
ਕੇਜਰੀਵਾਲ ਦਾ ਵਿਕਾਸ ਮਾਡਲ ਪੂਰੇ ਦੇਸ਼ ਵਿੱਚ ਰਿਹਾ ਹੈ ਪੈਰ ਪਸਾਰ: ਕੁਲਵੰਤ ਸਿੰਘ
ਅਗਾਮੀ ਵਿਧਾਨ ਸਭਾ ਚੋਣਾਂ ਲਈ ਆਪ ਦਾ ਚੋਣ ਪ੍ਰਚਾਰ ਹੋਇਆ ਤੇਜ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜਨਵਰੀ:
ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੇ ਹੌਂਸਲੇ ਬੁਲੰਦ ਹਨ ਅਤੇ ਕੇਜਰੀਵਾਲ ਦਾ ਵਿਕਾਸ ਮਾਡਲ ਪੂਰੇ ਦੇਸ਼ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪਿੰਡ ਸੰਭਾਲਕੀ ਵਿਖੇ ਇਕ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਭਰਨ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਕੁਲਵੰਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕੀਤਾ। ਕੁਲਵੰਤ ਸਿੰਘ ਨੇ ਕਿਹਾ ਕਿ ਪੂਰੇ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਤੋਂ ਸਪੱਸ਼ਟ ਹੈ ਕਿ ਲੋਕ ਹੁਣ ਇਨ੍ਹਾਂ ਰਵਾਇਤੀ ਪਾਰਟੀਆਂ ਤੋਂ ਅੱਕ ਥੱਕ ਚੁੱਕੇ ਹਨ ਤੇ ਹੁਣ ਨਵਾਂ ਫੇਰਬਦਲ ਚਾਹੁੰਦੇ ਹਨ।
ਸੰਯੁਕਤ ਸਮਾਜ ਮੋਰਚੇ ਦੇ ਸਬੰਧ ਵਿੱਚ ਪੁੱਛੇ ਗਏ ਸਵਾਲ ਦੇ ਜੁਆਬ ਦਿੰਦੇ ਹੋਏ ਇਸ ਮੌਕੇ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਦਾ ਫੈਸਲਾ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਕਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਤੌਰ ਮੇਅਰ ਅਨੇਕਾਂ ਵਿਕਾਸ ਕਾਰਜ ਕਰਵਾਏ ਅਤੇ ਹੁਣ ਵੀ ਉਨ੍ਹਾਂ ਦੀ ਪਹਿਲ ਸਿਰਫ਼ ਤੇ ਸਿਰਫ਼ ਮੁਹਾਲੀ ਸ਼ਹਿਰ ਦਾ ਵਿਕਾਸ ਹੈ। ਇਸ ਦੌਰਾਨ ਕੁਲਵੰਤ ਸਿੰਘ ਆਜ਼ਾਦ ਗਰੁੱਪ ਦੀ ਸਾਬਕਾ ਐੱਮ ਸੀ ਜਸਬੀਰ ਕੌਰ ਅੱਤਲੀ ਦੇ ਘਰ ਵੀ ਗਏ ਅਤੇ ਆਗਾਮੀ ਚੋਣਾਂ ਲਈ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਰਾਮ ਸਿੰਘ, ਹਰਦੇਵ ਕੁਮਾਰ ਨੰਬਰਦਾਰ, ਵਿਨੋਦ ਕੁਮਾਰ, ਰੁਲਦਾ ਰਾਮ, ਡਾ. ਮਨਮੋਹਨ ਸਿੰਘ, ਕਿਸ਼ੋਰੀ, ਸੁਖਦੇਵ, ਰਾਹੁਲ ਅੱਤਰੀ, ਰਾਮ ਗੋਪਾਲ, ਜੈ ਕੁਮਾਰ, ਪ੍ਰੇਮ ਚੰਦ, ਵਿਜੇ ਕੁਮਾਰ, ਨੈਨੂਰਾਮ, ਰਜੇਸ਼ ਕੁਮਾਰ, ਰਾਕੇਸ਼ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਸੰਭਾਲਕੀ ਦੇ ਨਿਵਾਸੀ ਹਾਜ਼ਰ ਸਨ।