
ਆਪਣੇ ਅਧੂਰੇ ਸੁਪਨੇ ਸਾਕਾਰ ਕਰਨ ਲਈ ਪੰਜਾਬ ਨੂੰ ਪ੍ਰਯੋਗਸ਼ਾਲਾ ਵਜੋਂ ਵਰਤਣ ਤੋਂ ਗੁਰੇਜ਼ ਕਰੇ ਕੇਜਰੀਵਾਲ: ਬੀਰਦਵਿੰਦਰ ਸਿੰਘ
ਕੇਜਰੀਵਾਲ ਕਿਸ ਅਧਾਰ ’ਤੇ ਪੰਜਾਬ ਵਿੱਚ ਆਪਣਾ ਰਾਜ ਸਥਾਪਤ ਕਰਨ ਲਈ ਲੋਕਾਂ ਕੋਲੋਂ ਮੰਗ ਰਿਹਾ ਹੈ ਮੌਕਾ? ਬੀਰਦਵਿੰਦਰ ਸਿੰਘ
ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਦੀ ਸਾਜ਼ਿਸ਼ ਦਾ ਸ਼ਿਕਾਰ ਹਰਗਿਜ਼ ਨਹੀਂ ਹੋਣਗੇ: ਬੀਰਦਵਿੰਦਰ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਨਵੰਬਰ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਪਲਟਵਾਰ ਕਰਦਿਆਂ ਉਨ੍ਹਾਂ ਦੇ ਸਾਰੇ ਤਰਕਾਂ ਨੂੰ ਵੰਗਾਰਦਿਆਂ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਇੱਕ ਪੋਸਟਰ ’ਤੇ ਟਿੱਪਣੀ ਕਰਦਿਆਂ ਸਵਾਲ ਕੀਤਾ ਹੈ ਕਿ ਕੇਜਰੀਵਾਲ ਕਿਸ ਅਧਾਰ ’ਤੇ ਪੰਜਾਬ ਵਿੱਚ ‘ਕੇਜਰੀ-ਰਾਜ’ ਸਥਾਪਤ ਕਰਨ ਲਈ ਮੌਕਾ ਮੰਗ ਰਿਹਾ ਹੈ? ਉਨ੍ਹਾਂ ਸਵਾਲ ਕੀਤਾ ਕੀ ਆਮ ਆਦਮੀ ਪਾਰਟੀ ਵਿੱਚ ਇੱਕ ਵੀ ਅਜਿਹਾ ਸਮਰੱਥ ਆਗੂ ਨਹੀਂ ਜਿਸ ਦੇ ਨਾਮ ਅਤੇ ਪਛਾਣ ਉੱਤੇ ਪੰਜਾਬ ਵਿੱਚ ਵੋਟਾਂ ਮੰਗੀਆਂ ਜਾ ਸਕਣ? ਕੀ ਕੇਜਰੀਵਾਲ ਪੰਜਾਬ ਵਿੱਚ ਆਪਣੀ ਬੰਧੂਆ ਸਰਕਾਰ ਸਥਾਪਿਤ ਕਰਨਾ ਚਾਹੁੰਦੇ ਹਨ, ਜਿਸ ਨੂੰ ਉਹ ਦਿੱਲੀ ਬੈਠ ਕੇ ਆਪਣੇ ਇਸ਼ਾਰਿਆਂ ’ਤੇ ਨਚਾ ਸਕਣ ਜਾਂ ਖ਼ੁਦ ਹੀ ਪੰਜਾਬ ਦੇ ਲੋਕਾਂ ਨੂੰ ਭਰਮ-ਭੁਲੇਖੇ ਵਿੱਚ ਰੱਖ ਕੇ ਪੰਜਾਬ ਦੀ ਗੱਦੀ ਨੂੰ ਹੜੱਪਣ ਦੀ ਮਨਸ਼ਾ ਰੱਖਦੇ ਹਨ?
