ਬਾਦਲ ਤੇ ਕੈਪਟਨ ਦੀ ਅੰਦਰਖਾਤੇ ਸਿਆਸੀ ਸਾਂਝ ਨੂੰ ਚੋਣਾਂ ’ਚ ਮਿਲੇਗਾ ਮੂੰਹ ਤੋੜਵਾਂ ਜਵਾਬ: ਕੇਜ਼ਰੀਵਾਲ

ਹੁਕਮਰਾਨਾਂ ਦੇ ਗੁੰਡਾ ਰਾਜ ਨੂੰ ਖਤਮ ਕਰਨ ਲਈ ਲੋਕ ਆਪ ਨਾਲ ਜੁੜੇ: ਜਰਨੈਲ ਸਿੰਘ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਲੰਬੀ, 20 ਜਨਵਰੀ:
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਲੰਬੀ ਹਲਕੇ ਵਿੱਚ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਦੇ ਹੱਕ ਵਿੱਚ ਇਕ ਤੋਂ ਬਾਅਦ ਇਕ 5 ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਹਾਰ ਨੂੰ ਦੇਖਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਵਿਸ਼ੇਸ਼ ‘ਸੈਟਿੰਗ’ ਕਰਕੇ ਲੰਬੀ ਤੋਂ ਚੋਣ ਲੜਣ ਲਈ ਸੱਦਿਆ ਹੈ ਤਾਂ ਜੋ ਬਾਦਲ ਪਰਿਵਾਰ ਤੋਂ ਦੁਖੀ/ਪੀੜਤ ਲੋਕਾਂ ਦੀ ਆਪ ਨੂੰ ਜਾਣ ਵਾਲੀ ਵੋਟ ਤੋੜੀ ਜਾ ਸਕੇ। ਉਨ੍ਹਾਂ ਕਿਹਾ ਕਿ ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਲੰਬੀ ਵਿੱਚ ਬਾਦਲ ਨੂੰ ਹਰਾਉਣ ਨਹੀਂ ਬਲਕਿ ਜਿਤਾਉਣ ਲਈ ਆਏ ਹਨ।
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਸਹੀ ਮਾਇਨੇ ਵਿਚ ਬਾਦਲ ਨੂੰ ਚੁਣੌਤੀ ਦੇਣਾ ਚਾਹੁੰਦੇ ਸਨ ਤਾਂ ਉਹ ਇਕੋ ਜਗ੍ਹਾ ਤੋਂ ਚੋਣ ਲੜਦੇ। ਉਨ੍ਹਾਂ ਕਿਹਾ ਕਿ ਬਾਦਲਾਂ ਅਤੇ ਕੈਪਟਨ ਨੇ ਮਿਲ ਕੇ ਪੰਜਾਬ ਨੂੰ ਇਕ ਪ੍ਰਾਈਵੇਟ ਲਿਮਟਡ ਕੰਪਨੀ ਬਣਾ ਦਿੱਤਾ ਹੈ ਅਤੇ ਦੋਹੇਂ ਪਾਰਟੀਆਂ ਵਾਰੀ-ਵਾਰੀ ਰਾਜ ਕਰਕੇ ਪੰਜਾਬ ਅਤੇ ਪੰਜਾਬੀਆਂ ਦੀ ਲੁੱਟ ਕਰਨ ਵਿਚ ਲੱਗੀਆਂ ਹੋਈਆਂ ਹਨ। ਪਿੰਡ ਸਰਾਵਾਂ ਬੋਦਲਾ ਵਿਖੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਜ਼ਰੀਵਾਲ ਨੇ ਕਿਹਾ ਕਿ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਦੀ ਜਮਾਨਤ ਜ਼ਬਤ ਹੋਣੀ ਤੈਅ ਹੈ। ਇਸੇ ਕਾਰਨ ਆਪਣੇ ਆਪ ਨੂੰ ਪੰਜਾਬ ਦੇ ਹਿਤੈਸ਼ੀ ਕਹਾਉਣ ਵਾਲੇ ਇਹ ਅਖੌਤੀ ਲੋਕ ਆਗੂ ਬੌਖਲਾਹਟ ਵਿਚ ਹਨ। ਲੋਕ ਇੰਨ੍ਹਾਂ ਦੋਹਾਂ ਪਾਰਟੀਆਂ ’ਤੇ ਵਿਸ਼ਵਾਸ ਨਾ ਕਰਨ ਅਤੇ ਇੰਨ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ।
ਕੇਜ਼ਰੀਵਾਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਦਾ ਨਾ ਕੇਵਲ ਕਰਜ਼ਾ ਮਾਫ ਕੀਤਾ ਜਾਵੇਗਾ ਬਲਕਿ ਸਰਕਾਰ ਬਣਨ ਦੇ 3 ਸਾਲ ਬਾਅਦ ਕਿਸਾਨਾਂ ਨੂੰ ਫਸਲਾਂ ਦਾ ਪੂਰਾ ਮੁੱਲ ਦਿਵਾਉਣ ਲਈ ਡਾ.ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਵਾਇਆ ਜਾਵੇਗਾ। ਵਿਧਵਾ, ਬਜੁਰਗਾਂ ਅਤੇ ਅੰਗਹੀਣਾਂ ਨੂੰ 2500 ਰੁਪਏ ਪੈਂਸਨ ਦਿੱਤੀ ਜਾਵੇਗੀ। ਪੰਜਾਬ ਦੇ 25 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਂਣਗੀਆਂ, ਵੱਡੇ ਪੱਧਰ ’ਤੇ ਉਦਯੋਗ ਸਥਾਪਤ ਕੀਤੇ ਜਾਣਗੇ ਤਾਂ ਜੋ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਮਿਲਣ ਦੇ ਨਾਲ ਨਾਲ ਨੌਜਵਾਨਾਂ ਨੂੰ ਰੋਜਗਾਰ ਵੀ ਮਿਲ ਸਕੇ। ਇੰਨ੍ਹਾਂ ਉਦਯੋਗਿਕ ਇਕਾਈਆਂ ਵਿਚ 80 ਫੀਸਦੀ ਨੌਕਰੀਆਂ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ। ਦਿੱਲੀ ਦੀ ਤਰਜ਼ ’ਤੇ ਪੰਜਾਬ ਦੇ ਲੋਕਾਂ ਨੂੰ ਦੇਸ਼ ਵਿਚ ਸਭ ਤੋਂ ਸਸਤੀ ਬਿਜਲੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ 11 ਮਾਰਚ ਨੂੰ ਚੋਣਾਂ ਦੇ ਨਤੀਜੇ ਆ ਜਾਣਗੇ, 20 ਮਾਰਚ ਨੂੰ ਸਰਕਾਰ ਦਾ ਗਠਨ ਹੋਵੇਗਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ’ਤੇ 15 ਅਪ੍ਰੈਲ ਤੱਕ ਬਿਕ੍ਰਮ ਸਿੰਘ ਮਜੀਠੀਆ ਅਤੇ ਹੋਰਨਾ ਨਸ਼ਾ ਤਸਕਰਾਂ ਨੂੰ ਜੇਲ ਵਿੱਚ ਸੁੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੀ ਪੂਰੀ ਜਾਂਚ ਕਰਵਾ ਕੇ ਇਸਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਉਹ ਖੁਦ ਪੂਰੇ ਕਰਵਾਊਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸਰਕਾਰ ਵਿਚ ਪੰਜਾਬ ਦਾ ਮੁੱਖ ਮੰਤਰੀ ਚਾਹੇ ਕੋਈ ਵੀ ਹੋਵੇ ਪਰੰਤੂ ਸਾਰੇ ਵਾਅਦ ਪੂਰੇ ਕਰਵਾਉਣ ਦੀ ਜਿੰਮੇਵਾਰੀ ਉਨ੍ਹਾਂ ਦੀ ਹੈ। ਕੇਜ਼ਰੀਵਾਲ ਨੇ ਬਾਦਲਾਂ ਦੇ ਗੜ੍ਹ ਵਿਚ ਪਿੰਡ ਸਰਾਵਾਂ ਬੋਦਲਾ, ਬੁਰਜ਼ ਸਿੱਧਵਾਂ, ਲੰਬੀ, ਕਿੱਲਿਆਂਵਾਲੀ, ਫੁੱਲੂਖੇੜਾ ਆਦਿ ਵਿਖੇ ਭਾਰੀ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ।
ਇਸ ਮੌਕੇ ਜਰਨੈਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਇਕ ਇਮਾਨਦਾਰ ਅਤੇ ਭ੍ਰਿਸ਼ਟਾਚਾਰ ਰਹਿਤ ਸ਼ਾਸਨ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਉਣ ’ਤੇ ਬਾਦਲਾਂ ਦੇ ਗੁੰਡਾਰਾਜ ਨੂੰ ਸਮਾਪਤ ਕੀਤਾ ਜਾਵੇਗਾ ਅਤੇ ਬਾਦਲਾਂ ਦੇ ਗੁੰਡਾ ਟੋਲਿਆਂ ਦੇ ਸਰਦਾਰ ਦਿਆਲ ਸਿੰਘ ਕੋਲਿਆਂਵਾਲੀ, ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਹੋਰਨਾਂ ਨੂੰ ਜੇਲਾਂ ਵਿਚ ਸੁੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੇ ਬਾਦਲਾਂ ਦੇ ਗੁੰਡਾਰਾਜ ਖਿਲਾਫ ਕਮਰ ਕਸ ਲਈ ਹੈ ਅਤੇ ਲੋਕ ਇੰਨ੍ਹਾਂ ਹੰਕਾਰੀਆਂ ਹੋਈਆਂ ਸਿਆਸੀ ਪਾਰਟੀਆਂ ਤੋਂ ਪਿੱਛਾ ਛੁਡਵਾਉਣ ਲਈ ਕਾਹਲੇ ਹਨ। ਇਸ ਮੌਕੇ ਆਪ ਆਗੂ ਨਰਿੰਦਰ ਸਿੰਘ ਨਾਟੀ ਸਰਪੰਚ, ਸੀਨੀਅਰ ਆਗੂ ਦਲਬੀਰ ਸਿੰਘ ਢਿੱਲੋਂ, ਸਟਾਰ ਕੰਪੈਨਰ ਸੁਖਵਿੰਦਰ ਸਿੰਘ ਸੁਖੀ, ਨਵਜੋਤ ਕੌਰ ਲੰਬੀ, ਬਠਿੰਡਾ ਜੋਨ ਦੇ ਆਬਜ਼ਰਵਰ ਡਾ.ਵਿਜੇ ਸਿੰਗਲਾ ਤੋਂ ਇਲਾਵਾ ਹੋਰ ਪਾਰਟੀ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…