
ਪੱਥਰ ’ਤੇ ਲਕੀਰ ਸਾਬਤ ਹੋਣਗੀਆਂ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਦਿੱਤੀਆਂ ਗਰੰਟੀਆਂ: ਕੁਲਵੰਤ ਸਿੰਘ
ਪੰਜਾਬ ਦੇ ਹਰ ਗਰੀਬ ਤੇ ਅਮੀਰ ਪਰਿਵਾਰ ਦੇ ਬੱਚੇ ਨੂੰ ਵਧੀਆ ਸਿੱਖਿਆ ਅਤੇ ਰੁਜ਼ਗਾਰ ਮੁਹੱਈਆ ਕਰਵਾਏਗੀ ‘ਆਪ’
ਕਾਂਗਰਸ ਤੇ ਅਕਾਲੀ ਦਲ ਦੇ ਆਗੂ ਨਹੀਂ ਚਾਹੁੰਦੇ ਕਿ ਕਿਸੇ ਗਰੀਬ ਵਿਅਕਤੀ ਦਾ ਬੱਚਾ ਪੜ ਲਿਖ ਜਾਵੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ:
ਕਾਂਗਰਸੀ ਅਤੇ ਅਕਾਲੀ ਉਮੀਦਵਾਰਾਂ ਦੇ ਝੂਠ ਤੂਫ਼ਾਨ ਅਤੇ ਫੋਕੇ ਵਾਅਦਿਆਂ ਤੋਂ ਪੰਜਾਬ ਦੇ ਲੋਕ ਤੰਗ ਆ ਚੁੱਕੇ ਹਨ ਪ੍ਰੰਤੂ ਇਹ ਹਕੀਕਤ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਗਰੰਟੀਆਂ ਪੱਥਰ ‘ਤੇ ਲਕੀਰ ਸਾਬਿਤ ਹੋਣਗੀਆਂ ਕਿਉਂਕਿ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਨੇ ਲੋਕਾਂ ਨੂੰ ਸਹੀ ਮਾਇਨਿਆਂ ਵਿੱਚ ਕੰਮ ਕਰਕੇ ਦਿਖਾਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਮੋਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਵੱਖ-ਵੱਖ ਥਾਈਂ ਸੰਬੋਧਨ ਕਰਦਿਆਂ ਕੀਤਾ।
ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਅਸਲ ਵਿੱਚ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚਾਹੁੰਦੇ ਹੀ ਨਹੀਂ ਕਿ ਪੰਜਾਬ ਦੇ ਹਰ ਗਰੀਬ ਪਰਿਵਾਰ ਦਾ ਨੌਜਵਾਨ ਪੜ ਲਿਖ ਜਾਵੇ ਕਿਉਂਕਿ ਇਨ੍ਹਾਂ ਪਾਰਟੀਆਂ ਦੇ ਲੀਡਰਾਂ ਨੂੰ ਪਤਾ ਹੈ ਕਿ ਜੇਕਰ ਗਰੀਬ ਦਾ ਬੱਚਾ ਪੜ ਗਿਆ ਤਾਂ ਉਹ ਜਾਗਰੂਕ ਹੋ ਕੇ ਇਨ੍ਹਾਂ ਦੀਆਂ ਚਲਾਕੀਆਂ ਨੂੰ ਸਮਝਣ ਲੱਗ ਜਾਵੇਗਾ। ਇਹ ਪਾਰਟੀਆਂ ਗਰੀਬ ਵਰਗ ਨੂੰ ਸਿੱਖਿਆ ਜਾਂ ਰੋਜ਼ਗਾਰ ਦੇਣ ਦੀ ਥਾਂ ਆਟਾ-ਦਾਲ਼ ਸਕੀਮਾਂ ਤੇ ਜਾਂ ਫਿਰ ਚੀਨੀ-ਦਾਲ਼-ਚਾਹਪੱਤੀ ਦੇਣ ਦੀਆਂ ਸਕੀਮਾਂ ਦੇਣ ਦੇ ਵਾਅਦੇ ਕਰਕੇ ਭਿਖਾਰੀ ਸਮਝ ਰਹੇ ਹਨ।
ਆਮ ਆਦਮੀ ਪਾਰਟੀ ਦੀ ਸੋਚ ਇਨ੍ਹਾਂ ਦੇ ਉਲਟ ਹੈ ਜੋ ਕਿ ਹਰ ਅਮੀਰ ਗਰੀਬ ਪਰਿਵਾਰ ਦੇ ਬੱਚੇ ਨੂੰ ਸਿੱਖਿਆ ਅਤੇ ਰੁਜ਼ਗਾਰ ਦੇਣਾ ਚਾਹੁੰਦੀ ਹੈ ਜਿਸ ਦੇ ਚਲਦਿਆਂ ਦਿੱਲੀ ਦੀ ਤਰ੍ਹਾਂ ਪੰਜਾਬ ਵਿੱਚ ਵੀ ਬਿਹਤਰੀਨ ਅਤੇ ਮੁਫ਼ਤ ਸਰਕਾਰੀ ਸਿੱਖਿਆ ਦਿੱਤੀ ਜਾਵੇਗੀ। ਅਮੀਰ ਅਤੇ ਗ਼ਰੀਬ ਦੇ ਬੱਚੇ ਨੂੰ ਇੱਕੋ ਜਿਹੀ ਸਿੱਖਿਆ ਮਿਲੇਗੀ। ਪੰਜਾਬ ਅਤੇ ਦੇਸ਼ ਦੇ ਨਿਰਮਾਣ ਦੀ ਗੱਲ ਤਾਂ ਹੀ ਅੱਗੇ ਵਧੇਗੀ ਜੇਕਰ ਬੱਚਿਆਂ ਨੂੰ ਬਿਹਤਰੀਨ ਅਤੇ ਮੁਫ਼ਤ ਸਿੱਖਿਆ ਮਿਲੇਗੀ।
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸਰਕਾਰੀ ਬਜਟ ’ਚੋਂ 25 ਫ਼ੀਸਦੀ ਬਜਟ ਸਿੱਖਿਆ ’ਤੇ ਖ਼ਰਚਿਆਂ ਜਾਂਦਾ ਹੈ। ਇਸ ਕਾਰਨ ਉੱਥੇ ਸਰਕਾਰੀ ਸਕੂਲ ਸਿੱਖਿਆ ਬਿਹਤਰ ਹੋਈ ਹੈ ਅਤੇ ਕਰੀਬ ਢਾਈ ਲੱਖ ਬੱਚੇ ਸਰਕਾਰੀ ਸਕੂਲਾਂ ਵਿੱਚ ਹੋਰ ਦਾਖ਼ਿਲ ਹੋਏ ਹਨ, ਜਿਹੜੇ ਪਹਿਲਾਂ ਪ੍ਰਾਈਵੇਟ ਤੇ ਮਹਿੰਗੇ ਸਕੂਲਾਂ ਵਿੱਚ ਪੜ੍ਹਦੇ ਸਨ। ਦਿੱਲੀ ਵਿੱਚ ਸਿੱਖਿਆ ਵਿਵਸਥਾ ਠੀਕ ਕਰਨ ਉਪਰੰਤ ਹੁਣ ਪੰਜਾਬ ਦੀ ਵਾਰੀ ਹੈ। ‘ਆਪ’ ਦੀ ਸਰਕਾਰ ਬਣਦਿਆਂ ਹੀ ਸਕੂਲਾਂ ਨੂੰ ਲੱਗੇ ਤਾਲੇ ਖੁੱਲ ਜਾਣਗੇ ਅਤੇ ਸਮੁੱਚੀ ਸਕੂਲ ਵਿਵਸਥਾ ਦੀ ਕਾਇਆ-ਕਲਪ ਕਰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵੀ ਪਹਿਲਾਂ ਸਰਕਾਰੀ ਸਕੂਲ ਸਿੱਖਿਆ ਬਹੁਤ ਮਾੜੀ ਸੀ, ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੀ ਠੀਕ ਕੀਤਾ ਹੈ। ਸਿੱਖਿਆ ਵਿਵਸਥਾ ਠੀਕ ਹੋਣ ਦੀ ਖ਼ਬਰ ਸੁਣ ਕੇ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਵੀ ਦਿੱਲੀ ਦੇ ਸਰਕਾਰੀ ਸਕੂਲ ਦੇਖਣ ਲਈ ਆਈ ਸੀ। ਇਸ ਤੋਂ ਸਾਬਿਤ ਹੁੰਦਾ ਹੈ ਕਿ ਦਿੱਲੀ ਸਿੱਖਿਆ ਮਾਡਲ ਦੀਆਂ ਤਾਰੀਫ਼ਾਂ ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ ਹੁੰਦੀਆਂ ਹਨ। ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਦੀਆਂ ਗਰੰਟੀਆਂ ਨੂੰ ਲਾਗੂ ਕਰਵਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣੀ ਜ਼ਰੂਰੀ ਹੈ। ਸੋ ਆਉਂਦੀ 20 ਫਰਵਰੀ ਨੂੰ ਆਪਣੀ ਇੱਕ-ਇੱਕ ਕੀਮਤੀ ਵੋਟ ਚੋਣ ਨਿਸ਼ਾਨ ‘ਝਾੜ’ ਨੂੰ ਪਾ ਕੇ ਪੰਜਾਬੀ ਲੋਕਾਂ ਦੇ ਚਹੇਤੇ ਅਤੇ ਦਰਦਮੰਦ ਲੀਡਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।