ਸਿੱਖਿਆ ਤੇ ਸਿਹਤ ਖੇਤਰ ਵਿੱਚ ਕੇਜਰੀਵਾਲ ਸਰਕਾਰ ਨੂੰ ਪੰਜਾਬ ਤੋਂ ਸੇਧ ਲੈਣ ਦੀ ਲੋੜ: ਕੁਲਜੀਤ ਬੇਦੀ

ਪੰਜਾਬ ਵਿੱਚ ਸਿੱਖਿਆ ਤੇ ਸਿਹਤ ਮਾਮਲੇ ਵਿੱਚ ਆਪਣੀ ਸਰਕਾਰ ਦੌਰਾਨ ਪੱਛੜਣ ਲਈ ਮੁਆਫ਼ੀ ਮੰਗੇ ਅਕਾਲੀ ਦਲ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮਜ਼ਬੂਤ ਹੋ ਰਿਹਾ ਹੈ ਸਿਹਤ ਤੇ ਸਿੱਖਿਆ ਦਾ ਬੁਨਿਆਦੀ ਢਾਂਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੂਨ:
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪੰਜਾਬ ਸੂਬਾ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਨੰਬਰ ਇਕ ਤੇ ਹੈ ਜਦੋਂਕਿ ਸਿਰਫ਼ ਆਪਣੀ ਸਿਆਸੀ ਰੋਟੀਆਂ ਚਮਕਾਉਣ ਵਾਸਤੇ ਫੋਕੀ ਬਿਆਨਬਾਜ਼ੀ ਕਰਨ ਵਾਲੇ ਆਮ ਆਦਮੀ ਪਾਰਟੀ ਦੀ ਹਾਲਤ ਇਹ ਹੈ ਕਿ ਦਿੱਲੀ ਦੇ ਵੱਡੀ ਗਿਣਤੀ ਮਰੀਜ਼ ਕਰੋਨਾ ਦੇ ਕਾਲ ਵਿੱਚ ਇਲਾਜ ਕਰਵਾਉਣ ਲਈ ਪੰਜਾਬ ਆਉਂਦੇ ਰਹੇ ਹਨ ਅਤੇ ਸਿੱਖਿਆ ਦੇ ਖੇਤਰ ਵਿੱਚ ਵੀ ਦਿੱਲੀ ਨੂੰ ਪੰਜਾਬ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ ਅੰਦੇਸ਼ੀ ਸੋਚ ਦੇ ਚਲਦੇ ਹੀ ਸੰਭਵ ਹੋ ਸਕਿਆ ਹੈ ਕਿ ਅੱਜ ਇਨ੍ਹਾਂ ਦੋਹਾਂ ਖੇਤਰਾਂ ਵਿੱਚ ਪੰਜਾਬ ਇੱਕ ਨੰਬਰ ਤੇ ਹੈ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਜੋ ਕਿ ਹਲਕਾ ਮੁਹਾਲੀ ਤੋਂ ਵਿਧਾਇਕ ਵੀ ਹਨ ਦੀ ਨਿੱਜੀ ਦਿਲਚਸਪੀ ਅਤੇ ਦਿਨ ਰਾਤ ਤਨਦੇਹੀ ਨਾਲ ਕੀਤੇ ਜਾ ਰਹੇ ਉਪਰਾਲਿਆਂ ਦੇ ਚਲਦਿਆਂ ਹੀ ਮੋਹਾਲੀ ਸ਼ਹਿਰ ਹਰ ਖੇਤਰ ਵਿੱਚ ਤਰੱਕੀ ਦੀਆਂ ਲੀਹਾਂ ’ਤੇ ਪੂਰੀ ਤੇਜ਼ੀ ਨਾਲ ਤੁਰ ਰਿਹਾ ਹੈ।
ਇਹੀ ਨਹੀਂ ਅਕਾਲੀਆਂ ’ਤੇ ਵਰ੍ਹਦਿਆਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਆਪਣੇ ਦਸ ਸਾਲ ਦੇ ਕਾਰਜਕਾਲ ਵਿੱਚ ਅਕਾਲੀਆਂ ਨੇ ਡੱਕਾ ਵੀ ਨਹੀਂ ਤੋੜਿਆ ਜਿਸ ਕਾਰਨ ਪੰਜਾਬ ਵਿੱਚ ਹਾਲਾਤ ਮਾੜੇ ਰਹੇ ਹਨ ਪਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਸਿਹਤ ਅਤੇ ਸਿੱਖਿਆ ਦੋਵਾਂ ਹੀ ਖੇਤਰਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਗਿਆ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਜੇ ਮੋਹਾਲੀ ਦੀ ਗੱਲ ਕੀਤੀ ਜਾਵੇ ਤਾਂ ਮੁਹਾਲੀ ਪੰਜਾਬ ਦੇ ਉਨ੍ਹਾਂ ਸ਼ਹਿਰਾਂ ਵਿੱਚੋਂ ਇੱਕ ਹੈ ਜਿੱਥੇ ਸਿੱਖਿਆ ਅਤੇ ਸਿਹਤ ਦੋਹਾਂ ਹੀ ਖੇਤਰਾਂ ਵਿੱਚ ਜ਼ਬਰਦਸਤ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਮੈਡੀਕਲ ਕਾਲਜ ਬਣ ਰਿਹਾ ਹੈ ਜਿਸ ਦੀਆਂ ਕਲਾਸਾਂ ਸ਼ੁਰੂ ਵੀ ਹੋ ਗਈਆਂ ਹਨ ਅਤੇ ਇਸ ਦੇ ਨਾਲ ਇੱਥੇ 300 ਬੈਡ ਦਾ ਹਸਪਤਾਲ ਵੀ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਇਥੋਂ ਸ਼ਿਫਟ ਹੋਣ ਜਾ ਰਿਹਾ ਹੈ ਅਤੇ ਉੱਥੇ ਬਿਲਕੁਲ ਨਵਾਂ ਸਿਵਲ ਹਸਪਤਲ ਆਧੁਨਿਕ ਤਰੀਕੇ ਨਾਲ ਬਣਾ ਕੇ ਤਮਾਮ ਆਧੁਨਿਕ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣੀਆਂ ਹਨ। ਇਸ ਤੋਂ ਇਲਾਵਾ ਫੇਜ਼-3ਬੀ1 ਦੀ ਸਰਕਾਰੀ ਡਿਸਪੈਂਸਰੀ ਨੂੰ ਹੈਲਥ ਸੈਂਟਰ ਵਿਚ ਤਬਦੀਲ ਕੀਤਾ ਜਾ ਰਿਹਾ ਹੈ ਜਿੱਥੇ 35 ਬੈੱਡਾਂ ਦਾ ਹਸਪਤਾਲ ਬਣੇਗਾ। ਇਸੇ ਤਰ੍ਹਾਂ ਸੈਕਟਰ-69, ਸੈਕਟਰ-79,ਐਰੋਸਿਟੀ ਅਤੇ ਸੈਕਟਰ-66 ਵਿੱਚ ਨਵੀਂਆਂ ਡਿਸਪੈਂਸਰੀਆਂ ਬਣ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਪੂਰੇ ਮੁਲਕ ਵਿੱਚ ਨੰਬਰ ਇਕ ਤੇ ਆਇਆ ਹੈ ਅਤੇ ਲੋਕ ਹੁਣ ਵੀ ਪ੍ਰਾਈਵੇਟ ਸਕੂਲਾਂ ਦੀ ਥਾਂ ਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਨੂੰ ਤਰਜੀਹ ਦੇਣ ਲੱਗੇ ਹਨ; ਉਨ੍ਹਾਂ ਕਿਹਾ ਕਿ ਜੇ ਮੁਹਾਲੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਤੇਰਾਂ ਕਰੋੜ ਦੀ ਲਾਗਤ ਨਾਲ ਫੇਜ਼ 11 ਦੇ ਸਕੂਲ ਨੂੰ ਸੀਨੀਅਰ ਸੈਕੰਡਰੀ ਸਕੂਲ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਜਿਸ ਨਾਲ ਮੋਹਾਲੀ ਦੇ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਸੇਧ ਲੈਣ ਦੀ ਲੋੜ ਹੈ ਤਾਂ ਜੋ ਉਹ ਆਪਣਾ ਸਿੱਖਿਆ ਅਤੇ ਸਿਹਤ ਦਾ ਪੱਧਰ ਸੁਧਾਰ ਸਕਣ ਅਤੇ ਫੋਕੀ ਬਿਆਨਬਾਜ਼ੀ ਕਰਨ ਦੀ ਥਾਂ ਤੇ ਸਹੀ ਮਾਅਨੇ ਵਿੱਚ ਦਿੱਲੀ ਲਈ ਕੋਈ ਕੰਮ ਕਰਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਨ੍ਹਾਂ ਦੋਹਾਂ ਹੀ ਪ੍ਰਮੁੱਖ ਖੇਤਰਾਂ ਸਿਹਤ ਅਤੇ ਸਿੱਖਿਆ ਦੇ ਮਾਮਲੇ ਵਿੱਚ ਪੰਜਾਬ ਦੇ ਪੱਛੜੇ ਹੋਣ ਕਾਰਨ ਜ਼ਿੰਮੇਵਾਰ ਹੈ ਇਸ ਲਈ ਅਕਾਲੀ ਦਲ ਦੇ ਆਗੂਆਂ ਨੂੰ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In Awareness/Campaigns

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…