Nabaz-e-punjab.com

ਅਗਵਾ ਕੇਸ: ਸੀਬੀਆਈ ਅਦਾਲਤ ਵੱਲੋਂ ਸਾਬਕਾ ਇੰਸਪੈਕਟਰ ਨੂੰ 6 ਸਾਲ ਦੀ ਕੈਦ, ਸਿਪਾਹੀ ਰਿਹਾਅ

ਮੁਲਜ਼ਮਾਂ ਨੂੰ ਸਿਰਫ਼ ਨੌਜਵਾਨਾਂ ਨੂੰ ਅਗਵਾ ਕਰਕੇ ਨਾਜਾਇਜ਼ ਹਿਰਾਸਤ ਵਿੱਚ ਰੱਖਣ ਦੇ ਦੋਸ਼ ਵਿੱਚ ਸੁਣਵਾਈ ਗਈ ਹੈ ਸਜ਼ਾ

ਦੋ ਮੁਲਜ਼ਮਾਂ ਦੀ ਹੋ ਚੁੱਕੀ ਹੈ ਮੌਤ, ਸੀਬੀਆਈ ਨੌਜਵਾਨਾਂ ਦੇ ਕਤਲ ਦਾ ਸੁਰਾਗ ਲਗਾਉਣ ’ਚ ਨਾਕਾਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਸਤੰਬਰ:
ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਇਕ ਨੌਜਵਾਨ ਨੂੰ ਅਗਵਾ ਕਰਨ ਸਬੰਧੀ 25 ਸਾਲ ਪੁਰਾਣੇ ਕੇਸ ਦਾ ਨਿਬੇੜਾ ਕਰਦਿਆਂ ਪੰਜਾਬ ਪੁਲੀਸ ਦੇ ਇੰਸਪੈਕਟਰ (ਸੇਵਾਮੁਕਤ) ਜੋਗਿੰਦਰ ਸਿੰਘ ਅਤੇ ਸਿਪਾਹੀ (ਸੇਵਾਮੁਕਤ) ਜਗਜੀਤ ਸਿੰਘ ਨੂੰ ਦੋਸ਼ੀ ਠਹਿਰਾਉਂਦੇ ਹੋਏ ਸਾਬਕਾ ਇੰਸਪੈਕਟਰ ਨੂੰ 6 ਸਾਲ ਅਤੇ ਸਾਬਕਾ ਸਿਪਾਹੀ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ।
ਪੀੜਤ ਪਰਿਵਾਰ ਦੇ ਵਕੀਲਾਂ ਸਤਨਾਮ ਸਿੰਘ ਬੈਂਸ, ਸਰਬਜੀਤ ਸਿੰਘ ਵੇਰਕਾ ਅਤੇ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਹਾਈ ਕੋਰਟ ਨੇ 1997 ਵਿੱਚ ਇਸ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕੀਤੀ ਗਈ ਸੀ। ਸੀਬੀਆਈ ਦੀ ਮੁੱਢਲੀ ਜਾਂਚ ਵਿੱਚ ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਕਸੂਰਵਾਰ ਠਹਿਰਾਇਆ ਗਿਆ ਸੀ ਅਤੇ ਸਿਪਾਹੀ ਜਗਜੀਤ ਸਿੰਘ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਸੀ। ਹਾਲਾਂਕਿ ਪੀੜਤ ਪਰਿਵਾਰ ਵੱਲੋਂ ਮੁਲਜ਼ਮਾਂ ’ਤੇ ਨੌਜਵਾਨ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਦੇਣ ਦਾ ਦੋਸ਼ ਵੀ ਲਾਇਆ ਗਿਆ ਸੀ ਪ੍ਰੰਤੂ ਜਾਂਚ ਏਜੰਸੀ ਹੱਤਿਆ ਦੇ ਦੋਸ਼ ਸਾਬਤ ਨਹੀਂ ਕਰ ਸਕੀ। ਜਿਸ ਕਾਰਨ ਅਦਾਲਤ ਨੇ ਨੌਜਵਾਨ ਨੂੰ ਅਗਵਾ ਕਰਨ ਦੀ ਧਾਰਾ 365 ਵਿੱਚ ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਨੂੰ 