ਖਰੜ ਟਿਕਟ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਧੜਿਆਂ ਨੇ ਕੰਗ ਤੇ ਬਡਾਲੀ ਵਿਰੁੱਧ ਮੋਰਚਾ ਖੋਲ੍ਹਿਆ

ਭੁਪਿੰਦਰ ਸਿੰਗਾਰੀਵਾਲ
ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 28 ਦਸੰਬਰ:
ਪੰਜਾਬ ਵਿੱਚ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਖਰੜ ਹਲਕੇ ਵਿੱਚ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਕਾਂਗਰਸ ਅਤੇ ਅਕਾਲੀ ਦਲ ਵਿੱਚ ਸਿਆਸੀ ਯੁੱਧ ਛਿੜ ਗਿਆ ਹੈ। ਇੱਕ ਪਾਸੇ ਜਿਥੇ ਕਾਂਗਰਸੀ ਵਿਧਾਇਕ ਜਗਮੋਹਨ ਸਿੰਘ ਕੰਗ ਨੂੰ ਖਰੜ ਤੋਂ ਦੁਬਾਰਾ ਟਿਕਟ ਦੇਣ ਕਾਰਨ ਬੀਬੀ ਲਖਵਿੰਦਰ ਕੌਰ ਗਰਚਾ ਦੇ ਸਮਰਥਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਥੇ ਹੁਣ ਵੱਖ-ਵੱਖ ਧੜਿਆਂ ਵਿੱਚ ਵੰਡੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਇੱਕ ਸਾਂਝੀ ਮੀਟਿੰਗ ਕਰਕੇ ਆਪਣੇ ਮਨ ਪਸੰਦ ਅਤੇ ਇਲਾਕੇ ਦੇ ਕਿਸੇ ਸੂਝਵਾਨ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਨ ਦੀ ਮੰਗ ਨੂੰ ਲੈ ਕੇ ਇਕਸੁਰਤਾ ਪ੍ਰਗਟਾਉਣ ਕਾਰਨ ਹਲਕਾ ਇੰਚਾਰਜ ਜਥੇਦਾਰ ਉਜਾਗਰ ਸਿੰਘ ਬਡਾਲੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਹਲਕਾ ਖਰੜ ਵਿੱਚ ਜਥੇਦਾਰ ਬਡਾਲੀ ਅਤੇ ਸੀਨੀਅਰ ਯੂਥ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਹਾਈ ਕਮਾਂਡ ਕੋਲ ਟਿਕਟ ਹਾਸਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ। ਨੌਜਵਾਨ ਆਗੂ ਪਡਿਆਲਾ ਸਮਰਥਕਾਂ ਵੱਲੋਂ ਪਾਰਟੀ ਦੇ ਹੱਕ ਵਿੱਚ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਅਤੇ ਬਡਾਲੀ ਤੋਂ ਨਰਾਜ਼ ਸਥਾਨਕ ਆਗੂਆਂ ਨੂੰ ਆਪਣੇ ਰਾਹੀਂ ਪਾਰਟੀ ਨਾਲ ਜੋੜ ਕੇ ਰੱਖਦਿਆਂ ਟਿਕਟ ਲਈ ਦਾਅਵੇਦਾਰੀ ਜਤਾਈ ਜਾ ਰਹੀ ਹੈ। ਉਥੇ ਬਡਾਲੀ ਧੜੇ ਵੱਲੋਂ ਆਪਣੇ ਵੀ ਕੁੱਝ ਆਗੂਆਂ ਦੇ ਵਿਰੋਧ ਕਾਰਨ ਟਿਕਟ ਖੁੱਸਣ ਦੀਆਂ ਖ਼ਬਰਾਂ ਤੋਂ ਬਾਅਦ ਹਾਈ ਕਮਾਂਡ ਕੋਲ ਪਹੁੰਚ ਕੇ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਬਡਾਲੀ ਨੂੰ ਟਿਕਣ ਦੇਣ ਦੀ ਮੰਗ ਕੀਤੀ ਹੈ।
