ਕੇਜਰੀਵਾਲ ਸਰਕਾਰ ਨੇ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਨੂੰ ਪਾਣੀ ਦੀ ਘੁੱਟ ਤੱਕ ਨਹੀਂ ਦਿੱਤੀ: ਬਰਾੜ

ਕੇਜਰੀਵਾਲ 1 ਹਜ਼ਾਰ ਗਰੰਟੀਆਂ ਦੀ ਗੱਲ ਕਰਨ ਤੋਂ ਪਹਿਲਾਂ ਪੰਜਾਬ ਦਾ 32 ਹਜ਼ਾਰ ਕਰੋੜ ਦਾ ਭੁਗਤਾਨ ਕਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜਨਵਰੀ:
ਕਿਸਾਨਾਂ ਦੀ ਸਾਂਝੀ ਜਥੇਬੰਦੀ ਸੰਯੁਕਤ ਸਮਾਜ ਮੋਰਚਾ ਦੇ ਮੁਹਾਲੀ ਤੋਂ ਉਮੀਦਵਾਰ ਰਵਨੀਤ ਸਿੰਘ ਬਰਾੜ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੇ 15 ਸਾਲ ਤੋਂ ਦਿੱਲੀ ਸਰਕਾਰ ਪੰਜਾਬ ਤੋਂ ਪਾਣੀ ਮੁਫ਼ਤ ਲੈ ਰਹੀ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਸਾਲ ਤੋਂ ਵੱਧ ਸਮੇਂ ਤੱਕ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਪੰਜਾਬ ਦੇ ਕਿਸਾਨਾਂ ਨੂੰ ਪੀਣ ਵਾਲੇ ਪਾਣੀ ਦੀ ਵਿਵਸਥਾ ਨਹੀਂ ਕਰ ਸਕੀ। ਜਿਸ ਕਾਰਨ ਕਿਸਾਨੀ ਸੰਘਰਸ਼ ਦੌਰਾਨ ਸੂਬੇ ਦੇ ਕਿਸਾਨਾਂ ਨੂੰ ਆਪਣੀ ਪਿਆਸ ਬੁਝਾਉਣ ਅਤੇ ਲੀੜੇ ਧੋਣ ਲਈ ਦਿੱਲੀ ਵਿੱਚ ਮਹਿੰਗੇ ਭਾਅ ਵਿੱਚ ਪਾਣੀ ਖਰੀਦ ਕੇ ਵਰਤਣਾ ਪਿਆ।
ਸ੍ਰੀ ਬਰਾੜ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਉਹ ਕਿਸ ਮੂੰਹ ਨਾਲ ਪੰਜਾਬ ਵਿੱਚ ਆ ਕੇ 1-1 ਹਜ਼ਾਰ ਰੁਪਏ ਦੀਆਂ ਗਰੰਟੀਆਂ ਵੰਡ ਰਹੇ ਹਨ। ਜਦਕਿ ਸਚਾਈ ਇਹ ਹੈ ਕਿ ਦਿੱਲੀ ਪਿਛਲੇ 15 ਸਾਲਾਂ ਤੋਂ ਪੰਜਾਬ ’ਚੋਂ ਮੁਫ਼ਤ ਵਿੱਚ ਪਾਣੀ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਪੰਜਾਬ ਦੇ ਪਾਣੀਆਂ ਦਾ ਪੈਸਾ ਨਹੀਂ ਦੇ ਸਕਦਾ, ਉਹ ਭਲਾ ਅੌਰਤਾਂ ਨੂੰ ਕਿੱਥੋਂ 1-1 ਹਜ਼ਾਰ ਰੁਪਏ ਮੁਫ਼ਤ ਦੇ ਦੇਵੇਗਾ। ਇਹ ਸਭ ਚੋਣ ਸਟੰਟ ਹੈ। ਉਨ੍ਹਾਂ ਕਿਹਾ ਕਿ ਦਿੱਲੀ, ਹਿਮਾਚਲ ਪ੍ਰਦੇਸ਼ ਤੋਂ 812 ਕਿਊਸਿਕ ਪਾਣੀ ਲੈਂਦੀ ਹੈ, ਜਿਸ ਲਈ 21 ਕਰੋੜ ਰੁਪਏ ਸਾਲਾਨਾ ਹਿਮਾਚਲ ਪ੍ਰਦੇਸ਼ ਨੂੰ ਦਿੱਤਾ ਜਾਂਦਾ ਹੈ। ਉਸ ਭਾਅ ’ਤੇ ਪੰਜਾਬ ਤੋਂ 1.25 ਲੱਖ ਕਿਊਸਿਕ ਪਾਣੀ ਦਿੱਲੀ ਨੂੰ ਜਾਂਦਾ ਹੈ ਜਿਸ ਦੀ ਕੀਮਤ 32 ਹਜ਼ਾਰ ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਜਰੀਵਾਲ ਪੰਜਾਬ ਦੇ ਪਾਣੀਆਂ ਦੀ ਇਹ ਕੀਮਤ ਤੁਰੰਤ ਅਦਾ ਕਰੇ।
ਰਵਨੀਤ ਬਰਾੜ ਨੇ ਦਿੱਲੀ ਜਲ ਬੋਰਡ ਦੇ ਚੇਅਰਮੈਨ ਰਾਘਵ ਚੱਢਾ ’ਤੇ ਸਵਾਲ ਚੁੱਕਦਿਆਂ ਕਿਹਾ ਕਿ ‘ਆਪ’ ਆਗੂ ਪੰਜਾਬ ਆ ਕੇ ਵੱਡੇ ਵੱਡੇ ਦਮਗਜੇ ਮਾਰ ਰਹੇ ਹਨ ਪਰ ਇਨ੍ਹਾਂ ਦੇ ਅੱਲੇ ਪੱਲੇ ਫੁੱਟੀ ਕੌੜੀ ਤੱਕ ਨਹੀਂ ਹੈ। ਬਰਾੜ ਨੇ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਵਿੱਚ ਥੋੜ੍ਹੀ ਬਹੁਤ ਸ਼ਰਮ ਹੁੰਦੀ ਤਾਂ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਪੰਜਾਬ ਦੇ ਕਿਸਾਨਾਂ ਨੂੰ ਮੁੱਲ ਦਾ ਪਾਣੀ ਲੈ ਕੇ ਨਾ ਪੀਣਾ ਪੈਂਦਾ। ਉਨ੍ਹਾਂ ਮੰਗ ਕੀਤੀ ਕਿ ਕੇਜਰੀਵਾਲ ਸਰਕਾਰ ਤੁਰੰਤ ਪੰਜਾਬ ਦੇ ਪਾਣੀਆਂ ਦਾ 32 ਹਜ਼ਾਰ ਕਰੋੜ ਦਾ ਭੁਗਤਾਨ ਕਰੇ ਨਹੀਂ ਤਾਂ ਪੰਜਾਬੀਆਂ ਤੋਂ ਵੋਟਾਂ ਦੀ ਆਸ ਨਾ ਰੱਖੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…