6 ਸਾਲ ਦੀ ਕੈਦ 20 ਹਜ਼ਾਰ ਰੁਪਏ ਜੁਰਮਾਨਾ, ਨਾਜਾਇਜ਼ ਹਿਰਾਸਤ ਵਿੱਚ ਰੱਖਣ ਦੇ ਦੋਸ਼ ਦੀ ਧਾਰਾ 344 ਵਿੱਚ 2 ਸਾਲ ਦੀ ਕੈਦ ਅਤੇ 5 ਹਜ਼ਾਰ ਜੁਰਮਾਨਾ ਅਤੇ ਸਿਪਾਹੀ ਜਗਜੀਤ ਸਿੰਘ ਨੂੰ 1 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਬਾਅਦ ਵਿੱਚ ਅਦਾਲਤ ਨੇ ਸਿਪਾਹੀ ਜਗਜੀਤ ਸਿੰਘ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ। ਇਸ ਸਬੰਧੀ ਦੋਸ਼ੀ ਵੱਲੋਂ ਮੁਚੱਲਕਾ ਵੀ ਭਰਿਆ ਗਿਆ ਹੈ।
ਜਾਣਕਾਰੀ ਅਨੁਸਾਰ ਫਰਵਰੀ 1993 ਵਿੱਚ ਪੰਜਾਬ ਪੁਲੀਸ ਵੱਲੋਂ ਦੋ ਸਕੇ ਭਰਾਵਾਂ ਬਲਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਘਰ ’ਚੋਂ ਜ਼ਬਰਦਸਤੀ ਚੁੱਕ ਲਿਆ ਗਿਆ ਸੀ। ਉਸ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਬਾਰੇ ਕੋਲ ਸੁਰਾਗ ਨਹੀਂ ਮਿਲਿਆ। ਢਾਈ ਦਹਾਕੇ ਦਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਦੋਵੇਂ ਭਰਾਵਾਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆ ਹਨ। ਇਸ ਸਬੰਧੀ ਪ੍ਰਤਾਪ ਨਗਰ ਪਟਿਆਲਾ ਦੇ ਵਸਨੀਕ ਧਰਮ ਸਿੰਘ ਨੇ ਪੁਲੀਸ ਦੇ ਬਹੁਤ ਤਰਲੇ ਕੱਢੇ ਗਏ ਅਤੇ ਪੁਲੀਸ ਨੇ ਕੋਈ ਆਈ ਗਈ ਨਹੀਂ ਦਿੱਤੀ। ਇਸ ਮਗਰੋਂ ਹਾਈ ਕੋਰਟ ਦੇ ਦਖ਼ਲ ਮਗਰੋਂ ਪੀੜਤ ਦੀ ਸ਼ਿਕਾਇਤ ’ਤੇ ਉਸ ਸਮੇਂ ਦੇ ਇੰਸਪੈਕਟਰ ਜੋਗਿੰਦਰ ਸਿੰਘ, ਇੰਸਪੈਕਟਰ ਗੁਰਨਾਮ ਸਿੰਘ, ਸਬ ਇੰਸਪੈਕਟਰ ਹਰਭਜਨ ਸਿੰਘ ਅਤੇ ਸਿਪਾਹੀ ਜਗਜੀਤ ਸਿੰਘ ਦੇ ਖ਼ਿਲਾਫ਼ ਸ਼ਿਕਾਇਤ ਕਰਤਾ ਦੇ ਦੋ ਪੁੱਤਰਾਂ ਨੂੰ ਘਰੋਂ ਅਗਵਾ ਕਰਕੇ ਮਾਰ ਮੁਕਾਉਣ ਦੇ ਦੋਸ਼ ਅਧੀਨ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਮੁਲਾਜ਼ਮਾਂ ਦੇ ਖ਼ਿਲਾਫ਼ ਧਾਰਾ 302, 365 ਅਤੇ 344 ਅਧੀਨ ਵੱਖ ਵੱਖ ਕੇਸ ਦਰਜ ਕੀਤੇ ਗਏ ਸੀ। ਦੱਸਿਆ ਗਿਆ ਹੈ ਕਿ ਇਸ ਮਾਮਲੇ ਵਿੱਚ ਨਾਮਜ਼ਦ ਇੰਸਪੈਕਟਰ ਗੁਰਨਾਮ ਸਿੰਘ ਅਤੇ ਸਬ ਇੰਸਪੈਕਟਰ ਹਰਭਜਨ ਸਿੰਘ ਦੀ ਮੌਤ ਹੋ ਚੁੱਕੀ ਹੈ। ਉਧਰ, ਇਨਸਾਫ਼ ਨੂੰ ਉਡੀਕਦੇ ਹੋਏ ਨੌਜਵਾਨ ਦਾ ਪਿਤਾ ਧਰਮ ਸਿੰਘ ਅਤੇ ਮਾਂ ਚਰਨ ਕੌਰ ਵੀ ਅਕਾਲ ਚਲਾਣਾ ਕਰ ਗਏ ਹਨ।
