ਕੇਜਰੀਵਾਲ ਨੇ ਦਿੱਲੀ ਦੇ 1 ਲੱਖ ਜ਼ੀਰੋ ਬਿੱਲ ਦਿਖਾਉਂਦਿਆਂ ਚੰਨੀ ਨੂੰ ਪੰਜਾਬ ਦੇ ਮੁਆਫ਼ ਕੀਤੇ ਬਿੱਲ ਦਿਖਾਉਣ ਦੀ ਚੁਨੌਤੀ

ਕਿਹਾ ਮੁੱਖ ਮੰਤਰੀ ਚਰਨਜੀਤ ਚੰਨੀ ਨਿਰਾ ਝੂਠ ਬੋਲ ਕੇ ਟਪਾ ਰਹੇ ਨੇ ਰੋਜ਼ਾਨਾ ਡੰਗ, ਸਚਾਈ ਕੋਹਾਂ ਦੂਰ

ਮੁਹਾਲੀ ਵਿਖੇ ‘ਪੰਜਾਬ ਦੀ ਜਨਤਾ ਨਾਲ, ਕੇਜਰੀਵਾਲ ਜੀ ਗੱਲਬਾਤ’ ਪ੍ਰੋਗਰਾਮ ’ਚ ਲੋਕਾਂ ਦੇ ਰੂਬਰੂ ਹੋਏ ਆਪ ਸੁਪਰੀਮੋ

ਕਾਂਗਰਸ 129 ਪੰਨਿਆਂ ਦੇ ਚੋਣ ਮੈਨੀਫੈਸਟੋ ’ਚੋਂ 29 ਸ਼ਬਦਾਂ ’ਤੇ ਵੀ ਖਰਾ ਨਹੀਂ ਉੱਤਰੀ ਕਾਂਗਰਸ ਸਰਕਾਰ: ਭਗਵੰਤ ਮਾਨ