ਅੱਜ ਇੱਥੇ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਹਰਗਿਜ਼ ਨਹੀਂ ਹੋਣ ਦਿੱਤਾ ਜਾਵੇਗਾ। ਪੰਜਾਬ ਦੇ ਲੋਕ ਪੰਜਾਬ ਦੀ ਸੱਤਾ ਦੇ ਗਲਿਆਰਿਆਂ ਵਿੱਚ ਕਿਸੇ ਵੀ ਗ਼ੈਰ-ਪੰਜਾਬੀ ਦੇ ਅਯੋਗ ਦਖ਼ਲ ਅਤੇ ਨਾਜਾਇਜ਼ ਕਬਜ਼ਾ ਕਰਨ ਦੀ ਕਿਸੇ ਵੀ ਸਾਜ਼ਿਸ਼ ਨੂੰ ਕਬੂਲ ਨਹੀਂ ਕਰਨਗੇ। ਉਨ੍ਹਾਂ ਤਲਖ਼ ਲਹਿਜ਼ੇ ਨਾਲ ਕਿਹਾ ਕਿ ਪੰਜਾਬ ਦੇ ਆਵਾਮ ਨੂੰ ਗਰੰਟੀਆਂ ਦੇਣ ਵਾਲੇ ਕੇਜਰੀਵਾਲ ਕੌਣ ਹੁੰਦੇ ਹਨ ਅਤੇ ਉਹ ਕਿਸ ਹੈਸੀਅਤ ਵਿੱਚ ਅਜਿਹੀਆਂ ਗਰੰਟੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਆਪਣੇ ਅਧੂਰੇ ਸੁਪਨੇ ਪੂਰੇ ਕਰਨ ਲਈ ਇੱਕ ਪ੍ਰਯੋਗਸ਼ਾਲਾ ਦੇ ਰੂਪ ਵਿੱਚ ਵਰਤਣ ਦੇ ਯਤਨ ਨਾ ਕਰਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਨ ਯਕੀਨ ਹੈ ਕਿ ਇਸ ਸਾਜ਼ਿਸ਼ ਨੂੰ ਪੰਜਾਬ ਵਿੱਚ ਬੂਰ ਨਹੀਂ ਪਵੇਗਾ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਕੇਜਰੀਵਾਲ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਸੰਵਿਧਾਨ ਦੇ ਸਾਰੇ ਤਕਾਜ਼ਿਆਂ ਅਨੁਸਾਰ ਇੱਕ ‘ਪੂਰਨ-ਰਾਜ’ ਹੈ ਅਤੇ ਤੁਹਾਡੀ ‘ਦਿੱਲੀ’ ਦੇਸ਼ ਦੀ ਕੌਮੀ ਰਾਜਧਾਨੀ ਦਾ ਨਿਸ਼ਚਿਤ ਇਲਾਕਾ, ਕੇਵਲ ਇੱਕ ‘ਕੇਂਦਰ ਸਾਸ਼ਕ ਰਿਆਸਤ’ ਹੈ, ਜਿਸਦੇ ਆਰਥਿਕ ਵਸੀਲਿਆਂ ਅਤੇ ਵਿੱਤੀ ਸਾਧਨਾ ਦੀ ਤੁਲਨਾ, ਪੰਜਾਬ ਦੀਆਂ ਵਿਗੱਠਣ ਪਰਸਥਿਤੀਆਂ ਅਤੇ ਇਸ ਦੀ ਵਿਸ਼ਾਲਤਾ ਨਾਲ ਕਿਸੇ ਵੀ ਸਬੰਧ ਵਿੱਚ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਆਪ ਆਗੂ ਨੂੰ ਪਤਾ ਨਹੀਂ ਕਿ ਪੰਜਾਬ ਨੇ ਇੱਕ ਸਰਹੱਦੀ ਸੂਬਾ ਹੋਣ ਦੀ ਹੈਸੀਅਤ ਵਿੱਚ ਕਿਹੜੇ-ਕਿਹੜੇ ਸਰਾਪ ਭੁਗਤੇ ਹਨ ਅਤੇ ਪੂਰੇ ਦੇਸ਼ ਨਾਲੋਂ ਵੱਖਰੇ ਕਿਹੋ ਜਿਹੇ ਭਿਆਨਕ ਸੰਤਾਪ ਹੰਢਾਏ ਹਨ? ਪਾਕਿਸਤਾਨ ਨਾਲ ਲੜੀਆਂ ਗਈਆ ਤਿੰਨ ਜੰਗਾਂ ਦੀ ਬਰਬਾਦੀ ਅਤੇ 12 ਵਰ੍ਹੇ ਦਾ ਅਤਿਵਾਦ ਦਾ ਤਾਰੀਕ-ਦੌਰ ਪੰਜਾਬ ਨੇ ਆਪਣੇ ਪਿੰਡੇ ’ਤੇ ਹੰਢਾਇਆ ਹੈ? ਉਸ ਵੇਲੇ ਕੇਜਰੀਵਾਲ ਦੀ ‘ਦਿੱਲੀ’ ਦੇ ਪਿੰਡੇ ’ਤੇ ਤਾਂ ਇੱਕ ਝਰੀਟ ਵੀ ਨਹੀਂ ਸੀ ਆਈ, ਜਦੋਂ ਸਾਰਾ ਪੰਜਾਬ, ‘ਆਪਣਿਆਂ’ ਦੇ ਬਲਦੇ ਸਿਵਿਆਂ ਦਾ ਸੇਕ ਸਹਿ ਰਿਹਾ ਸੀ।
ਬੀਰਦਵਿੰਦਰ ਸਿੰਘ ਨੇ ਕੇਜਰੀਵਾਲ ਨੂੰ ਮਿਹਣਾ ਮਾਰਦਿਆਂ ਕਿਹਾ ਕਿ ਪੰਜਾਬ ਨੂੰ ਉਨ੍ਹਾਂ ਦੀ ‘ਮਹਾਜਨੀ ਅਕਲ’ ਦੀ ਲੋੜ ਨਹੀਂ ਅਤੇ ਨਾ ਹੀ ਉਨ੍ਹਾਂ ਦੀ ਜੁੰਡਲੀ’ਦੀ ਲੋੜ ਹੈ ਜੋ ‘ਈਸਟ ਇੰਡੀਆ’ ਕੰਪਨੀ ਵਾਂਗ ਪਹਿਲਾਂ ਵੀ ਪੰਜਾਬ ਨੂੰ ਲੁੱਟ ਚੁੱਕੀ ਹੈ ਅਤੇ ਹੁਣ ਫਿਰ ਇੱਕ ਨਵੀਂ ‘ਜੁੰਡਲੀ’ ਪੰਜਾਬ ਵਿੱਚ ਉਤਾਰੀ ਗਈ ਹੈ। ਪੰਜਾਬ ਪਹਿਲਾਂ ਹੀ ਬਹੁਤ ਸੰਤਾਪ ਭੁਗਤ ਚੁੱਕਾ ਹੈ ਅਤੇ ਹੁਣ ਹੋਰ ਕਿਸੇ ‘ਪਰਾਈ-ਹਕੂਮਤ’ ਦਾ ਤਜਰਬਾ ਨਹੀਂ ਭੋਗਣਾ ਚਾਹੁੰਦਾ। ਇਸ ਲਈ ਅਰਵਿੰਦ ਕੇਜਰੀਵਾਲ ਨੂੰ ਗੁਜਾਰਿਸ਼ ਹੈ ਕਿ ਪੰਜਾਬ ਨੂੰ ਆਪਣੇ ਅਧੂਰੇ ਸੁਪਨੇ ਪੂਰੇ ਕਰਨ ਲਈ ਇੱਕ ਪ੍ਰਯੋਗਸ਼ਾਲਾ ਦੇ ਰੂਪ ਵਿੱਚ ਵਰਤਣ ਦੇ ਕੋਝੇ ਯਤਨ ਨਾ ਕਰਨ।