ਖਰੜ ਪੁਲੀਸ ਵੱਲੋਂ 2 ਕਿੱਲੋ ਹੈਰੋਇਨ ਸਣੇ ਦੋ ਮੁਲਜ਼ਮ ਕਾਬੂ, 50 ਹਜ਼ਾਰ ਰੁਪਏ ਨਗਦੀ ਵੀ ਬਰਾਮਦ

ਜ਼ਿਲ੍ਹਾ ਮੁਹਾਲੀ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ: ਐਸਪੀ ਤੇਜ਼ਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਦਸੰਬਰ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਅਤੇ ਖਰੜ ਪੁਲੀਸ ਨੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਨਵੇਂ ਦੀ ਪੂਰਵ ਸੰਧਿਆ ’ਤੇ ਦੋ ਵਿਅਕਤੀਆਂ ਨੂੰ ਦੋ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ 50 ਹਜ਼ਾਰ ਰੁਪਏ ਨਗਦੀ ਵੀ ਬਰਾਮਦ ਕੀਤੀ ਹੈ। ਇਸ ਗੱਲ ਦਾ ਖੁਲਾਸਾ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਐਸ.ਪੀ (ਡੀ) ਜਸਕਿਰਨਜੀਤ ਸਿੰਘ ਤੇਜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਥਾਨਕ ਪੁਲੀਸ ਦੀ ਹੁਣ ਤੱਕ ਇਹ ਸਭ ਤੋਂ ਵੱਡੀ ਕਾਮਯਾਬੀ ਹੈ। ਇਸ ਮੌਕੇ ਖਰੜ ਦੇ ਡੀਐਸਪੀ ਲਖਵੀਰ ਸਿੰਘ ਟਿਵਾਣਾ ਵੀ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਐਸਐਸਪੀ ਕਪਤਾਨ ਕੁਲਦੀਪ ਸਿੰਘ ਚਾਹਲ ਵੱਲੋਂ ਨਸ਼ਾ ਤਸਕਰਾਂ ਉਤੇ ਪੂਰੀ ਤਰਾਂ ਸ਼ਿਕੰਜਾ ਕਸਣ ਦੇ ਲਈ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਸੀ.ਆਈ.ਏ. ਸਟਾਫ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਅਤੁਲ ਸੋਨੀ, ਐਸਆਈ ਪਵਨ ਕੁਮਾਰ ਵੱਲੋਂ ਖਰੜ ਬੱਸ ਅੱਡੇ ਉੱਤੇ ਮੌਜੂਦ ਸਨ। ਇਸ ਦੌਰਾਨ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਨੋਜ ਕੁਮਾਰ ਉਰਫ਼ ਮਾਮੂ ਵਾਸੀ ਨਾਰੰਗ ਕਲੋਨੀ ਜ਼ਿਲ੍ਹਾ ਸ੍ਰੀ ਮੁਕਸਤਰ, ਗੁਰਸੇਵਕ ਸਿੰਘ ਵਾਸੀ ਪਿੰਡ ਬੂਰਮਾਜਰਾ, ਮੋਰਿੰਡਾ ਚੰਡੀਗੜ੍ਹ ਨੰਬਰ ਦੀ ਚਿੱਟੇ ਰੰਗ ਦੀ ਇਨੋਵਾ ਗੱਡੀ ਵਿੱਚ ਸਵਾਰ ਹੋ ਕੇ ਲਾਂਡਰਾਂ ਵੱਲੋਂ ਖਰੜ ਵੱਲ ਆ ਰਹੇ ਹਨ। ਜੋ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਕਾਫੀ ਸਮੇਂ ਤੋਂ ਸ਼ਾਮਲ ਹਨ। ਅੱਜ ਵੀ ਉਹ ਆਪਣੇ ਪੱਕ ਗ੍ਰਾਹਕਾਂ ਨੂੰ ਇਸ ਦੀ ਸਪਲਾਈ ਦੇਣ ਦੇ ਲਈ ਆ ਰਹੇ ਹਨ।
ਐਸਪੀ ਨੇ ਦੱਸਿਆ ਕਿ ਇਤਲਾਹ ਮਿਲਣ ਤੋਂ ਤੁਰੰਤ ਬਾਅਦ ਪੁਲੀਸ ਨੇ ਨਾਕਾਬੰਦੀ ਕਰਕੇ ਇਨੋਵਾ ਗੱਡੀ ਵਿੱਚ ਸਵਾਰ ਦੋਵੇਂ ਵਿਅਕਤੀਆਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮਨੋਜ ਕੁਮਾਰ ਬੇਹੱਦ ਖਤਰਨਾਕ ਕਿਸਮ ਦਾ ਵਿਅਕਤੀ ਹੈ। ਉਸ ਦਾ ਦੂਜਾ ਸਾਥੀ ਗੁਰਸੇਵਕ ਸਿੰਘ ਟੈਕਸੀ ਚਲਾਉਦਾ ਹੈ ਜੋ ਮੁੱਖ ਮੁਲਜ਼ਮ ਮਨੋਜ ਕੁਮਾਰ ਨਾਲ ਪਿਛਲੇ ਕਰੀਬ 8 ਮਹੀਨੇ ਤੋਂ ਹੈਰੋਇੰਨ ਦੀ ਸਪਲਾਈ ਦਾ ਧੰਦਾ ਕਰਦਾ ਆ ਰਿਹਾ ਸੀ। ਇਹ ਵਿਅਕਤੀ ਇਨੋਵਾ ਗੱਡੀ ਦੇ ਅੱਗੇ-ਪਿੱਛੇ ਲੋਹੇ ਦੀ (ਸੇਫਟੀ ਪਾਇਪ) ਲਗਾ ਰੱਖੀ ਸੀ। ਇਸ ਤੋਂ ਇਲਾਵਾ ਗੱਡੀ ਦੇ ਦੋਵਾਂ ਪਾਸੇ ਫੁੱਟ ਰੈਸਟ ਦੇ ਨਾਲ ਵੀ ਕਰੀਬ 5-6 ਇੰਚ ਦੀ ਚੌੜੀ ਪਾਇਪ ਲੋਹੇ ਦੀ ਲਗਾਈ ਹੋਈ ਸੀ। ਮੁਲਜ਼ਮ ਬੜੀ ਚਲਾਕੀ ਨਾਲ ਇਨ੍ਹਾਂ ਥਾਵਾਂ ’ਤੇ ਹੈਰੋਇਨ ਛੁਪਾ ਕੇ ਰੱਖਦੇ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਵੱਲੋਂ ਗੱਡੀ ਵਿੱਚ ਛੁਪਾ ਕੇ ਰੱਖੀ ਹੋਈ ਹੈਰੋਇਨ ਬਾਰੇ ਪਤਾ ਲਗਾਉਣ ਲਈ ਪੁਲੀਸ ਨੂੰ ਕਾਫੀ ਮਿਹਨਤ ਕਰਨੀ ਪਈ। ਅਖੀਰ ਮਿਹਨਤ ਰੰਗ ਲਿਆਈ ਅਤੇ ਅਪਰਾਧੀਆਂ ਦੇ ਕਾਲੇ ਕਾਰਨਾਮੇ ਸਾਹਮਣੇ ਆ ਗਏ ਅਤੇ ਪੁਲਸ ਨੇ ਪਾਇਪ ਬਾਹਰ ਕੱਢ ਉਸ ਵਿੱਚੋਂ ਹੈਰੋਇਨ ਜਿਸਦਾ ਵਜਨ 2 ਕਿੱਲੋ ਬਣਦਾ ਸੀ ਤੋਂ ਇਲਾਵਾ ਉਨ੍ਹਾਂ ਕੋਲੋਂ ਦੀ 50 ਹਜਾਰ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਦੇ ਖ਼ਿਲਾਫ਼ ਖਰੜਾ ਸਿਟੀ ਥਾਣੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਮੁਲਜ਼ਮ ਮਨੋਜ ਕੁਮਾਰ ਦੇ ਖ਼ਿਲਾਫ਼ ਜ਼ਿਲ੍ਹਾ ਰੂਪਨਗਰ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਵੱਖ-ਵੱਖ ਥਾਣਿਆਂ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਹਨ। ਮੁਲਜ਼ਮ ਜ਼ਿਲ੍ਹਾ ਮੁਕਤਸਰ ਵਿੱਚ ਇਕ ਕਤਲ ਦੇ ਮਾਮਲੇ ਵਿੱਚ ਸਜਾ ਕੱਟ ਰਿਹਾ ਸੀ ਜੋ ਕਿ ਹਾਈਪ੍ਰੋਫਾਇਲ ਨਾਭਾ ਜੇਲ੍ਹ ’ਚੋਂ ਕਰੀਬ ਸਾਲ ਪਹਿਲਾਂ ਪਰੋਲ ’ਤੇ ਛੁੱਟੀ ਕੱਟਣ ਲਈ ਆਇਆ ਸੀ ਲੇਕਿਨ ਬਾਅਦ ਵਿੱਚ ਵਾਪਸ ਜੇਲ੍ਹ ਨਹੀਂ ਗਿਆ ਅਤੇ ਫਰਾਰ ਹੋ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਧੰਦਾ ਸ਼ੁਰੂ ਕਰ ਲਿਆ। ਡੀਐਸਪੀ ਨੇ ਦੱਸਿਆ ਕਿ ਮੁਲਜ਼ਮ ਹੈਰੋਇਨ ਦਿੱਲੀ ਤੋਂ ਲੈ ਕੇ ਆਉਂਦਾ ਸੀ ਅਤੇ ਇਨੋਵਾ ਗੱਡੀ ਵਿੱਚ ਛੁਪਾ ਕੇ ਰੱਖਦਾ ਸੀ। ਉਹ ਨਸ਼ੇ ਦੀ ਸਪਲਾਈ ਸਿਰਫ਼ ਆਪਣੇ ਪੱਕੇ ਗਾਹਕਾਂ ਨੂੰ ਦਿੰਦਾ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਭਲਕੇ ਖਰੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …