ ਦੇ ਨਾਲ-ਨਾਲ ਮੁਲਕ ਵਿੱਚ ਲੋਕਾਂ ਵਿੱਚ ਪਨਰ ਰਹੇ ਗੁੱਸੇ ਨੂੰ ਜ਼ਾਹਰ ਕਰਦਾ ਹੈ ਅਤੇ ਮੁਲਕ ਇਸ ਵੇਲੇ ਯੂ.ਪੀ.ਏ. ਨੂੰ ਬਦਲਵੇਂ ਗੱਠਜੋੜ ਵਜੋਂ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਗਰ ਨਿਗਮਾਂ ਤੇ ਕੌਂਸਲਾਂ ਦੀਆਂ ਚੋਣਾਂ ਵਿੱਚ ਵੀ ਕਾਂਗਰਸ ਨੇ ਆਪਣਾ ਜੇਤੂ ਸਫਰ ਜਾਰੀ ਰੱਖਿਆ ਹੋਇਆ ਹੈ ਜੋ ਕੌਮੀ ਪੱਧਰ ’ਤੇ ਲੋਕਾਂ ਵਿੱਚ ਬਦਲਾਅ ਦੀ ਧਾਰਨਾ ਦਾ ਜ਼ੋਰਦਾਰ ਢੰਗ ਨਾਲ ਜਵਾਬ ਦਿੰਦਾ ਹੈ ਅਤੇ ਸੂਬੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਮਜ਼ਬੂਤੀ ਦੇਖੀ ਜਾ ਸਕੇਗੀ। ਬੀਤੇ ਸਮੇਂ ਵਿੱਚ ਕਾਂਗਰਸ ਪਾਰਟੀ ਵੱਲੋਂ ਚੰਗੀ ਕਾਰਗੁਜ਼ਾਰੀ ਨਾ ਦਿਖਾ ਸਕਣ ਨੂੰ ਮੰਨਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਸਰਕਾਰ ਤੋਂ ਲੋਕਾਂ ਦੀਆਂ ਆਸਾਂ ਉੱਚੀਆਂ ਹੁੰਦੀਆਂ ਹਨ ਅਤੇ ਜੇਕਰ ਭਾਜਪਾ ਇਨ੍ਹਾਂ ਉਮੀਦਾਂ ’ਤੇ ਖਰਾ ਉਤਰਣ ਤੋਂ ਨਾਕਾਮ ਰਹਿੰਦੀ ਹੈ ਤਾਂ ਲੋਕ ਕਿਸੇ ਹੋਰ ਪਾਰਟੀ ਨੂੰ ਵੋਟ ਦੇ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਮੁਲਕ ਦੀ 75 ਫੀਸਦੀ ਆਬਾਦੀ ਇਸ ਵੇਲੇ 35 ਸਾਲ ਦੀ ਉਮਰ ਤੋਂ ਘੱਟ ਨੌਜਵਾਨਾਂ ’ਤੇ ਅਧਾਰਿਤ ਹੈ ਅਤੇ ਕਿਸੇ ਵੀ ਸਰਕਾਰ ਵੱਲੋਂ ਇਨ੍ਹਾਂ ਨੌਜਵਾਨਾਂ ਦੀਆਂ ਖਾਹਿਸ਼ਾਂ ਤੇ ਉਮੀਦਾਂ ਨੂੰ ਪੂਰਾ ਕਰਨਾ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਨੇ ਇਸ ਪਾਸੇ ਵੱਲ ਬਹੁਤ ਯਤਨ ਕੀਤੇ ਹਨ ਤੇ ਉਨ੍ਹਾਂ ਦਾ ਮੁੱਖ ਟੀਚਾ ਸੂਬੇ ਦੇ 90 ਲੱਖ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣਾ ਹੈ। ਪੰਜਾਬ ਵਿੱਚ ਰੁਜ਼ਗਾਰ ਮੇਲਿਆਂ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਕੇਂਦਰ ਵਿੱਚ ਕੋਈ ਵੀ ਸਰਕਾਰ ਹੋਵੇ, ਉਸ ਵੱਲੋਂ ਨੌਜਵਾਨਾਂ ਨਾਲ ਜੁੜਣ ਲਈ ਅਜਿਹੇ ਉੱਦਮ ਕੀਤੇ ਜਾਣ ਦੀ ਲੋੜ ਹੈ। ਰਾਹੁਲ ਗਾਂਧੀ ਦੇ ਭਾਰਤ ਦੇ ਸੰਭਾਵੀ ਪ੍ਰਧਾਨ ਮੰਤਰੀ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਹ ਇਸ ਦੀ ਪੂਰੀ ਸੰਭਾਵਨਾ ਦੇਖਦੇ ਹਨ ਅਤੇ ਰਾਹੁਲ ਗਾਂਧੀ ਇਕ ਚੰਗਾ ਪ੍ਰਧਾਨ ਮੰਤਰੀ ਸਿੱਧ ਹੋਵੇਗਾ। ਮੁੱਖ ਮੰਤਰੀ ਨੇ ਰਾਹੁਲ ਗਾਂਧੀ ਦੀ ਇਕ ਸਿਆਸੀ ਨੇਤਾ ਵਜੋਂ ਸੂਝ-ਬੂਝ ਦੀ ਸ਼ਲਾਘਾ ਕੀਤੀ ਜਿਸ ਦੀ ਮਿਸਾਲ ਰਾਹੁਲ ਗਾਂਧੀ ਵੱਲੋਂ ਅਮਰੀਕਾ ਅਤੇ ਭਾਰਤ ਵਿੱਚ ਉਸ ਦੀ ਸ਼ਾਨਦਾਰ ਕਾਰਗੁਜ਼ਾਰੀ ਤੋਂ ਦੇਖੀ ਜਾ ਸਕਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਮਹਾਂਸੰਮੇਲਨ ਦੌਰਾਨ ਜੋਸ਼ਮਈ ਤੇ ਪ੍ਰਭਾਵੀ ਇਕੱਤਰਤਾ ਵੀ ਇਸ ਗੱਲ ਦਾ ਸਪੱਸ਼ਟ ਸੁਨੇਹਾ ਦਿੰਦੀ ਹੈ ਕਿ ਲੋਕ ਹੁਣ ਰਾਹੁਲ ਗਾਂਧੀ ਵੱਲ ਦੇਖ ਰਹੇ ਹਨ। ਉਨ੍ਹਾਂ ਨੇ ਰਾਹੁਲ ਗਾਂਧੀ ਦੀ ਲੀਡਰਸ਼ਿਪ ਪ੍ਰਤੀ ਪਾਰਟੀ ਮੈਂਬਰਾਂ ਦੇ ਹੁੰਗਾਰੇ ਵਿੱਚ ਕਿਸੇ ਤਰ੍ਹਾਂ ਦੀ ਖੁਸ਼ਾਮਦੀ ਨੂੰ ਰੱਦ ਕਰ ਦਿੱਤਾ। ਪੰਜਾਬ ਵਿੱਚ ਨਸ਼ਿਆਂ ਦੀ ਅਲਾਮਤ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਵਿਸ਼ੇਸ਼ ਟਾਸਕ ਫੋਰਸ ਵੱਲੋਂ ਕੀਤੀ ਕਾਰਵਾਈ ਨੂੰ ਵੱਡੀ ਸਫਲਤਾ ਦੱਸਦਿਆਂ ਮੁੱਖ ਮੰਤਰੀ ਨੇ ਨਸ਼ਾ ਤਸਕਰਾਂ ਦੀਆਂ ਗ੍ਰਿਫਤਾਰੀਆਂ ਅਤੇ ਬਰਾਮਦ ਕੀਤੇ ਨਸ਼ਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਧੰਦਾ ਕਰਨ ਵਾਲੀਆਂ ਕੁਝ ਵੱਡੀਆਂ ਮੱਛੀਆਂ ਇੱਥੋਂ ਭੱਜ ਗਈਆਂ ਹਨ ਪਰ ਅਸੀਂ ਉਨ੍ਹਾਂ ਨੂੰ ਵੀ ਫੜ ਕੇ ਰਹਾਂਗੇ। ਉਨ੍ਹਾਂ ਕਿ ਵਿਸ਼ੇਸ਼ ਟਾਸਕ ਫੋਰਸ ਦੀਆਂ ਕਾਰਵਾਈਆਂ ਨਾਲ ਨਸ਼ੇ ਦੇ ਸੌਦਾਗਰਾਂ ਤੇ ਤਸਕਰਾਂ ’ਤੇ ਬਹੁਤ ਦਬਾਅ ਬਣਿਆ ਹੈ। ਉਨ੍ਹਾਂ ਕਿਹਾ ਕਿ ਹੇਠਲੇ ਪੱਧਰ ’ਤੇ ਸਥਿਤੀ ਵਿੱਚ ਬਹੁਤ ਸੁਧਾਰ ਹੋਇਆ ਹੈ ਅਤੇ ਸੂਬੇ ਵਿੱਚ ਨਸ਼ੇ ਦੀਆਂ ਕੀਮਤਾਂ ਬਹੁਤ ਵਧ ਗਈਆਂ ਹਨ ਜੋ ਨਸ਼ਿਆਂ ਦੀ ਘਾਟ ਕਰਕੇ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮੁਲਕ ਵਿੱਚ ਖੇਤੀ ਸੰਕਟ ਬਾਰੇ ਆਖਿਆ ਕਿ ਭਾਵੇਂ ਪੰਜਾਬ ਵਿੱਚ ਖੇਤੀ ਖੁਦਕੁਸ਼ੀਆਂ ਘਟੀਆਂ ਹਨ ਪਰ ਸਥਿਤੀ ਅਜੇ ਵੀ ਭਿਆਨਕ ਹੈ।
ਮੁੱਖ ਮੰਤਰੀ ਜਿਨ੍ਹਾਂ ਨੇ ਇਸ ਸੰਮੇਲਨ ਤੋਂ ਪਹਿਲਾਂ ਕਾਂਗਰਸ ਦੇ ਮਹਾਂਸੰਮੇਲਨ ਵਿੱਚ ਕਿਸਾਨਾਂ ਬਾਰੇ ਇਕ ਮਤਾ ਪੇਸ਼ ਕੀਤਾ ਸੀ, ਨੇ ਕਿਸਾਨ ਭਾਈਚਾਰੇ ਦੀ ਮੌਜੂਦਾ ਸਥਿਤੀ ਬਾਰੇ ਕਈ ਕਾਰਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਖੇਤੀ ਗੈਰ-ਮੁਨਾਫ਼ਾ ਬਖਸ਼ ਕਿੱਤਾ ਬਣ ਗਈ ਹੈ ਅਤੇ ਪੰਜਾਬ ਵਿੱਚ ਛੋਟੇ ਕਿਸਾਨਾਂ ਦੀ ਬਹੁਗਿਣਤੀ ਹੈ ਜਿਨ੍ਹਾਂ ਲਈ ਜੀਵਨ ਨਿਰਵਾਹ ਕਰਨਾ ਵੀ ਸੰਭਵ ਨਹੀਂ ਹੈ। ਕੇਂਦਰ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਦੇਣ ਵਿੱਚ ਨਾਕਾਮ ਰਹਿਣ, ਦਰਿਆਵਾਂ ਵਿੱਚ ਪਾਣੀ ਘਟਣ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਥੱਲੇ ਡਿੱਗਣ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਛੋਟੇ ਕਿਸਾਨ ਟਿਊਬਵੈਲ ਲਾਉਣ ਦੇ ਵੀ ਸਮਰੱਥ ਨਹੀਂ ਹਨ ਅਤੇ ਪੰਜਾਬ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ ਜਿਸ ਕਰਕੇ ਉਨ੍ਹਾਂ ਨੂੰ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਕਾਰਵਾਈ ਕਰਨ ਮੌਕੇ ਸ਼ਰਮ ਮਹਿਸੂਸ ਹੋਈ। ਉਨ੍ਹਾਂ ਇਹ ਮੰਨਿਆ ਕਿ ਦਿੱਲੀ ਵਿੱਚ ਫੈਲਦੇ ਪ੍ਰਦੂਸ਼ਣ ਵਿੱਚ ਪੰਜਾਬ ਦਾ ਵੀ ਰੋਲ ਹੈ ਪਰ ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਇਹ ਸਮੱਸਿਆ ਪੰਜਾਬ ਤੋਂ ਸ਼ੁਰੂ ਨਹੀਂ ਹੁੰਦੀ, ਇਸ ਦੀ ਜੜ੍ਹ ਪਾਕਿਸਤਾਨ ਵਿੱਚ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਪ੍ਰਤੀ ਏਕੜ 100 ਰੁਪਏ ਨਾ ਦੇਣ ਦੀ ਸਖਤ ਅਲੋਚਨਾ ਕੀਤੀ।
ਸਾਬਕਾ ਸੈਨਿਕ ਅਤੇ ਫੌਜੀ ਇਤਿਹਾਸਕਾਰ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਨੇ ਰੱਖਿਆ ਖੇਤਰ ਲਈ ਢੁਕਵਾਂ ਬਜਟ ਨਾ ਰੱਖਣ ਦੀ ਸਖਤ ਸ਼ਬਦਾਂ ਵਿੱਚ ਅਲੋਚਨਾ ਕੀਤੀ ਕਿਉਂ ਜੋ ਬਜਟ ਦੀ ਸਹੀ ਵੰਡ ਨਾ ਹੋਣ ਕਰਕੇ ਹੀ ਫੌਜ ਦੇ ਤਿੰਨਾਂ ਵਿੰਗਾਂ ਲਈ ਸਾਜ਼ੋ ਸਮਾਨ ਦੀ ਖਰੀਦ ਲਈ ਅਸਾਵੀਂ ਯੋਜਨਾਬੰਦੀ ਕਰਨੀ ਪੈਂਦੀ ਹੈ। ਉਨ੍ਹਾਂ ਨੇ ਇਸ ਲਈ ਕਾਂਗਰਸ ਦੇ ਨਾਲ-ਨਾਲ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਆਖਿਆ ਕਿ ਸਰਹੱਦ ਪਾਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਰੱਖਿਆ ਸੇਵਾਵਾਂ ਨੂੰ ਲੈਸ ਕਰਨ ਵਾਸਤੇ ਕਿਸੇ ਨੇ ਵੀ ਢੁਕਵੇਂ ਫੰਡ ਮੁਹੱਈਆ ਨਹੀਂ ਕਰਵਾਏ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਕ ਸੈਨਿਕ ਪਾਸੋਂ ਚੰਗੇ ਹਥਿਆਰ ਤੋਂ ਬਿਨਾਂ ਦੁਸ਼ਮਨ ਨਾਲ ਟਾਕਰਾ ਲੈਣ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ। ਦੂਜੀ ਪਾਰੀ ਖੇਡਣ ਦੀ ਸੰਭਾਵਨਾ ਬਾਰੇ ਪੁੱਛਣ ਬਾਰੇ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਦੀ ਸਥਿਤੀ ਉਨ੍ਹਾਂ ਦੇ ਕਿਆਸ ਨਾਲੋਂ ਵੀ ਵੱਧ ਗੰਭੀਰ ਹੈ ਅਤੇ ਜੇਕਰ ਉਨ੍ਹਾਂ ਦੀ ਸਰਕਾਰ ਆਪਣੀ ਇਸ ਪਾਰੀ ਦੌਰਾਨ ਪੰਜਾਬ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਵਿੱਚ ਨਾਕਾਮ ਰਹਿੰਦੀ ਹੈ ਤਾਂ ਉਹ ਦੁਬਾਰਾ ਫਿਰ ਚੋਣ ਲੜਣਗੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…