ਵਿਧਾਨ ਸਭਾ ਚੋਣਾਂ ਸਬੰਧੀ ਵੀ ਆਪ ਵਲੰਟੀਅਰਾਂ ਤੇ ਸੀਨੀਅਰ ਆਗੂਆਂ ਨਾਲ ਕੀਤੀ ਵਿਚਾਰ ਚਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਨਵੰਬਰ:
ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਵੱਲੋਂ ਮੁਫ਼ਤ ਬਿਜਲੀ ਸਕੀਮ ਤਹਿਤ ਦਿੱਲੀ ਦੇ ਇੱਕ ਲੱਖ ਬਿਜਲੀ ਖਪਤਕਾਰਾਂ ਨੂੰ ਜ਼ੀਰੋ ਕੀਮਤ ਦੇ ਬਿਜਲੀ ਬਿੱਲ ਪੰਜਾਬ ਦੀ ਜਨਤਾ ਅੱਗੇ ਦਸਤਾਵੇਜ਼ੀ ਸਬੂਤ ਵਜੋਂ ਪੇਸ਼ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ ਦਿੱਤੀ ਕਿ ਉਹ ਕੇਵਲ ਇੱਕ ਹਜ਼ਾਰ ਬਿਜਲੀ ਖਪਤਕਾਰਾਂ ਦੇ ਜ਼ੀਰੋ ਕੀਮਤ ਦੇ ਬਿੱਲ ਸੂਬੇ ਦੇ ਲੋਕਾਂ ਅੱਗੇ ਪੇਸ਼ ਕਰਕੇ ਦਿਖਾਉਣ। ਕੇਜਰੀਵਾਲ ਮੁਤਾਬਕ ਚੰਨੀ ਸਿਰਫ਼ ਫੌਕੇ ਐਲਾਨ ਕਰਦੇ ਹਨ ਪਰ ਉਨ੍ਹਾਂ ’ਤੇ ਅਮਲ ਕਰਨਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ। ਚੰਨੀ ਨੇ ਆਪਣੀ ਫ਼ੋਕੀ ਮਸ਼ਹੂਰੀ ਲਈ ਥਾਂ-ਥਾਂ ’ਤੇ ਸਰਕਾਰੀ ਪੈਸਾ ਖ਼ਰਚ ਕੇ ਇਸ਼ਤਿਹਾਰ ਅਤੇ ਬੋਰਡ ਤਾਂ ਲਗਵਾ ਰਹੇ ਹਨ ਪਰ ਜ਼ਮੀਨੀ ਪੱਧਰ ’ਤੇ ਕੋਈ ਕੰਮ ਨਹੀਂ ਹੋਇਆ। ਜਿਸ ਕਾਰਨ ਪੰਜਾਬ ਦੇ ਲੋਕ ਬੇਹੱਦ ਦੁਖੀ ਹਨ।
ਅੱਜ ਇੱਥੇ ਕੇਜਰੀਵਾਲ ਪਾਰਟੀ ਵੱਲੋਂ ਕਰਵਾਏ ‘ਪੰਜਾਬ ਦੀ ਜਨਤਾ ਨਾਲ, ਕੇਜਰੀਵਾਲ ਜੀ ਦੀ ਗੱਲਬਾਤ’ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਮ ਲੋਕ ਅਤੇ ਵਲੰਟੀਅਰ ਵੱਡੀ ਗਿਣਤੀ ਵਿੱਚ ਮੌਜੂਦ ਸਨ। ਇਸ ਮੌਕੇ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਦਿੱਲੀ ਤੋਂ ਵਿਧਾਇਕ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪ੍ਰਿੰਸੀਪਲ ਬੁੱਧਰਾਮ, ਜੈ ਸਿੰਘ ਰੋੜੀ, ਅਮਰਜੀਤ ਸਿੰਘ ਸੰਦੋਆ (ਸਾਰੇ ਵਿਧਾਇਕ) ਮੌਜੂਦ ਸਨ, ਜਦੋਂਕਿ ਮੰਚ ਦਾ ਸੰਚਾਲਨ ਵਿਧਾਇਕ ਅਮਨ ਅਰੋੜਾ ਨੇ ਕੀਤਾ।
ਅਰਵਿੰਦ ਕੇਜਰੀਵਾਲ ਨੇ ਇਸ ਪ੍ਰੋਗਰਾਮ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦਿੱਲੀ ਦੇ 50 ਲੱਖ ਪਰਿਵਾਰਾਂ ’ਚੋਂ 35 ਲੱਖ ਪਰਿਵਾਰਾਂ ਨੂੰ ਮੁਫ਼ਤ ਬਿਜਲੀ ਮਿਲਦੀ ਹੈ। ਜਿਸ ਦਾ ਸਬੂਤ ਇਹ ਇੱਕ ਲੱਖ ਬਿਜਲੀ ਬਿੱਲ ਹਨ, ਜਿਨ੍ਹਾਂ ਵਿੱਚ ਜ਼ੀਰੋ ਬਿੱਲ ਆਉਣ ਦਾ ਪ੍ਰਤੱਖ ਸਬੂਤ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਚੰਨੀ ਕੇਵਲ 1 ਹਜ਼ਾਰ ਮੁਫ਼ਤ ਬਿਜਲੀ ਵਾਲੇ ਬਿੱਲ (ਦਲਿਤ ਵਰਗ ਦੇ 200 ਯੂਨਿਟ ਮੁਆਫ਼ੀ ਦੇ ਬਿੱਲ ਛੱਡ ਕੇ) ਲੋਕਾਂ ਅੱਗੇ ਪੇਸ਼ ਕਰਨ, ਕਿਉਂਕਿ ਉਨ੍ਹਾਂ (ਚੰਨੀ) ਨੇ ਵੀ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ।
ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਸਾਰੇ ਵਾਅਦੇ ਪੂਰੇ ਕੀਤੇ ਗਏ ਹਨ। ਦਿੱਲੀ ਦੇ ਸਕੂਲ ਅਤੇ ਸਿੱਖਿਆ ਵਿਵਸਥਾ, ਬਿਜਲੀ ਮੁਫ਼ਤ ਅਤੇ 24 ਘੰਟੇ ਸਪਲਾਈ, ਚੰਗੇ ਹਸਪਤਾਲ ਅਤੇ ਸਸਤਾ ਇਲਾਜ ਆਦਿ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਜਦੋਂਕਿ ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀ ਦਲ ਨੇ ਲੋਕਾਂ ਨੂੰ ਸਿਰਫ਼ ਵੋਟ ਬੈਂਕ ਵਰਤਿਆ ਹੈ।