ਉਧਰ, ਪਿਛਲੀਆਂ ਚੋਣਾਂ ਦੌਰਾਨ ਬਸਪਾ ਦੀ ਟਿਕਟ ’ਤੇ 22 ਹਜ਼ਾਰ ਤੋਂ ਵੋਟਾਂ ਪ੍ਰਾਪਤ ਕਰਨ ਵਾਲੇ ਅਕਾਲੀ ਆਗੂ ਚੌਧਰੀ ਅਰਜਨ ਸਿੰਘ ਦੀ ਅਗਵਾਈ ਵਿੱਚ ਯੂਥ ਅਕਾਲੀ ਆਗੂ ਕੁਲਦੀਪ ਸਿੰਘ ਸਿੱਧੂ, ਭਾਜਪਾ ਆਗੂ ਸ਼ਿਆਮ ਲਾਲ ਗੁੱਜਰ, ਭਾਜਪਾ ਕੌਂਸਲਰ ਇਕਬਾਲ ਸਿੰਘ ਸੈਣੀ ਅਤੇ ਨਗਰ ਕੌਂਸਲ ਪ੍ਰਧਾਨ ਦੇ ਪਤੀ ਗੁਰਪ੍ਰੀਤ ਸਿੰਘ ਨੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਲਿਖੇ ਪੱਤਰ ਰਾਹੀਂ ਬਡਾਲੀ ਪਰਿਵਾਰ ਨੂੰ ਟਕਟ ਦੇਣ ਦਾ ਵਿਰੋਧ ਕਰਦਿਆਂ ਹੋਰ ਕਿਸੇ ਵੀ ਉਮੀਦਵਾਰ ਨੂੰ ਜਿਤਾਉਣ ਦਾ ਪੂਰਾ ਭਰੋਸਾ ਦਿਵਾਇਆ ਹੈ।
ਇਸੇ ਤਰ੍ਹਾਂ ਸਵਰਗੀ ਸ਼ੇਰ ਸਿੰਘ ਡੂਮਛੇੜੀ ਦੇ ਟਕਸਾਲੀ ਅਕਾਲੀ ਪਰਿਵਾਰ ਦੇ ਫਰਜੰਦ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਵਿੰਦਰ ਸਿੰਘ ਡੂਮਛੇੜੀ ਨੇ ਹਲਕੇ ਵਿੱਚ ਕੰਮ ਕਰਨ ਵਾਲੇ ਕਿਸੇ ਵੀ ਆਗੂ ਦੀ ਬਜਾਏ ਜਥੇਦਾਰ ਬਡਾਲੀ ਅਤੇ ਇੱਥੋਂ ਤੱਕ ਕਿ ਸੁਖਵੀਰ ਬਾਦਲ ਵੱਲੋਂ ਵੀ ਇੱਥੋਂ ਖ਼ੁਦ ਲੜਨ ਖ਼ਿਲਾਫ਼ ਅਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ। ਸ੍ਰੀ ਛੂਮਛੇੜੀ ਦੇ ਇਸ ਫੈਸਲੇ ਨੇ ਹੁਕਮਰਾਨਾਂ ਦੀ ਨੀਂਦ ਉੱਡਾ ਦਿੱਤੀ ਹੈ। ਉਂਜ ਡੂਮਛੇੜੀ ਪਰਿਵਾਰ ਦਾ ਇਲਾਕੇ ਵਿੱਚ ਕਾਫੀ ਚੰਗਾ ਅਸਰ ਰਸੂਖ ਹੈ। ਇਥੇ ਹੀ ਬੱਸ ਨਹੀਂ ਖਰੜ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਗੁਰਪ੍ਰੇਮ ਸਿੰਘ ਰੋਮਾਣਾ, ਸਰਪੰਚ ਹਰਜਿੰਦਰ ਸਿੰਘ ਮੁੰਧੋਂ ਅਤੇ ਭਾਜਪਾ ਆਗੂ ਅਰਵਿੰਦ ਪੁਰੀ ਨੇ ਵੀ ਬਡਾਲੀ ਪਰਿਵਾਰ ਦੇ ਖ਼ਿਲਾਫ਼ ਪਿਛਲੇ ਕਾਫੀ ਸਮੇਂ ਤੋਂ ਸ਼ਾਂਤਮਈ ਸੰਘਰਸ਼ ਵਿੱਢ ਰੱਖਿਆ ਹੈ। ਇੰਝ ਹੀ ਪਿਛਲੇ ਦਿਨੀਂ ਜਥੇਦਾਰ ਬਡਾਲੀ ਰਾਹੀਂ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋਏ ਗੁਰਧਿਆਨ ਸਿੰਘ ਕਰੋਰਾਂ ਨੇ ਵੀ ਕਿਹਾ ਕਿ ਸੁਖਵੀਰ ਬਾਦਲ ਤੋਂ ਬਿਨ੍ਹਾਂ ਜੇਕਰ ਕੋਈ ਹੋਰ ਉਮੀਦਵਾਰ ਖਰੜ ਤੋਂ ਚੋਣ ਮੈਦਾਨ ਵਿੱਚ ਉਤਾਰਿਆਂ ਜਾਂਦਾ ਹੈ ਤਾਂ ਉਹ ਖ਼ੁਦ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…