
ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ’ਤੇ ਅਤਿਵਾਦੀ ਹਮਲਾ: ਖਰੜ ਵਿੱਚ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ
ਅਮਰਨਾਥ ਯਾਤਰੀਆਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ: ਨਿਸ਼ਾਂਤ ਸ਼ਰਮਾ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 14 ਜੁਲਾਈ
ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਉੱਤੇ ਹੋਏ ਅਤਿਵਾਦੀ ਹਮਲੇ ਦੇ ਵਿਰੋਧ ਵਿੱਚ ਸ਼ਿਵ ਸੈਨਾ (ਹਿੰਦੂ) ਅਤੇ ਹੋਰ ਵੱਖ ਵੱਖ ਹਿੰਦੂ ਸੰਗਠਨਾਂ ਵੱਲੋਂ ਅੱਜ ਪੰਜਾਬ ਬੰਦ ਦਾ ਖਰੜ ਸ਼ਹਿਰ ਵਿੱਚ ਕਾਫੀ ਅਸਰ ਦੇਖਿਆ। ਸ੍ਰੀ ਅਮਰਨਾਥ ਯਾਤਰਾ ਦੇ ਗਏ ਹੋਏ ਸ਼ਰਧਾਲੂਆਂ ਤੇ ਅੱਤਵਾਦੀਆਂ ਵੱਲੋਂ ਕੀਤੇ ਜਾ ਰਹੇ ਵਾਰ ਵਾਰ ਹਮਲਿਆਂ ਦੇ ਰੋਸ ਵਜੋਂ ਖਰੜ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਦੁਕਾਨਦਾਰਾਂ ਨੇ ਪਾਕਿਸਤਾਨ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਸਮੂਹ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਸ੍ਰੀ ਅਮਰਨਾਥ ਯਾਤਰਾ ਦੇ ਯਾਤਰੀਆਂ ਤੇ ਕੀਤੇ ਗਏ ਹਮਲੇ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਭਵਿੱਖ ਇਹੋ ਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਉਧਰ, ਸ਼ਿਵ ਸੈਨਾ (ਹਿੰਦੂ) ਦੇ ਕੌਮੀ ਪ੍ਰਧਾਨ ਨਿਸ਼ਾਤ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਅਤਿਵਾਦ ਨਾਲ ਸਖ਼ਤੀ ਨਾਲ ਨਜਿੱਠਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਅਤਿਵਾਦੀਆਂ ਨੂੰ ਸਿਖਲਾਈ ਦੇ ਕੇ ਭਾਰਤ ਅਤੇ ਪੰਜਾਬ ਵਿੱਚ ਸਮਾਂ ਮਿਲਦੇ ਹੀ ਹਮਲਾ ਕਰ ਦਿੰਦੇ ਹਨ। ਇਸ ਦੌਰਾਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਅਤੇ ਦੇਸ਼ ਦੀ ਸਰਹੱਦਾ ’ਤੇ ਰਾਖੀ ਕਰਦੇ ਫੌਜੀਆਂ ਦੇ ਸਿਰ ਕਲਮ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅਮਰਨਾਥ ਯਾਤਰੀਆਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਜਾਂ ਸ਼ਿਵ ਸੈਨਾ (ਹਿੰਦੂ) ਨੂੰ ਰੱਖਿਆ ਕਰਨ ਦੇ ਸਾਰੇ ਅਧਿਕਾਰ ਦਿੱਤੇ ਜਾਣ।