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਅਤੇ 24 ਘੰਟੇ ਨਿਰਵਿਘਨ ਬਿਜਲੀ ਸਪਲਾਈ, 16 ਹਜ਼ਾਰ ਕਲੀਨਿਕ ਖੋਲ੍ਹਣ, ਅੌਰਤਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣਾ, ਸਕੂਲ ਅਤੇ ਸਿੱਖਿਆ ਵਿਵਸਥਾ ਸੁਧਾਰਨ, ਚੰਗੇ ਹਸਪਤਾਲ ਬਣਾਉਣ ਅਤੇ ਭ੍ਰਿਸ਼ਟਾਚਾਰ ਖ਼ਤਮ ਕਰਨ ਦੀਆਂ ਗਰੰਟੀਆਂ ਦਿੱਤੀਆਂ ਹਨ। ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਇਹ ਸਾਰੀਆਂ ਗਰੰਟੀਆਂ ਜ਼ਰੂਰ ਪੂਰੀਆਂ ਕੀਤੀਆਂ ਜਾਣਗੀਆਂ।
ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਨੇ 2017 ਦੀਆਂ ਚੋਣਾ ਵੇਲੇ 129 ਪੰਨਿਆਂ ਦਾ ਚੋਣ ਮਨੋਰਥ ਪੱਤਰ ਜਾਰੀ ਕਰਕੇ ਪੰਜਾਬ ਵਾਸੀਆਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਪਰ ਸਰਕਾਰ ਬਣਨ ਤੋਂ ਬਾਅਦ ਚੋਣ ਮਨੋਰਥ ਪੱਤਰ ’ਚੋਂ ਕੇਵਲ 29 ਸ਼ਬਦ ਵੀ ਲਾਗੂ ਨਹੀਂ ਕੀਤੇ। ਭਾਵੇਂ ਕਾਂਗਰਸ ਹਾਈਕਮਾਂਡ ਨੇ ਢਾਈ ਮਹੀਨਿਆਂ ਲਈ ਆਪਣਾ ਮੁੱਖ ਮੰਤਰੀ ਬਦਲ ਲਿਆ ਹੈ ਪਰ ਲੋਕ ਕਾਂਗਰਸ ਕੋਲੋਂ ਹਿਸਾਬ-ਕਿਤਾਬ ਪੂਰੇ ਪੰਜਾਂ ਸਾਲਾ ਦਾ ਲਿਆ ਜਾਵੇਗਾ ਨਾ ਕਿ ਢਾਈ ਮਹੀਨਿਆਂ ਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਦਲਣ ਨਾਲ ਸਰਕਾਰ ਦੇ ਕੰਮਾਂ ਵਿੱਚ ਕੋਈ ਫਰਕ ਨਹੀਂ ਪਿਆ।

ਇਸ ਦੌਰਾਨ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਬਾਰੇ ਚਰਚਾ ਕਰਦਿਆਂ ਆਪ ਵਲੰਟੀਅਰਾਂ ਅਤੇ ਸੀਨੀਅਰ ਆਗੂਆਂ ਨੂੰ ਹੁਣੇ ਤੋਂ ਤਿਆਰੀਆਂ ਵਿੱਚ ਜੁੱਟ ਜਾਣ ਲਈ ਪ੍ਰੇਰਦਿਆਂ ਕਿਹਾ ਕਿ ਸਰਕਾਰੀ ਵਧੀਕੀਆਂ ਦਾ ਟਾਕਰਾ ਕਰਨ ਲਈ ਬੂਥਾਂ ’ਤੇ ਪਹਿਰਾ ਦੇਣ ਲਈ ਬੂਥ ਪੱਧਰੀ ਕਮੇਟੀਆਂ ਬਣਾਈਆਂ ਜਾਣ ਅਤੇ ਪਾਰਟੀ ਦੀ ਮਜਬੂਤੀ ਲਈ ਤਕੜੇ ਹੋ ਕੇ ਕੰਮ ਕੀਤਾ ਜਾਵੇ। ਇਸ ਮੌਕੇ ਹਰਚੰਦ ਸਿੰਘ ਬਰਸਟ, ਨੀਨਾ ਮਿੱਤਲ, ਡਾ. ਸੰਨੀ ਆਹਲੂਵਾਲੀਆ, ਅਨਮੋਲ ਗਗਨ ਮਾਨ, ਵਿਨੀਤ ਵਰਮਾ, ਹਰਜੋਤ ਸਿੰਘ ਬੈਂਸ, ਲਲਿਤ ਮੋਹਨ ਪਾਠਕ, ਸੰਤੋਸ਼ ਕਟਾਰੀਆ, ਡਾ. ਚਰਨਜੀਤ ਸਿੰਘ, ਕੁਲਜੀਤ ਸਿੰਘ ਰੰਧਾਵਾ, ਪ੍ਰਭਜੋਤ ਕੌਰ, ਗੁਰਿੰਦਰ ਸਿੰਘ ਕੈਰੋਂ, ਅਮਰਦੀਪ ਕੌਰ, ਗੁਰਮੇਲ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In Agriculture & Forrest

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …