nabaz-e-punjab.com

ਮੁਹਾਲੀ ਵਿੱਚ 5 ਰੋਜ਼ਾ ਦੂਜਾ ਕੇਸਾਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ 23 ਨਵੰਬਰ ਤੋਂ ਹੋਵੇਗਾ ਸ਼ੁਰੂ

ਜੇਤੂ ਟੀਮ ਨੂੰ ਇੱਕ ਲੱਖ ਰੁਪਏ, ਉਪ ਜੇਤੂ ਟੀਮ ਨੂੰ 51 ਹਜ਼ਾਰ ਰੁਪਏ, ਤੀਜੇ ਸਥਾਨ ਵਾਲੀ ਟੀਮ ਨੂੰ ਮਿਲੇਗਾ 21 ਹਜ਼ਾਰ ਦਾ ਇਨਾਮ

ਗੋਲਡ ਕੱਪ ਹਾਕੀ ਟੂਰਨਾਮੈਂਟ ਵਿੱਚ ਦੇਸ਼ ਦੀਆਂ 8 ਨਾਮੀ ਹਾਕੀ ਅਕੈਡਮੀਆਂ ਦੀਆਂ ਟੀਮਾਂ ਵਿੱਚ ਹੋਣਗੇ ਫਸਵੇਂ ਮੁਕਾਬਲੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ:
ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ 5 ਰੋਜ਼ਾ ਦੂਜਾ ਕੇਸਾਧਾਰੀ ਗੋਲਡ ਹਾਕੀ ਟੂਰਨਾਮੈਂਟ (ਅੰਡਰ-19) ਭਲਕੇ 23 ਤੋਂ 27 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ। ਇੱਥੋਂ ਦੇ ਫੇਜ਼-9 ਸਥਿਤ ਹਾਕੀ ਸਟੇਡੀਅਮ ਵਿੱਚ ਭਲਕੇ ਸ਼ੁਰੂ ਹੋ ਰਹੇ ਇਸ ਟੂਰਨਾਮੈਂਟ ਦਾ ਉਦਘਾਟਨ ਸਵੇਰੇ 9 ਵਜੇ ਆਈਜੀ (ਸੇਵਾਮੁਕਤ) ਇਕਬਾਲ ਸਿੰਘ ਲਾਲਪੁਰਾ ਵੱਲੋਂ ਕੀਤਾ ਜਾਵੇਗਾ ਜਦੋਂਕਿ ਪ੍ਰਧਾਨਗੀ ਸਾਬਕਾ ਹਾਕੀ ਖਿਡਾਰੀ ਸਰਪਾਲ ਸਿੰਘ ਕਰਨਗੇ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਜਸਬੀਰ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਸਬੰਧੀ ਸਾਰੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਸਿੱਖ ਨੌਜਵਾਨਾਂ ਅਤੇ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸਿਰਫ਼ ਸਿੱਖ ਕੇਸਾਧਾਰੀ ਖਿਡਾਰੀ ਹੀ ਹਿੱਸਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਟੀਮ ਨੂੰ ਪਹਿਲਾ ਇਨਾਮ ਇਕ ਲੱਖ ਰੁਪਏ, ਉਪ ਜੇਤੂ ਟੀਮ ਨੂੰ ਦੂਜਾ ਇਨਾਮ 51 ਹਜ਼ਾਰ ਰੁਪਏ ਅਤੇ ਤੀਜਾ ਇਨਾਮ 21 ਹਜ਼ਾਰ ਰੁਪਏ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਫੇਅਰ ਪਲੇ ਟਰਾਫ਼ੀ, ਬੈੱਸਟ ਪਲੇਅਰ, ਬੈੱਸਟ ਗੋਲ-ਕੀਪਰ ਅਤੇ ਟਾਪ-ਸਕੋਰਰ ਨੂੰ ਵੀ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਖੀਰਲੇ ਦਿਨ 27 ਨਵੰਬਰ ਨੂੰ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਐਸਪੀ ਸਿੰਘ ਓਬਰਾਏ ਮੁੱਖ ਮਹਿਮਾਨ ਹੋਣਗੇ ਅਤੇ ਜੇਤੂ ਟੀਮਾਂ ਨੂੰ ਨਗਦ ਪੁਰਸਕਾਰ ਅਤੇ ਟਰਾਫ਼ੀ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਨਗੇ।
ਸ੍ਰੀ ਜਸਬੀਰ ਸਿੰਘ ਨੇ ਦੱਸਿਆ ਕਿ 27 ਨਵੰਬਰ ਤੱਕ ਚੱਲਣ ਵਾਲੇ ਇਸ ਗੋਲਡ ਕੱਪ ਹਾਕੀ ਟੂਰਨਾਮੈਂਟ ਵਿੱਚ ਦੇਸ਼ ਦੀਆਂ ਪ੍ਰਸਿੱਧ 8 ਹਾਕੀ ਅਕੈਡਮੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਕੀ ਅਕੈਡਮੀ ਅੰਮ੍ਰਿਤਸਰ, ਸੁਰਜੀਤ ਹਾਕੀ ਅਕੈਡਮੀ ਜਲੰਧਰ, ਬਾਬਾ ਉੱਤਮ ਸਿੰਘ ਹਾਕੀ ਅਕੈਡਮੀ ਖਡੂਰ ਸਾਹਿਬ, ਨਾਮਧਾਰੀ ਇਲੈਵਨ ਭੈਣੀ ਸਾਹਿਬ, ਫਲੀਕਰ ਹਾਕੀ ਅਕੈਡਮੀ ਸ਼ਾਹਬਾਦ, ਸਪੋਰਟਸ ਕੰਪਲੈਕਸ ਸੈਕਟਰ-42 ਚੰਡੀਗੜ੍ਹ, ਐਮਬੀਐਸ ਅਕੈਡਮੀ ਸਿੰਬਲ ਜੰਮੂ ਅਤੇ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲੇ ਅਕੈਡਮੀ ਚੌਕ ਮਹਿਤਾ ਆਦਿ ਟੀਮਾਂ ਦੇ ਭੇੜ ਹੋਣਗੇ। ਉਨ੍ਹਾਂ ਦੱਸਿਆ ਕਿ ਅਖੀਰਲੇ ਦਿਨ ਖਾਲਸਾ ਏਡ ਏਸ਼ੀਆ ਦੇ ਇੰਚਾਰਜ ਅਮਨਦੀਪ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…