nabaz-e-punjab.com

ਮੁਖ਼ਤਿਆਰਨਾਮੇ ਵਿੱਚ ਧੋਖਾਧੜੀ ਕਰਨ ਦੇ ਦੋਸ਼ ਹੇਠ ਖਰੜ ਦਾ ਨੰਬਰਦਾਰ ਗੁਲਜ਼ਾਰ ਸਿੰਘ ਬਰਖ਼ਾਸਤ

ਡੀਸੀ ਵੱਲੋਂ ਨੰਬਰਦਾਰ ਦੀ ਖਾਲੀ ਹੋਈ ਆਸਾਮੀ ਨੂੰ ਤੁਰੰਤ ਭਰਨ ਲਈ ਤਹਿਸੀਲਦਾਰ ਖਰੜ ਨੂੰ ਦਿੱਤੇ ਨਿਰਦੇਸ਼

7 ਵਿਅਕਤੀਆਂ ਵੱਲੋਂ ਬਣਾਏ ਗਏ ਮੁਖ਼ਤਿਆਰਨਾਮਾ ਵਿੱਚ ਇੱਕ ਵਿਅਕਤੀ ਮ੍ਰਿਤਕ ਸੀ, ਇੱਕ ਮੌਕੇ ’ਤੇ ਨਹੀਂ ਸੀ ਹਾਜ਼ਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੁਲਾਈ:
ਖਰੜ ਤਹਿਸੀਲ ਕੰਪਲੈਕਸ ਦੇ ਨੰਬਰਦਾਰ ਗੁਲਜ਼ਾਰ ਸਿੰਘ ਨੂੰ ਮੁਖ਼ਤਿਆਰਨਾਮੇ ਵਿੱਚ ਧੋਖਾਧੜੀ ਦੇ ਦੋਸ਼ ਵਿੱਚ ਤੁਰੰਤ ਪ੍ਰਭਾਵ ਨਾਲ ਬਰਖ਼ਾਸਤ ਕੀਤਾ ਗਿਆ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਕੁਲੈਕਟਰ ਗੁਰਪ੍ਰੀਤ ਕੌਰ ਸਪਰਾ ਨੇ ਪੰਜਾਬ ਲੈਂਡ ਰੈਵੀਨਿਊ ਰੂਲਜ਼ 16 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮੁਖ਼ਤਿਆਰਨਾਮੇ ਵਿੱਚ ਧੋਖਾਧੜੀ ਕਰਨ ਦੇ ਦੋਸ਼ ਵਿੱਚ ਨੰਬਰਦਾਰ ਗੁਲਜ਼ਾਰ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਖਰੜ (ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਨੂੰ ਨੰਬਰਦਾਰੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਹੈ ਅਤੇ ਨੰਬਰਦਾਰੀ ਦੀ ਖਾਲੀ ਹੋਈ ਆਸਾਮੀ ਨੂੰ ਤੁਰੰਤ ਭਰਨ ਲਈ ਖਰੜ ਦੇ ਤਹਿਸੀਲਦਾਰ ਨੂੰ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਤਹਿਸੀਲਦਾਰ ਨੂੰ ਆਖਿਆ ਹੈ ਕਿ ਖਰੜ ਵਿੱਚ ਮੁਸ਼ਤਰੀ ਮੁਨਾਦੀ ਕਰਵਾ ਕੇ ਇੱਕ ਮਹੀਨੇ ਦੇ ਅੰਦਰ-ਅੰਦਰ ਯੋਗ ਅਤੇ ਚਾਹਵਾਨ ਵਿਅਕਤੀਆਂ ਕੋਲੋਂ ਦਰਖ਼ਾਸਤਾਂ ਪ੍ਰਾਪਤ ਕਰਕੇ ਇਸ ਕੰਮ ਨੂੰ ਛੇਤੀ ਨੇਪਰੇ ਚਾੜ੍ਹਿਆ ਜਾਵੇ ਤਾਂ ਜੋ ਤਹਿਸੀਲ ਕੰਪਲੈਕਸ ਵਿੱਚ ਆਪਣੇ ਕੰਮਾਂ ਕਾਰਾਂ ਲਈ ਆਉਂਦੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਵਿੱਚ ਇੱਕ ਪੱਤਰ ਪ੍ਰਾਪਤ ਹੋਇਆ ਸੀ। ਜਿਸ ਵਿੱਚ ਲਿਖਿਆ ਗਿਆ ਹੈ ਕਿ ਇੱਕ ਮੁਖ਼ਤਿਆਰਨਾਮਾ ਆਮ ਨੰਬਰ 72/4 ਮਿਤੀ 28 ਮਈ 2012 ਨੂੰ ਤਰਸੇਮ ਮਿੱਤਲ ਸਬ ਰਜਿਸਟਰਾਰ ਖਰੜ ਵੱਲੋਂ ਤਸਦੀਕ ਕੀਤਾ ਗਿਆ। ਇਹ ਮੁਖ਼ਤਿਆਰਨਾਮਾ 7 ਵਿਅਕਤੀਆਂ ਵੱਲੋਂ ਬਣਾਇਆ ਗਿਆ ਸੀ। ਮੁਖ਼ਤਿਆਰਨਾਮੇ ਵਿੱਚ ਜਿਨ੍ਹਾਂ 7 ਵਿਅਕਤੀਆਂ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ’ਚੋਂ ਇੱਕ ਵਿਅਕਤੀ ਮਰਿਆ ਹੋਇਆ ਸਾਬਤ ਹੋਇਆ ਹੈ ਜਦੋਂਕਿ ਇੱਕ ਵਿਅਕਤੀ ਮੌਕੇ ’ਤੇ ਹਾਜ਼ਰ ਹੀ ਨਹੀਂ ਸੀ। ਇਸ ਦੇ ਬਾਵਜੂਦ ਦੇ ਨੰਬਰਦਾਰ ਗੁਲਜ਼ਾਰ ਸਿੰਘ ਨੇ ਬਿਨਾਂ ਕੁਝ ਦੇਖੇ ਭਾਲੇ ਮ੍ਰਿਤਕ ਵਿਅਕਤੀ ਅਤੇ ਗੈਰ ਹਾਜ਼ਰ ਵਿਅਕਤੀ ਨੂੰ ਹਾਜ਼ਰ ਦੱਸ ਕੇ ਮੁਖ਼ਤਿਆਰਨਾਮੇ ਆਮ ਦੀ ਗਲਤ ਤਸਦੀਕ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤਰ੍ਹਾਂ ਕਰਕੇ ਨੰਬਰਦਾਰ ਗੁਲਜ਼ਾਰ ਸਿੰਘ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਧੋਖਾ ਦਿੱਤਾ ਗਿਆ ਹੈ ਅਤੇ ਉਹ ਗੰਭੀਰ ਦੋਸ਼ਾਂ ਦੇ ਭਾਗੀ ਬਣੇ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੁਲੀਸ ਮੁਖੀ ਤੋਂ ਮੰਗੀ ਰਿਪੋਰਟ ਅਨੁਸਾਰ ਨੰਬਰਦਾਰ ਗੁਲਜ਼ਾਰ ਸਿੰਘ ਦੇ ਖ਼ਿਲਾਫ਼ ਪਹਿਲਾਂ ਹੀ ਕਿਸੇ ਇੱਕ ਹੋਰ ਮੁਕੱਦਮਾ ਦਰਜ ਹੋਣ ਕਾਰਨ 21 ਮਈ 2018 ਤੋਂ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…