nabaz-e-punjab.com

ਸ਼ਹੀਦੀ ਪੁਰਬ ਵਾਲੇ ਦਿਨ ਮੁਹਾਲੀ ਵਿੱਚ ਖੁੱਲ੍ਹਾ ਰਿਹਾ ਖਾਲਸਾ ਕਾਲਜ, ਸੰਗਤ ’ਚ ਰੋਸ

ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਨੇ ਐਸਜੀਪੀਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਸ਼ਿਕਾਇਤ

ਖਾਲਸਾ ਕਾਲਜ ਮੈਨੇਜਮੈਂਟ ਖ਼ਿਲਾਫ਼ ਕਾਰਵਾਈ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਦਸੰਬਰ:
ਹਿੰਦ ਦੀ ਚਾਦਰ ਨੌਵੇਂ ਪਾਤਿਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਪੰਜਾਬ ਸਮੇਤ ਦੇਸ਼ ਭਰ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਪਹਿਲਾਂ ਹੀ ਸਰਕਾਰੀ ਛੁੱਟੀ ਘੋਸ਼ਿਤ ਕੀਤੀ ਗਈ ਸੀ ਅਤੇ ਬੁੱਧਵਾਰ ਨੂੰ ਸਾਰੇ ਸਰਕਾਰੀ ਦਫ਼ਤਰ ਅਤੇ ਪ੍ਰਾਈਵੇਟ ਅਦਾਰੇ ਬੰਦ ਰਹੇ ਲੇਕਿਨ ਇੱਥੋਂ ਦੇ ਫੇਜ਼-3ਏ ਸਥਿਤ ਖਾਲਸਾ ਕਾਲਜ (ਅੰਮ੍ਰਿਤਸਰ) ਖੁੱਲ੍ਹਾ ਰਹਿਣ ਕਾਰਨ ਸਿੱਖ ਸੰਗਤ ਵਿੱਚ ਭਾਰੀ ਰੋਸ ਹੈ।
ਇਕੱਤਰ ਜਾਣਕਾਰੀ ਅਨੁਸਾਰ ਖਾਲਸਾ ਕਾਲਜ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਪੁਰਬ ਸਮੇਤ ਜਨਮ ਅਸ਼ਟਮੀ ਸਮੇਤ ਕੁਝ ਹੋਰ ਅਹਿਮ ਮੌਕਿਆਂ ’ਤੇ ਛੁੱਟੀ ਹੁੰਦੀ ਹੈ ਜਦੋਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਵਾਲੇ ਖਾਲਸਾ ਕਾਲਜ ਖੁੱਲ੍ਹਾ ਰਹਿੰਦਾ ਹੈ। ਜਦੋਂਕਿ ਪ੍ਰਕਾਸ਼ ਪੁਰਬ ਦੀ ਬਜਾਏ ਸ਼ਹੀਦੀ ਪੁਰਬ ਦੀ ਵੱਧ ਅਹਿਮੀਅਤ ਮੰਨੀ ਜਾਂਦੀ ਹੈ।
ਕਲਗੀਧਰ ਸੇਵਕ ਜਥਾ ਮੁਹਾਲੀ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦ ਦੀ ਖ਼ਾਤਰ ਆਪਣੀ ਅਦੁੱਤੀ ਸ਼ਹਾਦਤ ਦਿੱਤੀ ਹੈ ਅਤੇ ਇਸ ਸਬੰਧੀ ਸੂਬਾ ਸਰਕਾਰ ਵੱਲੋਂ ਅੱਜ ਸਰਕਾਰੀ ਛੁੱਟੀ ਐਲਾਨੀ ਗਈ ਸੀ ਲੇਕਿਨ ਖਾਲਸਾ ਕਾਲਜ ਜਿਸ ਦਾ ਨਾਂ ਸਿੱਖ ਧਰਮ ਵਿੱਚ ਕਾਫੀ ਮਹੱਤਵ ਰੱਖਦਾ ਹੈ ਪ੍ਰੰਤੂ ਕਾਲਜ ਮੈਨੇਜਮੈਂਟ ਵੱਲੋਂ ਸ਼ਹੀਦੀ ਦਿਹਾੜੇ ਦੀ ਛੁੱਟੀ ਨਾ ਕਰਨ ਨਾਲ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਸਿੱਖ ਆਗੂ ਨੇ ਕਿਹਾ ਕਿ ਜੇਕਰ ਕੋਈ ਹਿੰਦੂ, ਮੁਸਲਿਮ ਜਾਂ ਕ੍ਰਿਸ਼ਚਨ ਅਦਾਰਾ ਖੁੱਲ੍ਹਾ ਰਹਿੰਦਾ ਤਾਂ ਸ਼ਾਇਦ ਏਨਾ ਦੁੱਖ ਨਹੀਂ ਹੋਣਾ ਸੀ ਕਿਉਂਕਿ ਦੂਜੇ ਧਰਮਾਂ ਨੂੰ ਸਿੱਖ ਧਰਮ ਬਾਰੇ ਬਹੁਤਾ ਗਿਆਨ ਨਹੀਂ ਹੁੰਦਾ ਲੇਕਿਨ ਅੱਜ ਖਾਲਸਾ ਕਾਲਜ ਦਾ ਖੁੱਲ੍ਹਾ ਰਹਿਣਾ ਕਾਫੀ ਮੰਦਭਾਗੀ ਗੱਲ ਹੈ। ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਉਨ੍ਹਾਂ ਨੇ ਐਸਜੀਪੀਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਕਾਲਜ ਮੈਨੇਜਮੈਂਟ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
(ਬਾਕਸ ਆਈਟਮ)
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਖਾਲਸਾ ਕਾਲਜ ਫੇਜ਼-3ਏ ਦੀ ਪ੍ਰਿੰਸੀਪਲ ਹਰੀਸ਼ ਕੁਮਾਰੀ ਨੇ ਮੰਨਿਆਂ ਕਿ ਅੱਜ ਸ਼ਹੀਦ ਪੁਰਬ ਮੌਕੇ ਕਾਲਜ ਖੁੱਲ੍ਹਾ ਸੀ। ਉਨ੍ਹਾਂ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਕਾਲਜ ਮੈਨੇਜਮੈਂਟ ਦੇ ਕੈਲੰਡਰ ਮੁਤਾਬਕ ਅੱਜ ਕਾਲਜ ਖੁੱਲ੍ਹਾ ਰੱਖਿਆ ਗਿਆ ਸੀ। ਜਦੋਂ ਪ੍ਰਿੰਸੀਪਲ ਤੋਂ ਮੈਨੇਜਮੈਂਟ ਨਾਲ ਤਾਲਮੇਲ ਕਰਨ ਲਈ ਕਿਸੇ ਯੋਗ ਅਧਿਕਾਰੀ ਦਾ ਨੰਬਰ ਮੰਗਿਆ ਤਾਂ ਉਨ੍ਹਾਂ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਉਹ ਕਿਸੇ ਨੂੰ ਮੈਨੇਜਮੈਂਟ ਦਾ ਨੰਬਰ ਨਹੀਂ ਦੇ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…