(ਬਾਕਸ ਆਈਟਮ)
ਪੀੜਤ ਪਰਿਵਾਰ ਦੇ ਵਕੀਲਾਂ ਸਤਨਾਮ ਸਿੰਘ ਬੈਂਸ, ਸਰਬਜੀਤ ਸਿੰਘ ਵੇਰਕਾ ਅਤੇ ਪੁਸ਼ਪਿੰਦਰ ਸਿੰਘ ਦਾ ਕਹਿਣਾ ਹੈ ਕਿ ਧਾਰਾ 365 ਵਿੱਚ ਦੋਸ਼ੀਆਂ ਨੂੰ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਦੀ ਵਿਵਸਥਾ ਹੈ ਪ੍ਰੰਤੂ ਅਦਾਲਤ ਨੇ ਦੋਸ਼ੀਆਂ ਨੂੰ ਬਹੁਤ ਘੱਟ ਸਜ਼ਾ ਸੁਣਾਈ ਗਈ ਹੈ। ਵਕੀਲਾਂ ਨੇ ਕਿਹਾ ਕਿ ਅਦਾਲਤ ਨੇ ਤਾਜ਼ਾ ਹੁਕਮਾਂ ਦੀ ਕਾਪੀ ਹਾਸਲ ਕਰਨ ਤੋਂ ਬਾਅਦ ਉੱਚ ਅਦਾਲਤ ਵਿੱਚ ਪ੍ਰੋਟੈਸਟ ਪਟੀਸ਼ਨ ਦਾਇਰ ਕੀਤੀ ਜਾਵੇਗੀ।
(ਬਾਕਸ ਆਈਟਮ)
ਪਹਿਲਾਂ ਇਹ ਕੇਸ ਪਟਿਆਲਾ ਸਥਿਤ ਸੀਬੀਆਈ ਦੀ ਅਦਾਲਤ ਵਿੱਚ ਚਲਦਾ ਸੀ। ਅਦਾਲਤ ਨੇ 2013 ਵਿੱਚ ਬਲਵਿੰਦਰ ਸਿੰਘ ਨੂੰ ਅਗਵਾ ਕਰਨ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਸੀ। ਤੱਦ ਸਾਬਕਾ ਐੱਸਐੱਸਪੀ ਅਜਾਇਬ ਸਿੰਘ, ਸਾਬਕਾ ਏਐੱਸਆਈ ਸ਼ਿਆਮ ਲਾਲ ਤੇ ਸਬ ਇੰਸਪੈਕਟਰ ਹਜ਼ੂਰ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਵਿਰੁੱਧ ਦੋਸ਼ ਸਿੱਧ ਨਹੀਂ ਹੋ ਸਕੇ ਸਨ। ਇਕ ਹੋਰ ਮੁਲਜ਼ਮ ਐੱਸਪੀ ਮਦਨਜੀਤ ਸਿੰਘ ਦਾ ਪਹਿਲਾਂ 2012 ਵਿੱਚ ਹੀ ਦੇਹਾਂਤ ਹੋ ਗਿਆ ਸੀ।
ਅਗਵਾ ਦਾ ਇਹ ਮਾਮਲਾ 1994 ਵਿੱਚ ਨੌਜਵਾਨ ਦੇ ਪਿਤਾ ਧਰਮ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਜਿਨ੍ਹਾਂ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਦੋ ਪੁੱਤਰਾਂ ਬਲਵਿੰਦਰ ਸਿੰਘ ਤੇ ਗੁਰਿੰਦਰ ਸਿੰਘ ਨੂੰ ਪ੍ਰਤਾਪ ਨਗਰ, ਪਟਿਆਲਾ ਤੋਂ ਅਗ਼ਵਾ ਕੀਤਾ ਗਿਆ ਸੀ। ਦੋਸ਼ ਤਾਂ ਇਹ ਵੀ ਸੀ ਕਿ ਪੰਜਾਬ ਪੁਲੀਸ ਨੇ ਕਥਿਤ ਤੌਰ ਉੱਤੇ ਇਨ੍ਹਾਂ ਦੋਵੇਂ ਭਰਾਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਪ੍ਰੰਤੂ ਬਾਅਦ ਵਿੱਚ ਜਾਂਚ ਏਜੰਸੀ ਹੱਤਿਆ ਦੇ ਦੋਸ਼ ਸਾਬਤ ਨਹੀਂ ਕਰ ਸਕੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …