
ਕੇਜਰੀਵਾਲ ਨੇ ਨਸ਼ਾ ਤਸਕਰੀ ਕੇਸ ਨੂੰ ਕਮਜ਼ੋਰ ਕਰਨ ਲਈ ਮੰਗੀ ਸੀ ਮਜੀਠੀਆ ਤੋਂ ਮੁਆਫ਼ੀ: ਬਲਬੀਰ ਸਿੱਧੂ
ਇੰਡੋ-ਕੈਨੇਡੀਅਨ ਬੱਸਾਂ ਨੂੰ ਕੌਮਾਂਤਰੀ ਹਵਾਈ ਅੱਡਾ ਦਿੱਲੀ ਤੋਂ ਸਵਾਰੀਆਂ ਚੁੱਕਣ ਤੇ ਲਾਹੁਣ ਦੀ ਦਿੱਤੀ ਸੀ ਇਜਾਜ਼ਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਦਸੰਬਰ:
ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਾਮਲੇ ਵਿੱਚ ਟਿੱਪਣੀ ਕਰਦਿਆਂ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਤੇ ਮੁਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦੋਵਾਂ ਆਗੂਆਂ ਵਿਚਕਾਰ ਹੋਏ ਸਮਝੌਤੇ ਤਹਿਤ ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗੀ ਸੀ ਤਾਂ ਜੋ ਮਜੀਠੀਆ ਵਿਰੁੱਧ ਨਸ਼ਾ ਤਸਕਰੀ ਕੇਸ ਨੂੰ ਕਮਜ਼ੋਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਅਦਾਲਤ ਵਿੱਚ ਦਿੱਤੇ ਮੁਆਫ਼ੀਨਾਮੇ ਨੂੰ ਹੁਣ ਮਜੀਠੀਆ ਵੱਲੋਂ ਉਸ ਵਿਰੁੱਧ ਦਰਜ ਨਸ਼ਾ ਤਸਕਰੀ ਕੇਸ ਵਿੱਚ ਅਗਾਊਂ ਜ਼ਮਾਨਤ ਲੈਣ ਲਈ ਢਾਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕੇਜਰੀਵਾਲ ਨੂੰ ਕਦੇ ਮੁਆਫ਼ ਨਹੀਂ ਕਰਨਗੇ ਅਤੇ ਆਗਾਮੀ ਚੋਣਾਂ ਵਿੱਚ ‘ਆਪ’ ਨੂੰ ਸਬਕ ਸਿਖਾਉਣਗੇ।
ਵਿਧਾਇਕ ਸਿੱਧੂ ਨੇ ਕਿਹਾ ਕਿ ਦਿੱਲੀ ਦੇ ਇਕ ਸਿੱਖ ਆਗੂ ਨੇ ਮਜੀਠੀਆ ਅਤੇ ਕੇਜਰੀਵਾਲ ਵਿਚਕਾਰ ਸਮਝੌਤਾ ਕਰਵਾਇਆ ਸੀ, ਜਿਸ ਤਹਿਤ ਇੰਡੋ-ਕੈਨੇਡੀਅਨ ਟਰਾਂਸਪੋਰਟ ਕੰਪਨੀ ਵਿੱਚ ਕੇਜਰੀਵਾਲ ਦਾ ਬਿਨਾਂ ਕੋਈ ਪੈਸਾ ਲਾਇਆਂ 50 ਫੀਸਦੀ ਹਿੱਸਾ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਸਿਰਫ਼ ਇੰਡੋ-ਕੈਨੇਡੀਅਨ ਬੱਸਾਂ ਨੂੰ ਹੀ ਪੰਜਾਬ ਤੋਂ ਕੌਮਾਂਤਰੀ ਹਵਾਈ ਅੱਡਾ ਦਿੱਲੀ ਤੱਕ ਸਵਾਰੀਆਂ ਚੁੱਕਣ ਅਤੇ ਲਾਹੁਣ ਦੀ ਇਜਾਜ਼ਤ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਪੰਜਾਬ ਸਰਕਾਰ ਵੱਲੋਂ ਕਈ ਸਾਲਾਂ ਤੋਂ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਦਿੱਲੀ ਹਵਾਈ ਅੱਡੇ ਤੱਕ ਜਾਣ ਦੀ ਇਜਾਜ਼ਤ ਦੇਣ ਲਈ ਲਿਖੀਆਂ ਚਿੱਠੀਆਂ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦਿੱਲੀ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਸਾਹਮਣੇ ਧਰਨਾ ਲਾਉਣਾ ਪਿਆ।
ਸ਼੍ਰੀ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਦੀ ਅੱਖ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਇਸ ਨੂੰ ਲੁੱਟਣ ਉਤੇ ਟਿਕੀ ਹੋਈ ਹੈ ਜਿਸ ਕਰ ਕੇ ਹੀ ਉਹ ਆਪਣੀ ਪਾਰਟੀ ਦੇ ਕਿਸੇ ਵੀ ਆਗੂ ਨੂੰ ਇਕ ਹੱਦ ਤੋਂ ਅੱਗੇ ਨਹੀਂ ਜਾਣ ਦਿੰਦਾ। ਸੁੱਚਾ ਸਿੰਘ ਛੋਟੇਪੁਰ, ਧਰਮਵੀਰ ਗਾਂਧੀ, ਹਰਵਿੰਦਰ ਸਿੰਘ ਫੂਲਕਾ, ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਦੀਆਂ ਲਈਆਂ ਗਈਆਂ ਸਿਆਸੀ ਬਲੀਆਂ ਕੁਝ ਕੁ ਉੱਭਰਵੀਆਂ ਉਦਾਹਰਣਾਂ ਹਨ। ਉਨ੍ਹਾਂ ਕਿਹਾ ਕਿ ਕੁਝ ਹੀ ਦਿਨਾਂ ਬਾਅਦ ਹੁਣ ਭਗਵੰਤ ਮਾਨ ਦੀ ਬਲੀ ਲਈ ਜਾਣ ਦੀ ਤਿਆਰੀ ਹੈ।
ਸ਼੍ਰੀ ਸਿੱਧੂ ਨੇ ਕਿਸਾਨ ਆਗੂਆਂ ਨੂੰ ਵੀ ਸਲਾਹ ਦਿੱਤੀ ਕਿ ਸਿਆਸੀ ਬਲੀਆਂ ਲੇਣ ਦੇ ਮਾਹਰ ਕੇਜਰੀਵਾਲ ਨਾਲ ਸਮਝੌਤਾ ਕਰਨ ਤੋਂ ਪਹਿਲਾਂ ਸੌ ਵਾਰ ਸੋਚਣ ਕਿਉਂਕਿ ਕੇਜਰੀਵਾਲ ਭਾਜਪਾ ਵੱਲੋਂ ਖੜ੍ਹੇ ਕੀਤੇ ਗਏ ਨਰਮ ਹਿੰਦੂਤੱਵ ਮੋਰਚੇ ਦੇ ਮੁਖੀ ਹਨ। ਉਹਨਾਂ ਕਿਹਾ ਕਿ ਇਹਨਾਂ ਦੋਹਾਂ ਦਾ ਰੂਪਠਭਾਵੇੱ ਵੱਖਰਾ ਵੱਖਰਾ ਹੈ, ਪਰ ਟੀਚਾ ਇਕੋ ਹੀ ਅਤੇ ਉਹ ਹੈ ਸਾਰੇ ਮੁਲਕ ਨੂੰ ਇਕੋ ਭਗਵੇ ਰੰਗ ਵਿੱਚ ਰੰਗਣਾ ਅਤੇ ਜਾਤਪਾਤ ਦੇ ਅਧਾਰ ਉੱਤੇ ਵੱਖ ਵੱਖ ਧਰਮਾਂ ਵਿੱਚ ਵੰਡਣਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਕੈਬਿਨਟ ਵਿੱਚ ਇਕ ਵੀ ਸਿੱਖ ਵਿਅਕਤੀ ਨੂੰ ਜਗ੍ਹਾ ਨਹੀਂ ਦਿੱਤੀ ਗਈ ਜੋ ਉਨ੍ਹਾਂ ਦੀ ਸਿੱਖ ਵਿਰੋਧੀ ਵਿਚਾਰਧਾਰਾ ਨੂੰ ਜ਼ਾਹਰ ਕਰਦਾ ਹੈ।