
ਕੇਜਰੀਵਾਲ ਨੇ ਸਾਰੇ ਵਿਧਾਇਕਾਂ ਨੂੰ ਭਗਵੰਤ ਮਾਨ ਦੀ ਅਗਵਾਈ ਹੇਠ ਇੱਕ ਟੀਮ ਵਾਂਗ ਕੰਮ ਕਰਨ ਲਈ ਪ੍ਰੇਰਿਆ
ਕੇਜਰੀਵਾਲ ਦੀ ਵਿਧਾਇਕਾਂ ਨੂੰ ਨਸੀਹਤ…ਸਭ ਕੱੁਝ ਬਰਦਾਸ਼ਤ ਕਰਾਂਗੇ ਪਰ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਜਿਹੜੇ ਮੰਤਰੀ ਆਪਣੇ ਟੀਚੇ ਪੂਰੇ ਨਹੀਂ ਕਰਨਗੇ ਉਹ ਬਦਲੇ ਜਾਣਗੇ: ਅਰਵਿੰਦ ਕੇਜਰੀਵਾਲ
ਸਾਰੇ ਵਿਧਾਇਕ ਆਪਣੇ ਹਲਕਿਆਂ ਵਿੱਚ ਪੱਕੇ ਦਫ਼ਤਰ ਖੋਲ੍ਹਣ, ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਣ ਦੀਆਂ ਹਦਾਇਤਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਾਰਚ:
ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਐਤਵਾਰ ਨੂੰ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬੇ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਇੱਥੋਂ ਦੇ ਸੈਕਟਰ-66 ਸਥਿਤ ਹੋਟਲ ਰੈਡੀਸਨ (ਨੇੜੇ ਬੈਸਟੈੱਕ ਮਾਲ) ਵਿਖੇ ਪੰਜਾਬ ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗ ਕੀਤੀ। ਜਦੋਂਕਿ ਕੇਜਰੀਵਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਦਾ ਹਿੱਸਾ ਬਣੇ ਅਤੇ ਵਿਧਾਇਕਾਂ ਨੂੰ ਸੰਬੋਧਨ ਕਰਕੇ ਪਾਰਟੀ ਦੇ ਉਦੇਸ਼ਾਂ ਅਤੇ ਕੰਮ ਕਰਨ ਦੇ ਤੌਰ-ਤਰੀਕੇ ਦੱਸੇ।
ਕੇਜਰੀਵਾਲ ਨੇ ਕਿਹਾ ਕਿ ਭਾਜਪਾ ਚਾਰ ਸੂਬਿਆਂ ਵਿੱਚ ਚੋਣਾਂ ਜਿੱਤਣ ਤੋਂ ਬਾਅਦ ਲੋਕਾਂ ਦੇ ਕੰਮ ਕਰਨਾ ਤਾਂ ਦੂਰ ਹੁਣ ਤੱਕ ਆਪਣੇ ਨਵੇਂ ਮੁੱਖ ਮੰਤਰੀ ਵੀ ਨਹੀਂ ਬਣਾ ਸਕੀ ਜਦੋਂਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਦਿਆਂ ਲੋਕਾਂ ਦੇ ਹੱਕ ਵਿੱਚ ਕਈ ਇਤਿਹਾਸਕ ਫੈਸਲੇ ਵੀ ਕਰ ਦਿਖਾਏ। ਪਿਛਲੇ ਤਿੰਨ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਲਈ ਜ਼ਬਰਦਸਤ ਕੰਮ ਕਰਕੇ ਚੰਗੀ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਮਾਨ ਨੇ ਆਪਣੀ ਪਲੇਠੀ ਕੈਬਨਿਟ ਮੀਟਿੰਗ ਵਿੱਚ 25000 ਸਰਕਾਰੀ ਨੌਕਰੀਆਂ ਦਾ ਐਲਾਨ ਕਰਨ ਨਾਲ ਨੌਜਵਾਨਾਂ ਨੂੰ ਚੰਗੇ ਦਿਨ ਆਉਣ ਦੀ ਉਮੀਦ ਜਾਗੀ ਹੈ।
ਮੰਤਰੀ ਮੰਡਲ ਦੇ ਗਠਨ ਵਿੱਚ ਕਈ ਸੀਨੀਅਰ ਵਿਧਾਇਕਾਂ ਦੇ ਮੰਤਰੀ ਨਾ ਬਣਨ ’ਤੇ ਕੇਜਰੀਵਾਲ ਨੇ ਕਿਹਾ ਕਿ ਜਿਹੜੇ ਵਿਧਾਇਕ ਮੰਤਰੀ ਨਹੀਂ ਬਣ ਸਕੇ, ਉਨ੍ਹਾਂ ਨੂੰ ਖ਼ੁਦ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਸਾਰੇ ਵਿਧਾਇਕ ਮੇਰੇ ਲਈ ਖਾਸ ਹਨ। ਪੰਜਾਬ ਦੇ ਲੋਕਾਂ ਨੇ ਆਪ ਦੇ 92 ਹੀਰਿਆਂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ। ਲਿਹਾਜ਼ਾ ਅਹੁਦੇ ਦੇ ਲਾਲਚ ਵਿੱਚ ਨਾ ਫਸੋ, ਸਗੋਂ ਲੋਕਾਂ ਲਈ ਅਜਿਹੇ ਚੰਗੇ ਕੰਮ ਕੀਤੇ ਜਾਣ ਕਿ ਲੋਕਾਂ ਦਾ ਭਰੋਸਾ ਬਣਿਆ ਰਹੇ।
ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਿੱਚ ਸਾਰੇ ਵਿਧਾਇਕਾਂ-ਮੰਤਰੀਆਂ ਨੂੰ ਇੱਕ ਟੀਮ ਵਾਂਗ ਕੰਮ ਕਰਨਾ ਹੈ। ਜੇਕਰ ਕੋਈ ਮੰਤਰੀ ਵਾਰ-ਵਾਰ ਆਪਣੇ ਟੀਚੇ ਨੂੰ ਪੂਰਾ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਉਹ ਬਦਲ ਦਿੱਤੇ ਜਾਣਗੇ। ਉਂਜ ਕੇਜਰੀਵਾਲ ਨੇ ਭਰੋਸਾ ਦਿੱਤਾ ਕਿ ਉਹ ਵੱਡੇ ਭਰਾ ਵਜੋਂ ਵਿਧਾਇਕਾਂ ਨਾਲ ਖੜ੍ਹੇ ਰਹਿਣਗੇ ਅਤੇ ਹਮੇਸ਼ਾ ਗਾਈਡ ਕਰਦੇ ਰਹਿਣਗੇ। ਉਨ੍ਹਾਂ ਸਾਰੇ ਵਿਧਾਇਕਾਂ-ਮੰਤਰੀਆਂ ਨੂੰ ਸਖ਼ਤ ਨਸੀਹਤ ਦਿੰਦਿਆਂ ਕਿਹਾ ਕਿ ਇਮਾਨਦਾਰੀ ਨਾਲ ਕੰਮ ਕੀਤਾ ਜਾਵੇ। ਉਹ ਸਭ ਕੱੁਝ ਬਰਦਾਸ਼ਤ ਕਰ ਲੈਣਗੇ ਪਰ ਭ੍ਰਿਸ਼ਟਾਚਾਰ, ਲੋਕਾਂ ਨਾਲ ਬੇਈਮਾਨੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਕੇਜਰੀਵਾਲ ਨੇ ਵਿਧਾਇਕਾਂ ਨੂੰ ਪੁਲੀਸ ਅਫ਼ਸਰਾਂ ਦੀ ਬਦਲੀ-ਪੋਸਟਿੰਗ ਤੋਂ ਦੂਰ ਰਹਿਣ ਦੀ ਹਦਾਇਤ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਕੰਮ ਕਰਵਾਉਣ ਲਈ ਡੀਸੀ ਦਫ਼ਤਰ ਜ਼ਰੂਰ ਜਾਣ ਪਰ ਬਦਲੀ-ਪੋਸਟਿੰਗ ਲਈ ਨਹੀਂ। ਜੇਕਰ ਕਿਸੇ ਨੇ ਵੀ ਅਜਿਹਾ ਕੀਤਾ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਅਧਿਕਾਰੀ ਕੰਮ ਨਹੀਂ ਕਰਦਾ ਜਾਂ ਤੁਹਾਡੀ ਗੱਲ ਨਹੀਂ ਸੁਣਦਾ ਤਾਂ ਉਸਦੀ ਰਿਪੋਰਟ ਮੁੱਖ ਮੰਤਰੀ ਨੂੰ ਭੇਜੀ ਜਾਵੇ। ਮੁੱਖ ਮੰਤਰੀ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਉਣਗੇ। ਉਨ੍ਹਾਂ ਪੁਲੀਸ, ਸਿਵਲ ਪ੍ਰਸ਼ਾਸਨ, ਅਧਿਆਪਕਾਂ ਅਤੇ ਦਫ਼ਤਰੀ ਕਰਮਚਾਰੀਆਂ ਨਾਲ ਪਿਆਰ ਨਾਲ ਪੇਸ਼ ਆਉਣ ਲਈ ਵੀ ਪ੍ਰੇਰਿਆ।